ਜੀਓ ਪਲੈਟਫਾਰਮਾਂ ’ਚ ਫੇਸਬੁੱਕ ਕਰੇਗੀ 43,574 ਕਰੋੜ ਰੁਪਏ ਦਾ ਨਿਵੇਸ਼

ਜੀਓ ਪਲੈਟਫਾਰਮਾਂ ’ਚ ਫੇਸਬੁੱਕ ਕਰੇਗੀ 43,574 ਕਰੋੜ ਰੁਪਏ ਦਾ ਨਿਵੇਸ਼

ਫੇਸਬੁੱਕ ਵੱਲੋਂ ਜੀਓ ਪਲੈਟਫਾਰਮਾਂ ਦੀ ਦਸ ਫੀਸਦ ਹਿੱਸੇਦਾਰੀ ਖਰੀਦਣ ਲਈ 5.7 ਅਰਬ ਡਾਲਰ (ਲਗਪਗ 43,574 ਕਰੋੜ ਰੁਪਏ) ਦੇ ਨਿਵੇਸ਼ ਦੇ ਕੀਤੇ ਐਲਾਨ ਤੋਂ ਫੌਰੀ ਮਗਰੋਂ ਅੱਜ ਸ਼ੇਅਰ ਬਾਜ਼ਾਰ ਵਿੱਚ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰਆਈਐੱਲ) ਦੇ ਸ਼ੇਅਰਾਂ ਵਿੱਚ ਦਸ ਫੀਸਦ ਤੋਂ ਵਧ ਦਾ ਉਛਾਲ ਵੇਖਣ ਨੂੰ ਮਿਲਿਆ। ਬੰਬੇ ਸਟਾਕ ਐਕਸਚੇਂਜ (ਬੀਐੱਸਈ) ਵਿੱਚ ਰਿਲਾਇੰਸ ਦਾ ਸ਼ੇਅਰ 10.30 ਫੀਸਦ ਦੇ ਵਾਧੇ ਨਾਲ ਦਿਨ ਦੇ ਕਾਰੋਬਾਰ ਮਗਰੋਂ 1363.35 ਰੁਪਏ ’ਤੇ ਬੰਦ ਹੋਇਆ। ਹਾਲਾਂਕਿ ਇਕ ਵਾਰੀ ਸ਼ੇਅਰ ਦਾ ਭਾਅ 12 ਫੀਸਦ ਦੇ ਵਾਧੇ ਨਾਲ 1384.70 ਰੁਪਏ ਦੇ ਮੁੱਲ ਨੂੰ ਵੀ ਗਿਆ। ਉਧਰ ਐੱਨਐੱਸਈ ਵਿੱਚ ਰਿਲਾਇੰਸ ਦਾ ਸ਼ੇਅਰ 9.83 ਫੀਸਦ ਦੇ ਉਭਾਰ ਨਾਲ 1359 ਰੁਪਏ ’ਤੇ ਬੰਦ ਹੋਇਆ। ਕੰਪਨੀ ਦਾ ਮਾਰਕੀਟ ਮੁੱਲ ਵੀ 80,710.7 ਕਰੋੜ ਤੋਂ ਵੱਧ ਕੇ 8,64,267.70 ਕਰੋੜ ਹੋ ਗਿਆ।
ਇਸ ਤੋਂ ਪਹਿਲਾਂ ਅੱਜ ਫੇਸਬੁੱਕ ਨੇ ਅਰਬਾਂਪਤੀ ਮੁਕੇਸ਼ ਅੰਬਾਨੀ ਦੀ ਮਾਲਕੀ ਵਾਲੀ ਟੈਲੀਕਾਮ ਕੰਪਨੀ ਜੀਓ ਦੀ ਦਸ ਫੀਸਦ ਹਿੱਸੇਦਾਰੀ ਖਰੀਦਣ ਲਈ 43,574 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ। ਕੰਪਨੀ ਨੇ ਇਕ ਬਿਆਨ ਵਿੱਚ ਕਿਹਾ, ‘ਅੱਜ ਅਸੀਂ ਜੀਓ ਪਲੈਟਫਾਰਮਜ਼ ਲਿਮਟਿਡ ਵਿੱਚ 5.7 ਅਰਬ ਅਮਰੀਕੀ ਡਾਲਰ ਜਾਂ 43,574 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕਰਦੇ ਹਾਂ। ਇਸ ਐਲਾਨ ਨਾਲ ਫੇਸਬੁੱਕ ਜੀਓ ਦੀ ਸਭ ਤੋਂ ਵੱਡੀ ਘੱਟਗਿਣਤੀ ਭਾਈਵਾਲ ਬਣ ਗਈ ਹੈ।’ ਉਧਰ ਰਿਲਾਇੰਸ ਨੇ ਇਕ ਵੱਖਰੇ ਬਿਆਨ ਵਿੱਚ ਕਿਹਾ ਕਿ ਫੇਸਬੁੱਕ ਦੇ ਇਸ ਨਿਵੇਸ਼ ਨਾਲ ਉਹ ਜੀਓ ਪਲੈਟਫਾਰਮਾਂ ਵਿੱਚ 9.99 ਫੀਸਦ ਦੀ ਹਿੱਸੇਦਾਰ ਬਣ ਗਈ ਹੈ।
ਫੇਸਬੁੱਕ ਇੰਡੀਆ ਦੇ ਉਪ ਪ੍ਰਧਾਨ ਤੇ ਐੱਮਡੀ ਅਜੀਤ ਮੋਹਨ ਨੇ ਕਿਹਾ ਕਿ ਇਸ ਨਿਵੇਸ਼ ਨਾਲ ਜੀਓ ਤੇ ਫੇਸਬੁੱਕ ਸਹਿਯੋਗ ਵਾਲੇ ਖੇਤਰਾਂ ’ਚ ਮਿਲ ਕੇ ਕੰਮ ਕਰਨਗੇ, ਪਰ ਇਸ ਮੈਗਾ ਕਰਾਰ ਦਾ ਇਹ ਮਤਲਬ ਨਹੀਂ ਹੈ ਕਿ ਦੋਵੇਂ ਇਕ ਦੂਜੇ ਨੂੰ ਬਾਜ਼ਾਰ ਵਿੱੱਚ ਟੱਕਰ ਨਹੀਂ ਦੇਣਗੇ। ਰਿਲਾਇੰਸ ਇੰਡਸਟਰੀਜ਼ ਤੇ ਫੇਸਬੁੱਕ ਦਰਮਿਆਨ ਹੋਏ ਮੈਗਾ ਕਰਾਰ ਮਗਰੋਂ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸ਼ੇਅਰ ਬਾਜ਼ਾਰ 742.84 ਨੁਕਤਿਆਂ ਜਾਂ 2.42 ਫੀਸਦ ਦੇ ਉਛਾਲ ਨਾਲ 31,379.55 ਅੰਕਾਂ ’ਤੇ ਬੰਦ ਹੋਇਆ। ਐੱਨਐੱਸਈ ਦੇ ਨਿਫਟੀ ਨੇ 205.85 ਅੰਕਾਂ ਦੇ ਉਭਾਰ ਨਾਲ 9187.30 ਅੰਕਾਂ ’ਤੇ ਬੰਦ ਹੋਇਆ। ਰਿਲਾਇੰਸ ਤੋਂ ਇਲਾਵਾ ਏਸ਼ੀਅਨ ਪੇਂਟਸ, ਇੰਡਸਇੰਡ ਬੈਂਕ, ਨੈਸਲੇ ਇੰਡੀਆ, ਹੀਰੋ ਮੋਟੋਕੋਰਪ ਤੇ ਹਿੰਦੁਸਤਾਨ ਯੂਨੀਲਿਵਰ ਲਿਮਟਿਡ ਦੇ ਸ਼ੇਅਰ 5 ਫੀਸਦ ਤਕ ਵਧੇ। 

sant sagar