ਭਾਰਤ-ਜਪਾਨ ਭਾਈਵਾਲੀ ਵਧਾਉਣ ਦਾ ਅਹਿਦ

ਭਾਰਤ-ਜਪਾਨ ਭਾਈਵਾਲੀ ਵਧਾਉਣ ਦਾ ਅਹਿਦ

ਨਵੀਂ ਦਿੱਲੀ, 
ਜੀ-7 ਸਿਖਰ ਸੰਮੇਲਨ ਲਈ ਜਪਾਨ ਆਉਣ ਦਾ ਦਿੱਤਾ ਸੱਦਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਜਪਾਨੀ ਹਮਰੁਤਬਾ ਫੁਮੀਓ ਕਿਸ਼ਿਦਾ ਨੇ ਸੋਮਵਾਰ ਨੂੰ ਭਾਰਤ-ਜਪਾਨ ਆਲਮੀ ਰਣਨੀਤਕ ਭਾਈਵਾਲੀ ਦੇ ਵਿਸਥਾਰ ਦਾ ਅਹਿਦ ਲਿਆ ਅਤੇ ਕਿਹਾ ਕਿ ਇਹ ਸ਼ਾਂਤੀਪੂਰਨ, ਸਥਿਰ ਅਤੇ ਖੁਸ਼ਹਾਲ ਹਿੰਦ-ਪ੍ਰਸ਼ਾਂਤ ਖ਼ਿੱਤੇ ਲਈ ਅਹਿਮ ਹੈ। ਦੋਵੇਂ ਪ੍ਰਧਾਨ ਮੰਤਰੀਆਂ ਨੇ ਭਾਰਤ-ਜਪਾਨ ਦੁਵੱਲੇ ਸਬੰਧਾਂ ’ਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਰੱਖਿਆ ਉਪਕਰਨਾਂ ਤੇ ਤਕਨਾਲੋਜੀ ਸਹਿਯੋਗ, ਵਪਾਰ, ਸਿਹਤ ਤੇ ਡਿਜੀਟਲ ਭਾਈਵਾਲੀ ਬਾਰੇ ਵਿਚਾਰ ਪ੍ਰਗਟਾਏ। ਚੀਨ ਦੇ ਹਿੰਦ-ਪ੍ਰਸ਼ਾਂਤ ਖ਼ਿੱਤੇ ’ਚ ਹਮਲਾਵਰ ਰਵੱਈਏ ਕਾਰਨ ਵਧ ਰਹੀ ਚਿੰਤਾ ਅਤੇ ਯੂਕਰੇਨ ਸੰਘਰਸ਼ ਦਰਮਿਆਨ ਜਪਾਨ ਦੇ ਪ੍ਰਧਾਨ ਮੰਤਰੀ ਅੱਜ ਸਵੇਰੇ 27 ਘੰਟਿਆਂ ਦੀ ਯਾਤਰਾ ਮਗਰੋਂ ਦਿੱਲੀ ਪੁੱਜੇ।
ਮੀਡੀਆ ਬਿਆਨ ’ਚ ਸ੍ਰੀ ਮੋਦੀ ਨੇ ਭਾਰਤ ਦੀ ਜੀ-20 ਮੇਜ਼ਬਾਨੀ ਅਤੇ ਜਪਾਨ ਦੀ ਜੀ-7 ਮੀਟਿੰਗ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਆਲਮੀ ਭਲਾਈ ਲਈ ਦੋਵੇਂ ਮੁਲਕਾਂ ਦੇ ਰਲ ਕੇ ਕੰਮ ਕਰਨ ਦਾ ਬਿਹਤਰੀਨ ਮੌਕਾ ਹੈ। ਵਾਰਤਾ ਤੋਂ ਬਾਅਦ ਮੀਡੀਆ ਨੂੰ ਦਿੱਤੇ ਸਾਂਝੇ ਬਿਆਨ ’ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ,‘‘ਭਾਰਤ-ਜਪਾਨ ਵਿਸ਼ੇਸ਼ ਰਣਨੀਤਕ ਅਤੇ ਆਲਮੀ ਭਾਈਵਾਲੀ ਸਾਡੀਆਂ ਸਾਂਝੀਆਂ ਜਮਹੂਰੀ ਕਦਰਾਂ-ਕੀਮਤਾਂ ਤੇ ਕੌਮਾਂਤਰੀ ਕਾਨੂੰਨ ਦੇ ਨੇਮਾਂ ਪ੍ਰਤੀ ਸਤਿਕਾਰ ’ਤੇ ਆਧਾਰਿਤ ਹੈ ਅਤੇ ਇਹ ਹਿੰਦ-ਪ੍ਰਸ਼ਾਂਤ ਖ਼ਿੱਤੇ ਲਈ ਵੀ ਅਹਿਮ ਹੈ।’’ ਸ੍ਰੀ ਮੋਦੀ ਨੇ ਕਿਹਾ ਕਿ ਦੋਵੇਂ ਮੁਲਕਾਂ ਨੇ ਸੈਮੀਕੰਡਕਟਰ ਅਤੇ ਹੋਰ ਅਹਿਮ ਤਕਨਾਲੋਜੀਆਂ ’ਚ ਭਰੋਸੇਯੋਗ ਸਪਲਾਈ ਚੇਨ ਦੀ ਅਹਿਮੀਅਤ ’ਤੇ ਵੀ ਚਰਚਾ ਕੀਤੀ ਹੈ। ਆਪਣੇ ਬਿਆਨ ’ਚ ਕਿਸ਼ਿਦਾ ਨੇ ਕਿਹਾ ਕਿ ਟੋਕੀਓ ਦਾ ਨਵੀਂ ਦਿੱਲੀ ਨਾਲ ਆਰਥਿਕ ਸਹਿਯੋਗ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਇਸ ਨਾਲ ਭਾਰਤ ਦਾ ਹੋਰ ਵਿਕਾਸ ਹੋਵੇਗਾ ਤੇ ਜਪਾਨ ਲਈ ਵੀ ਆਰਥਿਕ ਮੌਕੇ ਬਣਨਗੇ। ਜਪਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਸ੍ਰੀ ਮੋਦੀ ਨੂੰ ਮਈ ’ਚ ਹੋਣ ਵਾਲੇ ਜੀ-7 ਸਿਖਰ ਸੰਮੇਲਨ ’ਚ ਸ਼ਾਮਲ ਹੋਣ ਲਈ ਰਸਮੀ ਸੱਦਾ ਦਿੱਤਾ ਹੈ ਜੋ ਉਨ੍ਹਾਂ ਸਵੀਕਾਰ ਕਰ ਲਿਆ ਹੈ। ਪਿਛਲੇ ਸਾਲ ਕਿਸ਼ਿਦਾ ਨੇ ਆਪਣੇ ਭਾਰਤ ਦੌਰੇ ਸਮੇਂ ਮੁਲਕ ’ਚ ਅਗਲੇ ਪੰਜ ਸਾਲਾਂ ਦੌਰਾਨ ਪੰਜ ਲੱਖ ਕਰੋੜ ਯੇਨ (3,20,000 ਕਰੋੜ) ਦੇ ਨਿਵੇਸ਼ ਦਾ ਐਲਾਨ ਕੀਤਾ ਸੀ।

