ਪੰਜਾਬ ’ਚ ਵੀ ਤਿਲਾਂ ਦੀ ਥਾਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ

ਪੰਜਾਬ ’ਚ ਵੀ ਤਿਲਾਂ ਦੀ ਥਾਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ

ਪੰਜਾਬ ਭਰ ਵਿੱਚ ਅੱਜ ਲੋਹੜੀ ਦੇ ਤਿਉਹਾਰ ਮੌਕੇ ਹਰ ਪਿੰਡ-ਸ਼ਹਿਰ ਤੇ ਹਰ ਘਰ ਅੰਦਰ ਧੁਖਦੀਆਂ ਧੂਣੀਆਂ ’ਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਅਗਨ ਭੇਟ ਕੀਤੀਆਂ ਗਈਆਂ। ਸੂਬੇ ਦੀਆਂ 32 ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ, ਮੁਲਾਜ਼ਮ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਬੇਰੁਜ਼ਗਾਰ ਨੌਜਵਾਨਾਂ ਦੀਆਂ ਜਥੇਬੰਦੀਆਂ, ਮਹਿਲਾਵਾਂ ਦੀਆਂ ਜਥੇਬੰਦੀਆਂ ਅਤੇ ਵਪਾਰੀਆਂ ਨੇ ਇਸ ਸਮੂਹਿਕ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਲੋਹੜੀ ਦੀਆਂ ਧੂਣੀਆਂ ’ਤੇ ਤਿਲਾਂ ਦੀ ਥਾਂ ਪਾਰਲੀਮੈਂਟ ਵੱਲੋਂ ਬਣਾਏ ਗਏ ਤਿੰਨਾਂ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਸਵਾਹ ਕੀਤੀਆਂ ਗਈਆਂ। ਧੂਣੀਆਂ ’ਤੇ ਈਸਰ ਆਏ ਦਲਿੱਦਰ ਜਾਏ ਦੀ ਥਾਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ, ਦੁਕਾਨਕਾਰਾਂ ਅਤੇ ਮਹਿਲਾਵਾਂ ਨੇ ਇਕਸੁਰ ਵਿੱਚ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਖੇਤੀ ਕਾਨੂੰਨਾਂ ’ਤੇ ਵਿਚਾਰ ਲਈ ਗਠਿਤ ਕੀਤੀ ਕਮੇਟੀ ਦੇ ਮੈਂਬਰ ਮੋਦੀ ਸਰਕਾਰ ਦੇ ਹੱਥਠੋਕੇ ਹਨ, ਜਿਸ ਕਰ ਕੇ ਇਸ ਕਮੇਟੀ ਤੋਂ ਕੋਈ ਉਮੀਦ ਨਹੀਂ ਹੈ। ਅੱਜ ਦੇ ਪ੍ਰਦਰਸ਼ਨਾਂ ਦੌਰਾਨ ਸਭਨਾਂ ਵਰਗਾਂ ਦੇ ਲੋਕਾਂ ਨੇ ਦਿੱਲੀ ਵਿੱਚ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕੀਤੇ ਜਾਣ ਵਾਲੇ ਪ੍ਰਦਰਸ਼ਨ ’ਚ ਵੱਡਾ ਯੋਗਦਾਨ ਪਾਉਣ ਅਤੇ ਕੇਂਦਰ ਸਰਕਾਰ ਤੱਕ ਅੰਦੋਲਨ ਦਾ ਸੇਕ ਪਹੁੰਚਾਉਣ ਦਾ ਸੱਦਾ ਵੀ ਦਿੱਤਾ।
