ਅੰਮ੍ਰਿਤਪਾਲ ਦੇ ਪੰਜ ਸਾਥੀਆਂ ’ਤੇ ਐੱਨਐੱਸਏ ਲਾਇਆ

ਅੰਮ੍ਰਿਤਪਾਲ ਦੇ ਪੰਜ ਸਾਥੀਆਂ ’ਤੇ ਐੱਨਐੱਸਏ ਲਾਇਆ

ਚੰਡੀਗੜ੍ਹ, 
ਅੰਮ੍ਰਿਤਪਾਲ ਅਤੇ ਸਮਰਥਕਾਂ ਖ਼ਿਲਾਫ਼ ਛੇ ਕੇਸ ਦਰਜ
‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਪੰਜਾਬ ਪੁਲੀਸ ਵੱਲੋਂ ਵੱਖ ਵੱਖ ਥਾਵਾਂ ’ਤੇ ਛਾਪੇ ਮਾਰੇ ਜਾ ਰਹੇ ਹਨ। ਪੁਲੀਸ ਨੇ ਅੰਮ੍ਰਿਤਪਾਲ ਦੇ ਚਾਚੇ ਹਰਜੀਤ ਸਿੰਘ ਸਮੇਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਸ਼ਿਫ਼ਟ ਕੀਤੇ ਦਲਜੀਤ ਸਿੰਘ ਕਲਸੀ, ਬਸੰਤ ਸਿੰਘ, ਗੁਰਮੀਤ ਸਿੰਘ ਅਤੇ ਭਗਵੰਤ ਸਿੰਘ ਬਾਜੇਕਾ ’ਤੇ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨਐੱਸਏ) ਲਗਾ ਦਿੱਤਾ ਹੈ। ਅੰਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ ਅਤੇ ਨਿੱਜੀ ਡਰਾਈਵਰ ਹਰਪ੍ਰੀਤ ਸਿੰਘ ਨੇ ਐਤਵਾਰ ਦੇਰ ਰਾਤ ਮਹਿਤਪੁਰ ਲਾਗੇ ਆਤਮ ਸਮਰਪਣ ਕਰ ਦਿੱਤਾ ਸੀ। ਹਰਜੀਤ ਸਿੰਘ ਨੂੰ ਵੀ ਡਿਬਰੂਗੜ੍ਹ ਜੇਲ੍ਹ ਵਿਚ ਭੇਜ ਦਿੱਤਾ ਗਿਆ ਹੈ। ਸੂਬੇ ’ਚ ਮੋਬਾਈਲ ਇੰਟਰਨੈੱਟ ਅਤੇ ਐੱਸਐੱਮਐੱਸ ਸੇਵਾਵਾਂ ਦੀ ਮੁਅੱਤਲੀ ਮੰਗਲਵਾਰ ਦੁਪਹਿਰ 12 ਵਜੇ ਤੱਕ ਵਧਾ ਦਿੱਤੀ ਗਈ ਹੈ। ਪੁਲੀਸ ਨੇ ਸੂਬੇ ਵਿਚ ਮਾਹੌਲ ’ਤੇ ਕੰਟਰੋਲ ਰੱਖਣ ਲਈ ਸਖ਼ਤ ਹਦਾਇਤਾਂ ਦਿੱਤੀਆਂ ਹਨ। ਜ਼ਿਲ੍ਹਿਆਂ ਵਿਚ ਦਫ਼ਾ 144 ਲਗਾਏ ਜਾਣ ਤੋਂ ਇਲਾਵਾ ਪੁਲੀਸ ਨੇ ਫਲੈਗ ਮਾਰਚ ਕੱਢੇ ਜਾਣ ਦਾ ਸਿਲਸਿਲਾ ਵੀ ਜਾਰੀ ਰੱਖਿਆ। ਅੰਤਰਰਾਜੀ ਨਾਕਿਆਂ ਤੋਂ ਇਲਾਵਾ ਪੈਟਰੋਲਿੰਗ ਵੀ ਵਧਾ ਦਿੱਤੀ ਗਈ ਹੈ। ਅੰਮ੍ਰਿਤਪਾਲ ਦੀ ਆਖ਼ਰੀ ਲੋਕੇਸ਼ਨ ਸ਼ਾਹਕੋਟ ਇਲਾਕੇ ਦੀ ਆਈ ਹੈ ਅਤੇ ਉਸ ਦੀ ਪੈੜ ਨੱਪਣ ਲਈ ਪੁਲੀਸ ਵੱਲੋਂ ਸਾਰੇ ਮੋਬਾਈਲ ਨੈੱਟਵਰਕ ਖੰਗਾਲੇ ਜਾ ਰਹੇ ਹਨ।

