ਜੈਸ਼ੰਕਰ ਨੇ ਆਸੀਆਨ ਦੇਸ਼ਾਂ ਦੇ ਹਮਰੁਤਬਾ ਆਗੂਆਂ ਨਾਲ ਦੁਵੱਲੀਆਂ ਮੀਟਿੰਗਾਂ ਕੀਤੀਆਂ

ਜੈਸ਼ੰਕਰ ਨੇ ਆਸੀਆਨ ਦੇਸ਼ਾਂ ਦੇ ਹਮਰੁਤਬਾ ਆਗੂਆਂ ਨਾਲ ਦੁਵੱਲੀਆਂ ਮੀਟਿੰਗਾਂ ਕੀਤੀਆਂ

ਵਿਅਨਤਿਆਨੇ (ਇੰਡੋ ਕਨੇਡੀਅਨ ਟਾਇਮਜ਼) ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਆਸੀਆਨ ਦੀ ਮੀਟਿੰਗ ਤੋਂ ਇਕ ਪਾਸੇ ਫਿਲਪੀਨਜ਼ ਦੇ ਆਪਣੇ ਹਮਰੁਤਬਾ ਐੱਮ ਮਨਾਲੋ ਅਤੇ ਨਾਰਵੇ ਦੇ ਐਸਪੇਨ ਬਾਰਥ ਈਡੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਹਿੰਦ-ਪ੍ਰਸ਼ਾਂਤ ਖੇਤਰ ਦੀਆਂ ਤਰਜੀਹਾਂ ਬਾਰੇ ਚਰਚਾ ਕੀਤੀ।

ਜੈਸ਼ੰਕਰ ਨੇ ਤਿਮੋਰ ਲੈਸਤੇ ਦੇ ਵਿਦੇਸ਼ ਮੰਤਰੀ ਬੈਂਡਿਟੋ ਫਰੇਟਾਸ ਅਤੇ ਕੰਬੋਡੀਆ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਸੋਕ ਚੈਂਦਾ ਸੋਫੀਆ ਨਾਲ ਵੀ ਦੁਵੱਲੀ ਮੀਟਿੰਗ ਕੀਤੀ। ਜੈਸ਼ੰਕਰ ਤੇ ਹੋਰ ਸਾਰੇ ਆਗੂ ਇਸ ਸਮੇਂ ਲਾਓ ਪੀਪਲਜ਼ ਡੈਮੋਕਰੈਟਿਕ ਰਿਪਬਲਿਕ (ਲਾਓਸ) ਦੀ ਰਾਜਧਾਨੀ ਵਿਅਨਤਿਆਨ ਵਿੱਚ ਆਸੀਆਨ ਢਾਂਚੇ ਤਹਿਤ ਆਸੀਆਨ-ਭਾਰਤ, ਪੂਰਬੀ ਏਸ਼ੀਆ ਸਿਖਰ ਸੰਮੇਲਨ (ਈਏਐੱਸ) ਅਤੇ ਆਸੀਆਨ ਖੇਤਰੀ ਫੋਰਮ (ਏਆਰਐੱਫ) ਵਿੱਚ ਹਿੱਸਾ ਲੈਣ ਲਈ ਮੌਜੂਦ ਹਨ।

ਜੈਸ਼ੰਕਰ ਦੀ ਦੱਖਣੀ ਪੂਰਬੀ ਏਸ਼ਿਆਈ ਹਮਰੁਤਬਾ ਆਗੂਆਂ ਨਾਲ ਗੱਲਬਾਤ ਮੁੱਖ ਤੌਰ ’ਤੇ ਦੁਵੱਲੇ ਸਬੰਧਾਂ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਭੂ-ਸਿਆਸੀ ਹਾਲਾਤ ’ਤੇ ਕੇਂਦਰਿਤ ਰਹੀ ਜਦਕਿ ਉਨ੍ਹਾਂ ਨਾਰਵੇ ਦੇ ਆਗੂ ਨਾਲ ਮੁਕਤ ਵਪਾਰ ਸਮਝੌਤੇ (ਐੱਫਟੀਏ) ’ਤੇ ਚਰਚਾ ਕੀਤੀ। ਨਾਰਵੇ ਦੇ ਵਿਦੇਸ਼ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਜੈਸ਼ੰਕਰ ਨੇ ਕਿਹਾ, ‘‘ਅੱਜ ਐਸਪੇਨ ਬਾਰਥ ਈਡੇ ਨਾਲ ਮੁਲਾਕਾਤ ਚੰਗੀ ਰਹੀ। ਭਾਰਤ ਤੇ ਨਾਰਵੇ ਦੀ ਸਵੱਛ ਊਰਜਾ ਤੇ ਵਪਾਰ ਵਿੱਚ ਸਾਂਝੇਦਾਰੀ ਜਾਰੀ ਰਹੇਗੀ। ਅਸੀਂ ਦੋਹਾਂ ਦੇਸ਼ਾਂ ਦੀ ਬਿਹਤਰੀ ਲਈ ਯੂਰਪ ਮੁਕਤ ਵਪਾਰ ਸਮਝੌਤੇ (ਈਐੱਫਟੀਏ) ਨੂੰ ਅਮਲ ਵਿੱਚ ਲਿਆਉਣ ਲਈ ਵਚਨਬੱਧ ਹਾਂ। ਇਸ ਦੌਰਾਨ ਭੂ-ਰਾਜਨੀਤਕ ਹਾਲਾਤ ’ਤੇ ਵੀ ਚਰਚਾ ਹੋਈ।’’

sant sagar