ਜੇ ਪ੍ਰੋਡਿਊਸਰ ਹਨ ਤਾਂ ਹੀ ਫਿਲਮ ਇੰਡਸਟਰੀ ਦਾ ਵਜੂਦ ਹੈ : ਚੋਪੜਾ, ਰਾਜੂ

ਚੰਡੀਗੜ੍ਹ - ਕੋਈ ਵੀ ਫ਼ਿਲਮ ਪ੍ਰੋਡਿਊਸਰ ਤੋਂ ਬਿਨਾਂ ਨਹੀਂ ਬਣ ਸਕਦੀ। ਪ੍ਰੋਡਿਊਸਰ ਆਪਣੀ ਪੂੰਜੀ ਨੂੰ ਕਿਸੇ ਫਿਲਮ ’ਤੇ ਲਾਉਂਦਾ ਹੈ ਤਾਂ ਹੀ ਉਹ ਫਿਲਮ ਬਣ ਕੇ ਦਰਸ਼ਕਾਂ ਤੱਕ ਪਹੁੰਚਦੀ ਹੈ। ਇਸ ਲਈ ਹਰ ਫਿਲਮ ’ਤੇ ਪ੍ਰੋਡਿਊਸਰ ਦੀ ਜ਼ਿੰਦਗੀ ਟਿਕੀ ਹੁੰਦੀ ਹੈ। ਇਹ ਕਹਿਣਾ ਹੈ ਨਿਰਮਾਤਾ ਵਿਮਲ ਚੋਪੜਾ ਅਤੇ ਅਮਰਿੰਦਰ ਸਿੰਘ ਰਾਜੂ ਦਾ। ਇਨ੍ਹਾਂ ਨਿਰਮਾਤਾਵਾਂ ਦੇ ਯਤਨਾਂ ਤੇ ਸਹਿਯੋਗ ਸਦਕਾ ਹੀ ਪੰਜਾਬੀ ਫ਼ਿਲਮ ‘ਜੋਰਾ ਦਾ ਸੈਕਿੰਡ ਚੈਪਟਰ’ ਇਸ ਸ਼ੁੱਕਰਵਾਰ ਦਰਸ਼ਕਾਂ ਤੱਕ ਪਹੁੰਚ ਰਹੀ ਹੈ। ਇਨ੍ਹਾਂ ਨਿਰਮਾਤਾਵਾਂ ਵੱਲੋਂ 'ਲਾਊਡ ਰੌਰ ਫ਼ਿਲਮਸ' ਦੇ ਮੁਖੀ ਹਰਪ੍ਰੀਤ ਸਿੰਘ ਦੇਵਗਨ ਨਾਲ ਮਿਲ ਕੇ ਇਹ ਬਹੁਕਰੋੜੀ ਤੇ ਮਲਟੀਸਟਾਰ ਕਾਸਟ ਫ਼ਿਲਮ ਬਣਾਈ ਗਈ ਹੈ। ਨਿਰਮਾਤਾ ਵਿਮਲ ਚੋਪੜਾ ਤੇ ਅਮਰਿੰਦਰ ਸਿੰਘ ਰਾਜੂ ਦਾ ਕਹਿਣਾ ਹੈ ਕਿ ਬੇਸ਼ੱਕ ਉਹ ਇਸ ਤੋਂ ਪਹਿਲਾਂ ਵੀ ਕਈ ਫ਼ਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਜ਼ਿੰਦਗੀ ਦੀ ਇਹ ਸਭ ਤੋਂ ਅਹਿਮ ਅਤੇ ਵੱਡੀ ਫ਼ਿਲਮ ਹੈ। ਦੀਪ ਸਿੱਧੂ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਦੀ ਕਹਾਣੀ ਅਤੇ ਸੈੱਟਅਪ ਉਨ੍ਹਾਂ ਨੂੰ ਇਸ ਕਦਰ ਪਸੰਦ ਆਇਆ ਸੀ ਕਿ ਉਨ੍ਹਾਂ ਆਪਣੀਆਂ ਹੋਰ ਯੋਜਨਾਵਾਂ ਅੱਗੇ ਪਾ ਕੇ ਇਸ ਫ਼ਿਲਮ ਨੂੰ ਪਹਿਲਾਂ ਬਣਾਉਣ ਦਾ ਫ਼ੈਸਲਾ ਲਿਆ ਸੀ। ਇਹ ਫ਼ਿਲਮ ਉਨ੍ਹਾਂ ਦੇ ਸਾਥੀ ਹਰਪ੍ਰੀਤ ਸਿੰਘ ਦੇਵਗਨ ਦੇ ਯਤਨਾਂ ਸਦਕਾ ਹੀ ਨੇਪਰੇ ਚੜ੍ਹ ਸਕੀ ਹੈ। ਇਸ ਫ਼ਿਲਮ ਬਾਰੇ ਉਨ੍ਹਾਂ ਦੱਸਿਆ ਕਿ ਇਹ ਫ਼ਿਲਮ ਆਮ ਪੰਜਾਬੀ ਫ਼ਿਲਮਾਂ ਵਰਗੀ ਨਹੀਂ ਹੈ। ਉਨ੍ਹਾਂ ਦਾ ਮਕਸਦ ਇਸ ਫ਼ਿਲਮ ਜ਼ਰੀਏ ਸਿਰਫ ਪੈਸਾ ਕਮਾਉਣਾ ਨਹੀਂ ਹੈ ਸਗੋਂ ਪੰਜਾਬੀਆਂ ਨੂੰ ਉਨ੍ਹਾਂ ਦੇ ਪੰਜਾਬ ਦੀ ਅਸਲ ਤਸਵੀਰ ਦਿਖਾਉਣਾ ਵੀ ਹੈ। ਉਨ੍ਹਾਂ ਮੁਤਾਬਕ ਪੰਜਾਬੀ ਦਰਸ਼ਕ ਹੁਣ ਹਲਕੇ ਪੱਧਰ ਦੀਆਂ ਫ਼ਿਲਮਾਂ ਤੋਂ ਅੱਕ ਚੁੱਕੇ ਹਨ, ਇਸ ਦਾ ਅੰਦਾਜ਼ਾ ਪਿਛਲੇ ਦਿਨੀਂ ਰਿਲੀਜ਼ ਹੋਈਆਂ ਪੰਜਾਬੀ ਫ਼ਿਲਮਾਂ ਨੂੰ ਮਿਲੇ ਦਰਸ਼ਕਾਂ ਦੇ ਨਾਂਹ-ਪੱਖੀ ਹੁੰਗਾਰੇ ਤੋਂ ਲਾਇਆ ਜਾ ਸਕਦਾ ਹੈ। ਇਸ ਆਲਮ ’ਚ ਫ਼ਿਲਮ ਨਿਰਮਾਤਾਵਾਂ ਦੀ ਜ਼ਿੰਮੇਵਾਰੀ ਤੇ ਰਿਸਕ ਹੋਰ ਵੀ ਵੱਧ ਗਿਆ ਹੈ। ਜੇ ਕੋਈ ਫ਼ਿਲਮ ਫ਼ਲਾਪ ਹੁੰਦੀ ਹੈ ਤਾਂ ਉਸ ਦਾ ਸਭ ਤੋਂ ਵੱਡਾ ਤੇ ਜ਼ਿਆਦਾ ਨੁਕਸਾਨ ਸਿਰਫ ਫ਼ਿਲਮ ਦੇ ਪ੍ਰੋਡਿਊਸਰ ਨੂੰ ਹੀ ਹੁੰਦਾ ਹੈ। ਇਸ ਲਈ ਸਭ ਤੋਂ ਪਹਿਲਾਂ ਪ੍ਰੋਡਿਊਸਰ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਹੈ। ਕੋਈ ਵੀ ਫ਼ਿਲਮ ਕਾਬਲ ਟੀਮ ਤੋਂ ਬਿਨਾਂ ਮੁਕੰਮਲ ਨਹੀਂ ਹੋ ਸਕਦੀ। ਉਹ ਖੁਸ਼ਕਿਸਮਤ ਹਨ ਕਿ ਇਸ ਲਈ ਉਨ੍ਹਾਂ ਨੂੰ ਕਾਬਲ ਤੇ ਤਜਰਬੇਕਾਰ ਟੀਮ ਮਿਲੀ ਹੈ। ਉਨ੍ਹਾਂ ਮੁਤਾਬਕ ਇਸ ਫ਼ਿਲਮ ਨੂੰ ਦਰਸ਼ਕਾਂ ਦਾ ਸ਼ਾਨਦਾਰ ਹੁੰਗਾਰਾ ਮਿਲਣਾ ਤੈਅ ਹੈ। ਇਹ ਫ਼ਿਲਮ ਕਿਸੇ ਵੀ ਹਾਲਤ ਵਿਚ ਦਰਸ਼ਕਾਂ ਨੂੰ ਨਿਰਾਸ਼ ਨਹੀਂ ਹੋਣ ਦੇਵੇਗੀ।