ਕਿਸਾਨ ਆਗੂਆਂ ਸੁਖਦੇਵ ਸਿੰਘ ਕੋਕਰੀ, ਸਤਨਾਮ ਸਿੰਘ ਪੰਨੂ ਤੇ ਜਗਮੋਹਨ ਸਿੰਘ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਦੇ ਸੱਦੇ ਨੂੰ ਪੰਜਾਬ ਦੇ ਹਰ ਵਰਗ ਵੱਲੋਂ ਪਹਿਲਾਂ ਵਾਂਗ ਭਰਪੂਰ ਸਮਰਥਨ ਦਿੱਤਾ ਗਿਆ ਹੈ ਤੇ ਲੋਕਾਂ ਦੇ ਹੌਸਲੇ ਨੇ ਦਿੱਲੀ ਮੋਰਚੇ ’ਚ ਡਟੇ ਅੰਦੋਲਨਕਾਰੀਆਂ ਦੇ ਹੌਸਲੇ ਬੁਲੰਦ ਕੀਤੇ ਹਨ। ਇਸ ਲਈ ਕਾਨੂੰਨ ਵਾਪਸੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਬੀਕੇਯੂ (ਏਕਤਾ ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਦੀ ਅਗਵਾਈ ਹੇਠ ਦਿੱਲੀ ਟਿੱਕਰੀ ਮੋਰਚੇ ਵਿੱਚ ਸੈਂਕੜੇ ਥਾਵਾਂ ਤੋਂ ਇਲਾਵਾ ਪੰਜਾਬ ਵਿੱਚ 16 ਜ਼ਿਲ੍ਹਿਆਂ ਦੇ 1600 ਤੋਂ ਵੱਧ ਪਿੰਡਾਂ ਵਿੱਚ ਇਸੇ ਤਰ੍ਹਾਂ ਲੋਹੜੀ ਮਨਾਈ ਗਈ। ਸੌ ਤੋਂ ਵੱਧ ਪਿੰਡਾਂ ਵਿੱਚ ਖੇਤ ਮਜ਼ਦੂਰ ‘ਪੰਜਾਬ ਖੇਤ ਮਜ਼ਦੂਰ ਯੂਨੀਅਨ’ ਦੇ ਝੰਡੇ ਹੇਠ ਅਤੇ ਬਾਕੀ ਪਿੰਡਾਂ ਵਿੱਚ ਕਿਸਾਨਾਂ ਨਾਲ ਇਕਮੁੱਠਤਾ ਵਜੋਂ ਸ਼ਾਮਲ ਹੋਏ। ਪਿੰਡਾਂ ਦੇ ਹੋਰ ਕਿਰਤੀ ਤਬਕੇ ਵੀ ਸ਼ਾਮਲ ਹੋਏ। ਬਠਿੰਡਾ, ਮੋਗਾ, ਲੰਬੀ ਤੇ ਹੋਰ ਬਹੁਤ ਸਾਰੇ ਸ਼ਹਿਰਾਂ ਵਿੱਚ ਮੁਲਾਜ਼ਮਾਂ, ਜਮਹੂਰੀ ਕਾਰਕੁਨਾਂ, ਕਲਾਕਾਰਾਂ ਅਤੇ ਹੋਰ ਇਨਸਾਫਪਸੰਦ ਲੋਕਾਂ ਵੱਲੋਂ ਗਠਿਤ ‘ਕਿਸਾਨ ਘੋਲ਼ ਸਮਰਥਨ ਕਮੇਟੀਆਂ’ ਦੀ ਅਗਵਾਈ ਹੇਠ ਵੀ ਇਸੇ ਤਰ੍ਹਾਂ ਲੋਹੜੀ ਮਨਾ ਕੇ ਰੋਸ ਮਾਰਚ ਕੀਤੇ ਗਏ। ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਕਿਹਾ ਕਿ ਮੋਦੀ ਹਕੂਮਤ ਦੇ ਕਿਸਾਨ ਵਿਰੋਧੀ ਅਤੇ ਸਾਮਰਾਜੀ ਕਾਰਪੋਰੇਟ ਪੱਖੀ ਵਤੀਰੇ ਦੀ ਸਖ਼ਤ ਨਿਖੇਧੀ ਕਰਦੇ ਹੋਏ ਕਾਲੇ ਖੇਤੀ ਕਾਨੂੰਨ ਰੱਦ ਕਰਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ 18 ਜਨਵਰੀ ਦੇ ਕਿਸਾਨ ਔਰਤ ਦਿਵਸ ਮੌਕੇ ਧਨੌਲਾ ਅਤੇ ਕਟਹਿੜਾ ਵਿਖੇ ਮੋਦੀ ਭਗਤਾਂ ਹਰਜੀਤ ਗਰੇਵਾਲ ਅਤੇ ਸੁਰਜੀਤ ਜਿਆਣੀਆਂ ਦੀਆਂ ਬਰੂਹਾਂ ’ਤੇ ਵਿਸ਼ਾਲ ਔਰਤ ਰੈਲੀਆਂ ਕੀਤੀਆਂ ਜਾਣਗੀਆਂ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਦੱਸਿਆ ਯੂਨੀਅਨ ਦੀ ਅਗਵਾਈ ਹੇਠ 2 ਹਜ਼ਾਰ ਪਿੰਡਾਂ ਅੰਦਰ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਸਵਾਹ ਕੀਤੀਆਂ ਗਈਆਂ। ਦੇਸ਼ ਭਗਤ ਯਾਦਗਾਰ ਹਾਲ ਦੇ ਖੁੱਲ੍ਹੇ ਪਾਰਕ ਅੱਗੇ ਸ਼ਹੀਦ ਕਰਤਾਰ ਸਿੰਘ ਸਰਾਭਾ ਮੰਚ ਦੇ ਗੇਟ ਕੋਲ ਲਗਾਈ ਧੂਣੀ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਮੀਤ ਪ੍ਰਧਾਨ ਸੀਤਲ ਸਿੰਘ ਸੰਘਾ, ਖਜ਼ਾਨਚੀ ਰਣਜੀਤ ਸਿੰਘ ਔਲਖ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਇਤਿਹਾਸ ਕਮੇਟੀ ਦੇ ਚਰੰਜੀ ਲਾਲ ਕੰਗਣੀਵਾਲ, ਲਾਇਬਰੇਰੀ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ, ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਕ੍ਰਿਸ਼ਨਾ ਅਤੇ ਇਸ ਮੌਕੇ ਜੁੜੇ ਸਾਹਿਤਕ, ਸਭਿਆਚਾਰਕ, ਸਮਾਜਿਕ, ਨੌਜਵਾਨ, ਤਰਕਸ਼ੀਲ, ਜਮਹੂਰੀ ਸੰਸਥਾਵਾਂ ਦੇ ਪ੍ਰਤੀਨਿਧਾਂ ਦੀ ਅਗਵਾਈ ’ਚ ਕਾਰਕੁਨਾਂ ਨੇ ਸ਼ਿਰਕਤ ਕੀਤੀ ਅਤੇ ਇਕੱਠ ਨੇ ਕਾਲ਼ੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ। ਗ਼ਦਰ ਪਾਰਟੀ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ, ਸਮੂਹ ਆਜ਼ਾਦੀ ਸੰਗਰਾਮ ਦੀਆਂ ਲਹਿਰਾਂ ਨੂੰ ਇਸ ਮੌਕੇ ਯਾਦ ਕਰਦਿਆਂ ਮਾਈ ਭਾਗੋ ਦੀ ਸਿਦਕਦਿਲੀ ਅਤੇ ਅਦੁੱਤੀ ਦੇਣ ਨੂੰ ਵੀ ਸਿਜਦਾ ਕੀਤਾ ਗਿਆ। ਸਮੂਹ ਇਕੱਠ ਨੇ ਖੜ੍ਹੇ ਹੋ ਕੇ ਖੇਤੀ ਅੰਦੋਲਨ ਦੌਰਾਨ ਜਾਨਾਂ ਵਾਰਨ ਵਾਲੇ ਕਿਸਾਨਾਂ ਨੂੰ ਸਿਜਦਾ ਕੀਤਾ। ਇਸ ਮੌਕੇ ਕਮੇਟੀ ਵੱਲੋਂ ‘ਅਸੀਂ ਕਾਲ਼ੇ ਕਾਨੂੰਨਾਂ ਦਾ ਵਿਰੋਧ ਕਰਦੇ ਹਾਂ, ਅਸੀਂ ਦਿੱਲੀ ਅੰਦੋਲਨ ਦੀ ਹਮਾਇਤ ਕਰਦੇ ਹਾਂ’ ਲਿਖਿਆ ਸਟਿੱਕਰ ਵੀ ਜਾਰੀ ਕੀਤਾ ਗਿਆ।

ad