ਮੇਟਾ ਨੇ ਛਾਂਟੀ ਤੋਂ ਪ੍ਰਭਾਵਿਤ H-1B ਵੀਜ਼ਾ ਧਾਰਕਾਂ ਨੂੰ ਦਿੱਤਾ ਇਮੀਗ੍ਰੇਸ਼ਨ ਮਦਦ ਦਾ ਭਰੋਸਾ

ਮੇਟਾ ਨੇ ਛਾਂਟੀ ਤੋਂ ਪ੍ਰਭਾਵਿਤ H-1B ਵੀਜ਼ਾ ਧਾਰਕਾਂ ਨੂੰ ਦਿੱਤਾ ਇਮੀਗ੍ਰੇਸ਼ਨ ਮਦਦ ਦਾ ਭਰੋਸਾ

ਇੰਟਰਨੈਸ਼ਨਲ ਡੈਸਕ- ਫੇਸਬੁੱਕ ਦੀ ਮੂਲ ਕੰਪਨੀ 'ਮੇਟਾ' 'ਤੇ ਵੱਡੇ ਪੱਧਰ 'ਤੇ ਛਾਂਟੀ ਦੇ ਵਿਚਕਾਰ H-1B ਵਰਗੇ ਵਰਕ ਵੀਜ਼ਾ ਵਾਲੇ ਕਰਮਚਾਰੀਆਂ 'ਤੇ ਅਮਰੀਕਾ ਤੋਂ ਵਾਪਸ ਜਾਣ ਦਾ ਸੰਕਟ ਪੈਦਾ ਹੋ ਗਿਆ ਹੈ। ਅਜਿਹੇ 'ਚ ਮੇਟਾ ਨੇ ਇਨ੍ਹਾਂ ਕਰਮਚਾਰੀਆਂ ਨੂੰ ਇਮੀਗ੍ਰੇਸ਼ਨ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਕੰਪਨੀ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਜੇਕਰ ਤੁਸੀਂ ਇੱਥੇ ਵੀਜ਼ਾ 'ਤੇ ਹੋ, ਤਾਂ ਇਹ ਤੁਹਾਡੇ ਲਈ ਖਾਸ ਤੌਰ 'ਤੇ ਮੁਸ਼ਕਲ ਹੋਣ ਵਾਲਾ ਹੈ। ਸਾਡੇ ਕੋਲ ਇਮੀਗ੍ਰੇਸ਼ਨ ਮਾਹਰ ਹਨ ਜੋ ਤੁਹਾਡੀ ਅਤੇ ਤੁਹਾਡੇ ਪਰਿਵਾਰ ਨੂੰ ਲੋੜੀਂਦੀ ਮਦਦ ਲਈ ਮਾਰਗਦਰਸ਼ਨ ਕਰਨਗੇ।
ਇੱਥੇ ਦੱਸ ਦਈਏ ਕਿ ਜੇਕਰ ਐੱਚ-1ਬੀ ਵੀਜ਼ਾ ਧਾਰਕ ਆਪਣੀ ਨੌਕਰੀ ਗੁਆ ਦਿੰਦੇ ਹਨ, ਤਾਂ ਉਹਨਾਂ ਕੋਲ ਆਪਣੇ ਐੱਚ-1ਬੀ ਵੀਜ਼ਾ ਨੂੰ ਸਪਾਂਸਰ ਕਰਨ ਲਈ ਤਿਆਰ ਕੰਪਨੀ ਲੱਭਣ ਲਈ ਸਿਰਫ 60 ਦਿਨ ਹੋਣਗੇ। ਇਸ ਦੌਰਾਨ ਜੇਕਰ ਉਹਨਾਂ ਨੂੰ ਕੋਈ ਰੁਜ਼ਗਾਰਦਾਤਾ ਨਹੀਂ ਮਿਲਦਾ ਤਾਂ ਉਹਨਾਂ ਨੂੰ ਅਮਰੀਕਾ ਛੱਡਣਾ ਪਵੇਗਾ।
