ਜੂਨ ਚ ਅਪ੍ਰੈਲ ਦੇ ਮੁਕਾਬਲੇ ਹੋਰ ਡਾਵਾਂਡੋਲ ਹੋਵੇਗੀ ਵਿਸ਼ਵ ਆਰਥਿਕਤਾ : ਗੀਤਾ ਗੋਪੀਨਾਥ

ਨਵੀਂ ਦਿੱਲੀ — ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਨੇ ਵਿਸ਼ਵਵਿਆਪੀ ਆਰਥਿਕਤਾ ਦੀ ਬਹੁਤ ਗੰਭੀਰ ਤਸਵੀਰ ਪੇਸ਼ ਕੀਤੀ ਹੈ। ਆਈਐਮਐਫ ਦੀ ਮੁੱਖ ਅਰਥ ਸ਼ਾਸਤਰੀ ਗੀਤਾ ਗੋਪੀਨਾਥ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਮਹਾਮਾਰੀ ਕਾਰਨ ਆਲਮੀ ਆਰਥਿਕਤਾ ਵਿਚ ਆਈ ਗਿਰਾਵਟ ਡਰਾਉਣੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਿਕਵਰੀ ਦ੍ਰਿਸ਼ਟੀਕੋਣ ਅਜੇ ਵੀ ਅਨਿਸ਼ਚਿਤ ਬਣਿਆ ਹੋਇਆ ਹੈ। ਆਈਐਮਐਫ ਨੇ ਅਪ੍ਰੈਲ ਵਿਚ ਵਿਸ਼ਵ ਆਰਥਿਕਤਾ ਵਿਚ 3% ਦੀ ਗਿਰਾਵਟ ਦਾ ਅੰਦਾਜ਼ਾ ਲਗਾਇਆ ਸੀ, ਪਰ ਗੋਪੀਨਾਥ ਨੇ ਕਿਹਾ ਹੈ ਕਿ 24 ਜੂਨ ਨੂੰ ਆਉਣ ਵਾਲਾ ਨਵਾਂ ਅੰਦਾਜ਼ਾ ਇਸ ਤੋਂ ਵੀ ਮਾੜਾ ਹੋ ਸਕਦਾ ਹੈ।
ਰਿਕਵਰੀ ਬਾਰੇ ਬੇਯਕੀਨੀ
ਏਸ਼ੀਅਨ ਮੁਦਰਾ ਨੀਤੀ ਫੋਰਮ ਦੀ ਸੱਤਵੀਂ ਵਰਚੁਅਲ ਬੈਠਕ ਨੂੰ ਸੰਬੋਧਨ ਕਰਦਿਆਂ ਗੀਤਾ ਗੋਪੀਨਾਥ ਨੇ ਕਿਹਾ ਕਿ ਰਿਕਵਰੀ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਆਵਾਜਾਈ ਵਰਗੇ ਖੇਤਰਾਂ ਨੂੰ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਦੀਵਾਲੀਏਪਨ ਅਤੇ ਨੌਕਰੀ ਦੇ ਘਾਟੇ ਦੇ ਜੋਖਮ ਵਿਚ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਖਪਤਕਾਰਾਂ ਦੇ ਵਿਵਹਾਰ ਵਿਚ ਵੀ ਤਬਦੀਲੀ ਆਈ ਹੈ। ਉਨ੍ਹਾਂ ਕਿਹਾ ਕਿ ਅੱਜ ਹਰ ਕੋਈ ਰਿਕਵਰੀ ਨੂੰ ਲੈ ਕੇ ਚਿੰਤਤ ਹੈ।
ਕੋਰੋਨਾ ਲੰਬੇ ਸਮੇਂ ਲਈ ਰਿਹਾ ਤਾਂ ਜ਼ਿਆਦਾ ਖ਼ਰਾਬ ਹੋਣਗੇ ਹਾਲਾਤ
ਆਈਐਮਐਫ ਨੇ ਅਪ੍ਰੈਲ ਵਿਚ ਵਿਸ਼ਵ ਆਰਥਿਕ ਨਜ਼ਰੀਏ ਨੂੰ ਜਾਰੀ ਕੀਤਾ। ਇਸ ਵਿਚ ਕਿਹਾ ਗਿਆ ਸੀ ਕਿ ਜੇ ਕੋਰੋਨਾ ਮਹਾਮਾਰੀ ਲੰਬੇ ਸਮੇਂ ਤਕ ਜਾਰੀ ਰਹੀ ਤਾਂ ਆਰਥਿਕ ਸਥਿਤੀ ਬਦਤਰ ਹੋ ਸਕਦੀ ਹੈ। ਪਿਛਲੇ ਹਫਤੇ ਵਿਸ਼ਵ ਬੈਂਕ ਨੇ ਵਿਸ਼ਵ ਆਰਥਿਕਤਾ ਵਿਚ 5.2% ਦੀ ਗਿਰਾਵਟ ਦਾ ਅੰਦਾਜ਼ਾ ਲਗਾਇਆ ਸੀ। ਵਿਸ਼ਵ ਬੈਂਕ ਨੇ ਕਿਹਾ ਸੀ ਕਿ ਆਰਥਿਕ ਮੋਰਚੇ ’ਤੇ ਇਹ 150 ਸਾਲਾਂ ਦੀ ਸਭ ਤੋਂ ਖਰਾਬ ਸਥਿਤੀ ਹੈ.
ਗਲੋਬਲ ਜੀਡੀਪੀ ਵਿਚ ਗਿਰਾਵਟ ਦੀ ਦਰ ਮਈ ਵਿਚ 2.3% ਰਹਿਣ ਦਾ ਅੰਦਾਜ਼ਾ
ਦੁਨੀਆ ਭਰ ਦੀਆਂ ਸਰਕਾਰਾਂ ਨੇ ਕੋਰੋਨਾਵਾਇਰਸ ਕਾਰਨ ਆਰਥਿਕਤਾ ਨੂੰ ਹੋਏ ਨੁਕਸਾਨ ਦੀ ਭਰਪਾਈ ਲਈ ਕਈ ਕਦਮ ਚੁੱਕੇ ਹਨ। ਇਸ ਦੇ ਨਤੀਜੇ ਵੀ ਸਾਹਮਣੇ ਆ ਰਹੇ ਹਨ। ਤਾਲਾਬੰਦੀ ਕਾਰਨ ਅਪਰੈਲ ਵਿਚ ਗਲੋਬਲ ਜੀਡੀਪੀ ਵਿਚ 4.8 ਪ੍ਰਤੀਸ਼ਤ ਦੀ ਗਿਰਾਵਟ ਆਈ, ਪਰ ਮਈ ਵਿਚ ਇਸ ਵਿਚ ਸੁਧਾਰ ਹੋਣ ਦੀ ਉਮੀਦ ਹੈ। ਮਈ ਵਿਚ ਜੀਡੀਪੀ ਵਿਕਾਸ ਦਰ ਵਿਚ 2.3 ਫੀਸਦੀ ਦੀ ਗਿਰਾਵਟ ਆਉਣ ਦੀ ਉਮੀਦ ਹੈ। ਯਾਨੀ ਵਿਸ਼ਵ ਜੀਡੀਪੀ ਵਿਚ ਗਿਰਾਵਟ ਦੀ ਦਰ ਅੱਧੀ ਹੋ ਜਾਵੇਗੀ।