22ਵਾਂ ਉਸਤਾਦ ਲਾਲ ਚੰਦ ਯਮਲਾ ਜੱਟ ਯਾਦਗਾਰੀ ਮੇਲਾ ਧੂਮਧਾਮ ਨਾਲ ਹੋਇਆ ਸੰਪੰਨ
ਫਰਿਜ਼ਨੋ/ਕੈਲੇਫੋਰਨੀਆ- ਪੰਜਾਬੀ ਸੱਭਿਆਚਾਰ ਅਤੇ ਗਾਇਕੀ ਦਾ ਮਾਣ, ਤੂੰਬੀ ਦੇ ਬਾਦਸ਼ਾਹ ਮਰਹੂਮ ਕਲਾਕਾਰ ਉਸਤਾਦ ਲਾਲ ਚੰਦ ਯਮਲਾ ਜੱਟ ਦਾ 22ਵਾਂ ਯਾਦਗਾਰੀ ਮੇਲਾ ਲਾਇਆ ਗਿਆ। ਜਿਸ ਦੀ ਸ਼ੁਰੂਆਤ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਤਸਵੀਰ 'ਤੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਹਾਰ ਪਾਉਣ ਉਪਰੰਤ ਹੋਈ। ਪਿਛਲੇ ਸਾਲਾਂ ਦੌਰਾਨ ਮੇਲਾ ਕਮੇਟੀ ਦੀਆਂ ਵਿੱਛੜ ਚੁੱਕੀਆਂ ਰੂਹਾਂ ਨੂੰ ਵੀ ਦੋ ਮਿੰਟ ਦਾ ਮੌਨ ਰੱਖਦੇ ਹੋਏ ਸ਼ਰਧਾਂਜ਼ਲੀ ਦਿੱਤੀ ਗਈ। ਇਸ ਬਾਅਦ ਚਲੇ ਗਾਇਕੀ ਦੇ ਖੁੱਲ੍ਹੇ ਅਖਾੜੇ ਵਿੱਚ ਯਮਲਾ ਜੱਟ ਦੇ ਲਾਡਲੇ ਸ਼ਾਗਿਰਦ ਅਤੇ ਮੇਲਾ ਕਮੇਟੀ ਦੇ ਪ੍ਰੈਜ਼ੀਡੈਂਟ ਰਾਜਿੰਦਰ ਬਰਾੜ, ਉਰਫ ਰਾਜ ਬਰਾੜ ਯਮਲਾ ਨੇ ਆਪਣੀ ਗਾਇਕੀ ਰਾਹੀਂ ਖੂਬ ਰੰਗ ਬੰਨ੍ਹੇ।
ਜਿਸ ਬਾਅਦ ਗਾਇਕ ਅਵਤਾਰ ਗਰੇਵਾਲ, ਪੱਪੀ ਭਦੌੜ, ਕਮਲਜੀਤ ਬੈਨੀਪਾਲ, ਗੌਗੀ ਸੰਧੂ, ਬਾਈ ਕੁੰਦਨ ਧਾਮੀ ਆਦਿਕ ਨੇ ਯਮਲਾ ਜੀ ਦੇ ਅਤੇ ਆਪਣੇ ਗੀਤਾਂ ਰਾਹੀ ਹਾਜ਼ਰੀ ਭਰਦੇ ਹੋਏ ਹਾਜ਼ਰੀਨ ਦਾ ਭਰਪੂਰ ਮਨੋਰੰਜਨ ਕੀਤਾ। ਜਦ ਕਿ ਸਰੋਤਿਆਂ ਦੀ ਮੰਗ ਨੂੰ ਮੁੱਖ ਰੱਖਦੇ ਦੁਗਾਣਾ ਜੋੜੀ ਵਿੱਚ ਸੁਲਤਾਨ ਅਖਤਰ ਅਤੇ ਹਰਜੀਤ ਜੀਤੀ ਨੇ ਸੋਲੋ ਅਤੇ ਦੁਗਾਣਿਆਂ ਰਾਹੀ ਖੂਬ ਵਾਹ-ਵਾਹ ਖੱਟੀ। ਪ੍ਰੋਗਰਾਮ ਦੌਰਾਨ ਸਟੇਜ਼ ਸੰਚਾਲਨ ਕੁਲਵੰਤ ਉੱਭੀ ਧਾਲੀਆਂ ਅਤੇ ਜਸਵੰਤ ਮਹਿੰਮੀ ਨੇ ਬਾਖੂਬੀ ਸ਼ਾਇਰਾਨਾ ਅੰਦਾਜ਼ ਵਿੱਚ ਕੀਤਾ।
ਸੁਆਦੀ ਖਾਣਿਆਂ ਦੇ ਮਾਹਰ ਸ਼ੌਕਤ ਅਲੀ ਦੁਆਰਾ ਬਣਾਏ ਚਾਹ-ਪਕੌੜੇ, ਜਲੇਬੀਆਂ, ਛੋਲੇ-ਪੂਰੀਆਂ ਆਦਿਕ ਦੇ ਲੰਗਰ ਖੁੱਲ੍ਹੇ ਚੱਲੇ। ਸਮੁੱਚੇ ਪ੍ਰੋਗਰਾਮ ਦੌਰਾਨ ਸੰਗੀਤ ਬੱਗਾ ਅਤੇ ਅਮਰੀਕ ਐਂਡ ਪਾਰਟੀ ਵੱਲੋਂ ਦਿੱਤਾ ਗਿਆ। ਜਦ ਕਿ ਖੁੱਲ੍ਹੇ ਅਖਾੜੇ ਵਿੱਚ ਸਪੀਕਰਾਂ ਦੀ ਗੂੰਜ਼ ਬਹੁ-ਪੱਖੀ ਸ਼ਖਸੀਅਤ ਵਿਜੈ ਸਿੰਘ ਨੇ ਪਵਾਈ। ਅੰਤ ਰਾਜ ਬਰਾੜ ਯਮਲੇ ਨੇ ਸਭ ਹਾਜ਼ਰੀਨ ਦਾ ਸਹਿਯੋਗ ਲਈ ਧੰਨਵਾਦ ਕੀਤਾ। ਉਸਤਾਦ ਲਾਲ ਚੰਦ ਯਮਲਾ ਜੱਟ ਦੀ ਗਾਇਕੀ ਅਤੇ ਗੀਤਕਾਰੀ ਨੂੰ ਸਿੱਜਦਾ ਕਰਦੇ ਹੋਏ, ਅੰਤ ਆਪਣੀਆਂ ਅਮਿੱਟ ਪੈੜਾਂ ਛੱਡਦਾ ਹੋਇਆ ਮੇਲਾ ਯਾਦਗਾਰੀ ਹੋ ਨਿਬੜਿਆ।