'ਜ਼ਫਰਨਾਮਾ' ਕਾਰਨ ਮੁਸ਼ਕਿਲਾਂ 'ਚ ਘਿਰੇ ਸੂਫੀ ਗਾਇਕ ਸਤਿੰਦਰ ਸਰਤਾਜ, ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਾ ਮਾਮਲਾ

'ਜ਼ਫਰਨਾਮਾ' ਕਾਰਨ ਮੁਸ਼ਕਿਲਾਂ 'ਚ ਘਿਰੇ ਸੂਫੀ ਗਾਇਕ ਸਤਿੰਦਰ ਸਰਤਾਜ, ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਾ ਮਾਮਲਾ

ਜਲੰਧਰ  —  ਸੂਫੀ ਗਾਇਕ ਸਤਿੰਦਰ ਸਰਤਾਜ ਵਲੋਂ ਹਾਲ ਹੀ ਵਿਚ ਗਾਏ ਗੀਤ 'ਜ਼ਫ਼ਰਨਾਮਾ' ਵਿਚ ਗੁਰਬਾਣੀ ਦਾ ਅਸ਼ੁੱਧ ਉਚਾਰਨ ਕਰਨ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਿਆ ਹੈ। ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ ਤੇ ਫੈੱਡਰੇਸ਼ਨ ਦੇ ਸਾਬਕਾ ਆਗੂ ਪ੍ਰੋ: ਸਰਚਾਂਦ ਸਿੰਘ ਨੇ ਜਥੇਦਾਰ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੂੰ ਇਸ ਸੰਬੰਧੀ ਮੰਗ ਪੱਤਰ ਦਿੱਤਾ ਹੈ। ਇਸ ਤੋਂ ਬਾਅਦ ਸਤਿੰਦਰ ਸਰਤਾਜ ਨੂੰ ਮੌਜੂਦ 'ਜ਼ਫਰਨਾਮਾ' ਵਾਪਸ ਲੈਣ ਤੇ ਇਸ ਦਾ ਸ਼ੁੱਧ ਉਚਾਰਨ ਦੇ ਨਾਲ ਹੋਰ ਲੋੜੀਂਦੀ ਸੋਧ ਕਰਕੇ ਗੁਰਮਤਿ ਅਨੁਸਾਰ ਮੁੜ ਰਿਕਾਰਡਿੰਗ ਕਰਵਾਉਣ ਦੀ ਹਿਦਾਇਤ ਦਿੱਤੀ ਗਈ ਹੈ।
ਇਸ ਬਾਰੇ ਆਗੂਆਂ ਨੇ ਕਿਹਾ ਕਿ ਅੱਜ ਦੀ ਲੱਚਰ ਗਾਇਕੀ ਦੇ ਦੌਰ 'ਚ ਵੀ ਨਵੀਂ ਪੀੜ੍ਹੀ ਦੇ ਕੁਝ ਗਾਇਕਾਂ ਦਾ ਗੁਰਬਾਣੀ ਗਾਇਨ, ਗੁਰ ਇਤਿਹਾਸ, ਵਿਸ਼ਵਾਸ ਤੇ ਸਿੱਖ ਸਾਹਿਤ ਪ੍ਰਤੀ ਕਿਰਿਆਸ਼ੀਲ ਹੋਣਾ ਤੇ ਇਸ ਪ੍ਰਤੀ ਤਵੱਜੋਂ ਹਾਸਲ ਕਰਨ ਪ੍ਰਤੀ ਪੇਸ਼ਕਾਰੀ ਸਲਾਹੁਣਯੋਗ ਹੈ, ਜਿਸ ਦੀ ਹੌਸਲਾ-ਅਫਜ਼ਾਈ ਕਰਨੀ ਬਣਦੀ ਹੈ। ਇਸ ਦੇ ਨਾਲ ਹੀ ਸਿੱਖੀ 'ਚ ਗੁਰਬਾਣੀ ਦਾ ਗਲਤ ਉਚਾਰਨ ਅਪਰਾਧ ਮੰਨਿਆ ਜਾਂਦਾ ਹੈ ਤੇ ਕਿਸੇ ਵੀ ਸਿੰਘ ਕੋਲ ਪਾਠ ਕਰਦਿਆਂ ਕਿਸੇ ਵੀ ਪ੍ਰਕਾਰ ਦੀਆਂ ਅਸ਼ੁੱਧੀਆਂ ਜਾਂ ਤਰੁੱਟੀਆਂ ਰਹਿ ਗਈਆਂ ਹੋਣ ਤਾਂ ਅਰਦਾਸ ਦੌਰਾਨ 'ਅੱਖਰਾਂ' ਦੀ ਭੁੱਲ ਚੁੱਕ ਪ੍ਰਤੀ ਮੁਆਫੀ ਦੀ ਵਿਵਸਥਾ ਮੌਜੂਦ ਹੈ। ਉਨ੍ਹਾਂ ਕਿਹਾ ਕਿ ਹਾਲ ਹੀ 'ਚ ਸਤਿੰਦਰ ਸਰਤਾਜ ਵਲੋਂ ਸ੍ਰੀ ਗੁਰੂ ਗੋਬਿੰਦ ਜੀ ਮਹਾਰਾਜ ਦਾ ਰਚਿਤ 'ਜ਼ਫ਼ਰਨਾਮਾ' ਦਾ ਗਾਇਨ ਅਨੇਕਾਂ ਅਸ਼ੁੱਧ ਉਚਾਰਨ ਤੇ ਹੋਰ ਤਰੁੱਟੀਆਂ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਦੱਸ ਦੇਈਏ ਕਿ ਗੁਰੂ ਸਾਹਿਬ ਵਲੋਂ ਰਚਿਤ 'ਜ਼ਫਰਨਾਮਾ' ਫਾਰਸੀ ਭਾਸ਼ਾ ਵਿਚ ਹੈ। ਅਜਿਹੇ ਵਿਚ ਸਰਤਾਜ ਵਲੋਂ ਗਾਏ ਗਏ 'ਜ਼ਫਰਨਾਮਾ' ਵਿਚ ਪਾਈਆਂ ਗਈਆਂ ਊਣਤਾਈਆਂ ਗੁਰੂ ਸਾਹਿਬ ਦੇ ਦਾਰਸ਼ਨਿਕ ਪੱਖ ਤੇ ਕੀਰਤੀਮਾਨ ਪ੍ਰਤੀ ਫਾਰਸੀ ਨੂੰ ਸਮਝਣ ਵਾਲਿਆਂ ਵਿਚ ਸ਼ੰਕਾ ਪੈਦਾ ਕਰਨ ਦਾ ਕਾਰਨ ਬਣੇਗਾ।    