ਪੁਲੀਸ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਨੂੰ ਅਹਿਮ ਮੰਨ ਕੇ ਚੱਲ ਰਹੀ ਹੈ। ਖ਼ੁਫ਼ੀਆ ਵਿੰਗ ਵੱਲੋਂ ਉਨ੍ਹਾਂ ਸਮਰਥਕਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ, ਜਿਨ੍ਹਾਂ ਵੱਲੋਂ ਇਸ ਅਪਰੇਸ਼ਨ ਦੇ ਵਿਰੋਧ ’ਚ ਕੋਈ ਰੋਹ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਅਪਰੇਸ਼ਨ ਦੀ ਪਲ ਪਲ ਦੀ ਜਾਣਕਾਰੀ ਲੈ ਰਹੇ ਹਨ। ਸੂਤਰਾਂ ਮੁਤਾਬਕ ਵਜ਼ੀਰਾਂ ਨੂੰ ਵੀ ਚੌਕਸ ਰਹਿਣ ਲਈ ਕਿਹਾ ਗਿਆ ਹੈ।


ਜਲੰਧਰ ਦੇ ਮਹਿਤਪੁਰ ’ਚ ਆਤਮ-ਸਮਰਪਣ ਮੌਕੇ ਅੰਮ੍ਰਿਤਪਾਲ ਦਾ ਚਾਚਾ ਹਰਜੀਤ ਸਿੰਘ ਅਤੇ ਡਰਾਈਵਰ ਹਰਪ੍ਰੀਤ ਸਿੰਘ। -ਫੋਟੋ: ਮਲਕੀਅਤ ਸਿੰਘ
ਇਸ ਦੌਰਾਨ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਨੇ ਵੀ ਹਾਈ ਅਲਰਟ ਐਲਾਨ ਦਿੱਤਾ ਹੈ। ਪੰਜਾਬ ਪੁਲੀਸ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਬਣਾ ਕੇ ਚੱਲ ਰਹੀ ਹੈ। ਪੰਜਾਬ ਪੁਲੀਸ ਦੇ ਬੁਲਾਰੇ ਆਈਜੀ ਡਾ. ਸੁਖਚੈਨ ਸਿੰਘ ਗਿੱਲ ਨੇ ਅੱਜ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਦੌਰਾਨ ਅੰਮ੍ਰਿਤਪਾਲ ਦੇ 114 ਸਮਰਥਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਅੰਮ੍ਰਿਤਪਾਲ ਅਜੇ ਵੀ ਫ਼ਰਾਰ ਹੈ ਜਿਸ ਦੀ ਗ੍ਰਿਫ਼ਤਾਰੀ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਡਾ. ਗਿੱਲ ਨੇ ਦੱਸਿਆ ਕਿ ਹੁਣ ਤੱਕ ਅੰਮ੍ਰਿਤਪਾਲ ਦੇ ਸਮਰਥਕਾਂ ’ਤੇ ਛੇ ਕੇਸ ਦਰਜ ਕੀਤੇ ਗਏ ਹਨ ਜੋ ਗ਼ੈਰਕਾਨੂੰਨੀ ਹਥਿਆਰ ਰੱਖਣ, ਪੁਲੀਸ ਦੇ ਕੰਮ ਵਿਚ ਰੁਕਾਵਟ ਖੜ੍ਹੀ ਕਰਨ ਅਤੇ ਵਿਘਨ ਪਾਉਣ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਪੰਜ ਵਿਅਕਤੀਆਂ ’ਤੇ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨਐੱਸਏ) ਲਾਗੂ ਕੀਤਾ ਗਿਆ ਹੈ ਅਤੇ ਅੰਮ੍ਰਿਤਪਾਲ ਖ਼ਿਲਾਫ਼ ਵੀ ਐੱਨਐੱਸਏ ਲਾਗੂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਐੱਨਐੱਸਏ ਨਜ਼ਰਬੰਦਾਂ ਨੂੰ ਰਿਮਾਂਡ ਲਈ ਅਦਾਲਤ ਵਿਚ ਪੇਸ਼ ਕਰਨ ਦੀ ਲੋੜ ਨਹੀਂ ਹੁੰਦੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਇਸ ਅਪਰੇਸ਼ਨ ਦੌਰਾਨ ਇੱਕ ਮਰਸਿਡੀਜ਼ ਗੱਡੀ ਅਤੇ ਤਿੰਨ ਐਂਡੇਵਰ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਅੰਮ੍ਰਿਤਪਾਲ ਵੱਲੋਂ ਵਰਤੀ ਗੱਡੀ ’ਚੋਂ ਇੱਕ ਵਾਕੀ-ਟਾਕੀ ਸੈੱਟ ਵੀ ਬਰਾਮਦ ਹੋਇਆ ਹੈ। ਪੁਲੀਸ ਨੇ 10 ਹਥਿਆਰ ਵੀ ਬਰਾਮਦ ਕੀਤੇ ਹਨ ਜਿਨ੍ਹਾਂ ਵਿਚ 9 ਰਾਈਫਲਾਂ ਹਨ। ਫੜੀ ਗਈ ਐੱਸਯੂਵੀ ਗੱਡੀ ਮਨਪ੍ਰੀਤ ਸਿੰਘ ਨਾਮ ਦੇ ਵਿਅਕਤੀ ਦੀ ਹੈ ਜਿਸ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਗੱਡੀਆਂ ਦੇ ਮਾਲਕਾਂ ਦੇ ਆਮਦਨ ਸਰੋਤ ਛੋਟੇ ਹਨ ਅਤੇ ਉਹ ਗੱਡੀਆਂ ਦੀ ਖ਼ਰੀਦ ਲਈ ਵਰਤੇ ਫ਼ੰਡਾਂ ਦੇ ਸਰੋਤਾਂ ਦਾ ਪਤਾ ਲਗਾ ਰਹੇ ਹਨ। ਪੰਜਾਬ ਪੁਲੀਸ ਨੇ ਸੂਬੇ ਦੇ ਲੋਕਾਂ ਨੂੰ ਫੇਕ ਨਿਊਜ਼ ਅਤੇ ਅਫ਼ਵਾਹਾਂ ਤੋਂ ਦੂਰ ਰਹਿਣ ਲਈ ਕਿਹਾ ਹੈ ਅਤੇ ਸ਼ਰਾਰਤੀ ਤੱਤਾਂ ਨੂੰ ਚਿਤਾਵਨੀ ਵੀ ਦਿੱਤੀ ਹੈ। ਡਾ. ਗਿੱਲ ਨੇ ਕਿਹਾ ਕਿ ਪੰਜਾਬ ਵਿਚ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ ਅਤੇ ਅੰਮ੍ਰਿਤਪਾਲ ਦੀ ਜਦੋਂ ਵੀ ਗ੍ਰਿਫ਼ਤਾਰੀ ਹੋਵੇਗੀ, ਉਸ ਤੋਂ ਜਾਣੂ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਅੰਮ੍ਰਿਤਪਾਲ ਬਾਰੇ ਹਾਈ ਕੋਰਟ ਵਿਚ ਜੋ ਪਟੀਸ਼ਨ ਪਾਈ ਗਈ ਹੈ, ਉਸ ਦੀ ਸਥਿਤੀ ਬਾਰੇ ਤੱਥ ਰੱਖੇ ਜਾਣਗੇ ਕਿ ਅੰਮ੍ਰਿਤਪਾਲ ਨੂੰ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।