ਅਮਰੀਕਾ ਆਧਾਰਿਤ ਟੈਕਨਾਲੋਜੀ ਕੰਪਨੀਆਂ ਵੱਡੀ ਗਿਣਤੀ 'ਚ ਐੱਚ-1ਬੀ ਕਰਮਚਾਰੀਆਂ ਨੂੰ ਨੌਕਰੀ 'ਤੇ ਰੱਖਦੀਆਂ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਭਾਰਤ ਵਰਗੇ ਦੇਸ਼ਾਂ ਤੋਂ ਆਉਂਦੇ ਹਨ। ਫੇਸਬੁੱਕ ਇੱਕ ਐੱਚ-1ਬੀ 'ਨਿਰਭਰ' ਕੰਪਨੀ ਹੈ, ਜਿਸਦਾ ਮਤਲਬ ਹੈ ਕਿ ਇਸਦੇ 15 ਫੀਸਦੀ ਤੋਂ ਵੱਧ ਕਰਮਚਾਰੀ ਐੱਚ-1ਬੀ ਵੀਜ਼ਾ 'ਤੇ ਹਨ।
ਫੇਸਬੁੱਕ, ਵਟਸਐਪ ਅਤੇ ਇੰਸਟਾਗ੍ਰਾਮ ਦੀ ਮੂਲ ਕੰਪਨੀ ਮੇਟਾ ਪਲੇਟਫਾਰਮਸ ਇੰਕ. ਦੇ ਸੀਈਓ ਮਾਰਕ ਜ਼ੁਕਰਬਰਗ ਨੇ ਕਰਮਚਾਰੀਆਂ ਦੀ ਛਾਂਟੀ ਦੇ ਫ਼ੈਸਲੇ 'ਤੇ ਅਫਸੋਸ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਆਪਣੇ ਬਲਾਗ 'ਚ ਲਿਖਿਆ, ਕੰਪਨੀ ਇਸ ਮੁਕਾਮ 'ਤੇ ਕਿਵੇਂ ਪਹੁੰਚੀ ਇਸ ਦੀ ਪੂਰੀ ਜ਼ਿੰਮੇਵਾਰੀ ਮੇਰੀ ਹੈ। ਮੈਂ ਇਹਨਾਂ ਫ਼ੈਸਲਿਆਂ ਲਈ ਜਵਾਬਦੇਹੀ ਲੈਣਾ ਚਾਹੁੰਦਾ ਹਾਂ ਅਤੇ ਅਸੀਂ ਇੱਥੇ ਕਿਵੇਂ ਪਹੁੰਚੇ। ਮੈਂ ਜਾਣਦਾ ਹਾਂ ਕਿ ਇਹ ਹਰ ਕਿਸੇ ਲਈ ਮੁਸ਼ਕਲ ਹੈ ਅਤੇ ਮੈਂ ਉਨ੍ਹਾਂ ਲਈ ਖਾਸ ਤੌਰ 'ਤੇ ਅਫ਼ਸੋਸ ਕਰਦਾ ਹਾਂ ਜੋ ਮੇਰੇ ਫ਼ੈਸਲੇ ਤੋਂ ਪ੍ਰਭਾਵਿਤ ਹੋਏ ਹਨ।
ਫੇਸਬੁੱਕ ਦੀ ਸਥਾਪਨਾ ਸਾਲ 2004 ਵਿੱਚ ਹੋਈ ਸੀ ਅਤੇ ਫਿਰ ਇਸਦਾ ਨਾਮ ਬਦਲ ਕੇ ਮੇਟਾ ਕਰ ਦਿੱਤਾ ਗਿਆ ਸੀ। 18 ਸਾਲਾਂ 'ਚ ਪਹਿਲੀ ਵਾਰ ਇੰਨੇ ਵੱਡੇ ਪੱਧਰ 'ਤੇ ਲੋਕਾਂ ਨੂੰ ਫੇਸਬੁੱਕ ਤੋਂ ਬੇਦਖਲ ਕੀਤਾ ਜਾ ਰਿਹਾ ਹੈ। ਉੱਧਰ ਦੁਨੀਆ ਦੇ ਟੌਪ-10 ਸਭ ਤੋਂ ਅਮੀਰ ਆਦਮੀਆਂ 'ਚੋਂ ਇਕ ਜ਼ੁਕਰਬਰਗ ਹੁਣ ਅਰਬਪਤੀਆਂ ਦੀ ਸੂਚੀ 'ਚ 29ਵੇਂ ਸਥਾਨ 'ਤੇ ਖਿਸਕ ਗਿਆ ਹੈ। ਫੋਰਬਸ ਦੀ ਰੀਅਲ ਟਾਈਮ ਅਰਬਪਤੀਆਂ ਦੀ ਸੂਚੀ ਦੇ ਅਨੁਸਾਰ, ਜ਼ੁਕਰਬਰਗ ਦੀ ਕੁੱਲ ਜਾਇਦਾਦ ਸਿਰਫ 33.5 ਬਿਲੀਅਨ ਡਾਲਰ ਹੈ।

sant sagar