ਦੱਸਣਯੋਗ ਹੈ ਕਿ ਇਸ ਦੇ ਨਾਲ ਹੀ ਉਨ੍ਹਾਂ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਕਿ ਕੁਝ ਸਮੇਂ ਤੋਂ ਗਾਇਕਾਂ, ਫ਼ਿਲਮਸਾਜ਼ ਤੇ ਸਾਹਿਤਕਾਰ ਆਲੋਚਕਾਂ ਦੀ ਸਿਰਜਣ ਸਮੱਗਰੀ 'ਚ ਸਿੱਖ ਸੱਭਿਆਚਾਰ ਤੇ ਵਿਚਾਰਧਾਰਾ ਪ੍ਰਤੀ ਹਮਲੇ ਹੋ ਰਹੇ ਹਨ, ਜੋ ਕਿ ਕਈ ਵਾਰ ਵਿਵਾਦ ਦਾ ਮੁੱਦਾ ਬਣ ਕੇ ਸਾਹਮਣੇ ਆਏ ਸਨ। ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਰਾਸ਼ਟਰੀ ਫਿਲਮ ਸੈਂਸਰ ਬੋਰਡ ਦੀ ਤਰਜ਼ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਫਿਲਮਾਂਕਣ ਤੋਂ ਇਲਾਵਾ ਗੁਰਬਾਣੀ, ਸਿੱਖ ਲਿਟਰੇਚਰ ਤੇ ਗਾਇਨ 'ਤੇ ਵੀ ਨਜ਼ਰ ਰੱਖਣ ਪ੍ਰਤੀ ਸੈਂਸਰ ਬੋਰਡ ਦਾ ਗਠਨ ਕਰਵਾਉਣਾ ਚਾਹੀਦਾ ਹੈ।

ad