ਉਧਰ ਬਾਬਾ ਬਕਾਲਾ ਸਾਹਿਬ ਦੀ ਅਦਾਲਤ ਵਿਚ ਅੰਮ੍ਰਿਤਪਾਲ ਦੇ ਚਾਰ ਸਮਰਥਕਾਂ ਨੂੰ ਪੇਸ਼ ਕਰਕੇ ਤਿੰਨ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਅੰਮ੍ਰਿਤਪਾਲ ਦੇ ਸਮਰਥਕਾਂ ਨੇ ਮੱਖੂ ਨੇੜੇ ਕੌਮੀ ਮਾਰਗ ’ਤੇ ਨਵੇਂ ਪੁੱਲ ’ਤੇ ਦੂਜੇ ਦਿਨ ਵੀ ਜਾਮ ਲਾਇਆ।

‘ਵਹੀਰ ਵਾਸਤੇ ਆਏ ਵਿਦੇਸ਼ੀ ਫ਼ੰਡ’

ਆਈਜੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੁਲੀਸ ਨੂੰ ਪੂਰਾ ਸ਼ੱਕ ਹੈ ਕਿ ਅੰਮ੍ਰਿਤਪਾਲ ਦੀ ਜਥੇਬੰਦੀ ਨੂੰ ਵਿਦੇਸ਼ੀ ਫਡਿੰਗ ਤੋਂ ਇਲਾਵਾ ਪਾਕਿਸਤਾਨ ਦੀ ਆਈਐੱਸਆਈ ਤੋਂ ਵੀ ਸਹਾਇਤਾ ਮਿਲ ਰਹੀ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਵੱਲੋਂ ਪੈਸੇ ਇਕੱਠੇ ਕਰਨ ਲਈ ਹਵਾਲਾ ਰੂਟ ਵਰਤਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਬੇਸ਼ੱਕ ਛੋਟੇ ਛੋਟੇ ਫ਼ੰਡ ਆਏ ਹਨ ਪ੍ਰੰਤੂ ਸਮੁੱਚੀ ਰਾਸ਼ੀ ਕਾਫ਼ੀ ਬਣ ਜਾਂਦੀ ਹੈ। ਗਿੱਲ ਨੇ ਕਿਹਾ ਕਿ ਵਹੀਰ ਵਾਸਤੇ ਇਨ੍ਹਾਂ ਫ਼ੰਡਾਂ ਦੀ ਵਰਤੋਂ ਹੁੰਦੀ ਸੀ। ਉਨ੍ਹਾਂ ਕਿਹਾ ਕਿ ਇਸ ਗੱਲ ਦੇ ਸਬੂਤ ਮਿਲੇ ਹਨ ਕਿ ਅੰਮ੍ਰਿਤਪਾਲ ਆਪਣੇ ਨੇੜਲੇ ਸਾਥੀਆਂ ਨਾਲ ਮਿਲ ਕੇ ‘ਆਨੰਦਪੁਰ ਖ਼ਾਲਸਾ ਫ਼ੌਜ’ ਬਣਾ ਰਿਹਾ ਸੀ। ਗਿੱਲ ਨੇ ਕਿਹਾ ਕਿ ਬਰਾਮਦ ਹੋਈਆਂ ਜੈਕੇਟਾਂ ਅਤੇ ਰਾਈਫਲਾਂ ’ਤੇ ਏਕੇਐਫ ਦੇ ਲੋਗੋ ਹਨ।

ਇੰਟਰਨੈੱਟ ਸੇਵਾ ’ਤੇ ਰੋਕ ਖ਼ਿਲਾਫ਼ ਹਾਈ ਕੋਰਟ ’ਚ ਅਰਜ਼ੀ

ਪੰਜਾਬ ਵਿਚ ਇੰਟਰਨੈੱਟ ਅਤੇ ਐੱਸਐੱਮਐੱਸ ਸੇਵਾਵਾਂ ’ਤੇ ਰੋਕ ਇੱਕ ਦਿਨ ਲਈ ਹੋਰ ਵਧਾ ਦਿੱਤੀ ਗਈ ਹੈ। ਐਡਵੋਕੇਟ ਜਗਮੋਹਨ ਸਿੰਘ ਭੱਟੀ ਨੇ ਇੰਟਰਨੈੱਟ ਸੇਵਾ ਬੰਦ ਕੀਤੇ ਜਾਣ ਖ਼ਿਲਾਫ਼ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਦੂਜੇ ਪਾਸੇ ਪੁਲੀਸ ਦਾ ਕਹਿਣਾ ਹੈ ਕਿ ਜਨਤਕ ਵਿਵਸਥਾ ਬਣਾਈ ਰੱਖਣ ਲਈ ਇਹ ਸੇਵਾ ਬੰਦ ਕੀਤੀ ਗਈ ਹੈ।