ਹਿੰਦ-ਪ੍ਰਸ਼ਾਂਤ ’ਚ ਸ਼ਾਂਤੀ ਲਈ ਭਾਰਤ ਦੀ ਭੂਮਿਕਾ ਅਹਿਮ: ਕਿਸ਼ਿਦਾ
ਨਵੀਂ ਦਿੱਲੀ:
ਜਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ ਨੇ ਕਿਹਾ ਹੈ ਕਿ ਹਿੰਦ-ਪ੍ਰਸ਼ਾਂਤ ਖ਼ਿੱਤੇ ’ਚ ਸ਼ਾਂਤੀ ਅਤੇ ਸਥਿਰਤਾ ਲਈ ਭਾਰਤ ਦੀ ਭੂਮਿਕਾ ਅਹਿਮ ਹੈ ਅਤੇ ਕਿਸੇ ਵੀ ਮੁਲਕ ਨੂੰ ਤਾਕਤ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ। 41ਵੇਂ ਸਪਰੂ ਹਾਊਸ ਲੈਕਚਰ ਨੂੰ ਸੰਬੋਧਨ ਕਰਦਿਆਂ ਕਿਸ਼ਿਦਾ ਨੇ ਯੂਕਰੇਨ ਖ਼ਿਲਾਫ਼ ਰੂਸੀ ਹਮਲੇ ਦੀ ਤਿੱਖੇ ਸ਼ਬਦਾਂ ’ਚ ਨਿਖੇਧੀ ਕੀਤੀ ਅਤੇ ਕਿਹਾ ਕਿ ਖੁਦਮੁਖਤਿਆਰੀ ਤੇ ਇਲਾਕਾਈ ਅਖੰਡਤਾ ਦਾ ਪੂਰੀ ਦੁਨੀਆ ’ਚ ਹਰ ਕਿਤੇ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਸੀ ਰਾਸ਼ਟ.ਰਪਤੀ ਵਲਾਦੀਮੀਰ ਪੂਤਿਨ ਨੂੰ ‘ਜੰਗ ਦਾ ਯੁੱਗ ਨਾ ਹੋਣ’ ਦੇ ਦਿੱਤੇ ਸੁਨੇਹੇ ਦਾ ਜ਼ਿਕਰ ਵੀ ਕੀਤਾ। ਜਪਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਟੋਕੀਓ ਦੱਖਣ ਏਸ਼ਿਆਈ ਖ਼ਿੱਤੇ ’ਚ ਸਥਿਰਤਾ ਲਈ ਯੋਗਦਾਨ ਪਾਉਣ ਲਈ ਨਵੀਂ ਦਿੱਲੀ ਨਾਲ ਮਿਲ ਕੇ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ‘ਮੁਕਤ ਅਤੇ ਖੁੱਲ੍ਹਾ ਹਿੰਦ-ਪ੍ਰਸ਼ਾਂਤ ਦਾ ਨਜ਼ਰੀਆ ਲਗਾਤਾਰ ਵਧ ਰਿਹਾ ਹੈ। ਇਹ ਕਾਨੂੰਨ ਅਤੇ ਆਜ਼ਾਦੀ ਦੇ ਸ਼ਾਸਨ ਦੀ ਰੱਖਿਆ ਲਈ ਹੈ।’’ ਕਿਸ਼ਿਦਾ ਨੇ ਕਿਹਾ ਕਿ ਮੁਲਕਾਂ ਨੂੰ ਸਾਗਰਾਂ ’ਤੇ ਆਪਣੇ ਦਾਅਵਿਆਂ ਲਈ ਤਾਕਤ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ।
-ਪੀਟੀਆਈ

sant sagar