ਸਰਹੱਦੀ ਖੇਤਰਾਂ ’ਚ ਹਾਈ ਅਲਰਟ

ਕੇਂਦਰੀ ਗ੍ਰਹਿ ਮੰਤਰਾਲੇ ਨੇ ਸੀਮਾ ਸੁਰੱਖਿਆ ਬਲਾਂ ਅਤੇ ਸਸ਼ਤਰ ਸੀਮਾ ਬਲਾਂ ਦੇ ਡਾਇਰੈਕਟਰ ਜਨਰਲਾਂ ਨੂੰ ਨਿਰਦੇਸ਼ ਭੇਜ ਕੇ ਸਰਹੱਦੀ ਖੇਤਰਾਂ ਵਿਚ ਹਾਈ ਅਲਰਟ ਰੱਖਣ ਲਈ ਕਿਹਾ ਹੈ। ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਖ਼ਾਲਿਸਤਾਨ ਹਮਦਰਦ ਅੰਮ੍ਰਿਤਪਾਲ ਵੱਲੋਂ ਵਿਦੇਸ਼ ਭੱਜਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਗ੍ਰਹਿ ਮੰਤਰਾਲੇ ਨੇ ਹਵਾਈ ਅੱਡਿਆਂ ’ਤੇ ਇਮੀਗਰੇਸ਼ਨ ਅਫ਼ਸਰਾਂ ਨੂੰ ਵੀ ਹਾਈ ਅਲਰਟ ’ਤੇ ਰਹਿਣ ਦੀ ਹਦਾਇਤ ਕੀਤੀ ਹੈ। ਗ੍ਰਹਿ ਮੰਤਰਾਲੇ ਨੇ ਪਹਿਲਾਂ ਹੀ ਅੰਮ੍ਰਿਤਪਾਲ ਦੀਆਂ ਦੋ ਤਸਵੀਰਾਂ ਵੀ ਜਾਰੀ ਕੀਤੀਆਂ ਹਨ।

75 ਟਵਿੱਟਰ ਖਾਤੇ ਮੁਅੱਤਲ

ਅੰਮ੍ਰਿਤਪਾਲ ਖ਼ਿਲਾਫ਼ ਸਰਚ ਅਪਰੇਸ਼ਨ ਦੌਰਾਨ ਕਰੀਬ 75 ਟਵਿੱਟਰ ਖਾਤੇ ਮੁਅੱਤਲ ਕੀਤੇ ਗਏ ਹਨ ਜਿਨ੍ਹਾਂ ਵਿਚ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਦੋ ਮੀਡੀਆ ਕਰਮੀਆਂ ਦੇ ਟਵਿੱਟਰ ਖਾਤੇ ਵਿਚ ਸ਼ਾਮਲ ਹਨ। ਪਤਾ ਲੱਗਾ ਹੈ ਕਿ ਪੰਜਾਬ ਪੁਲੀਸ ਨੇ ਅਜਿਹਾ ਕਦਮ ਚੁੱਕਿਆ ਹੈ। ਕਿਤੇ ਨਾ ਕਿਤੇ ਮੀਡੀਆ ਕਰਮੀਆਂ ’ਚ ਇਸ ਗੱਲ ਦਾ ਰੋਸ ਵੀ ਹੈ। ਆਈਜੀ ਸੁਖਚੈਨ ਸਿੰਘ ਗਿੱਲ ਨੇ ਪੱਤਰਕਾਰਾਂ ਦੇ ਟਵਿੱਟਰ ਖਾਤੇ ਮੁਅੱਤਲ ਕੀਤੇ ਜਾਣ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

sant sagar