ਕੱਟੜਵਾਦ ਨਾਲ ਸਿੱਝਣ ਲਈ ਐੱਸਸੀਓ ਸਾਂਝੀ ਰਣਨੀਤੀ ਬਣਾਏ: ਮੋਦੀ

ਕੱਟੜਵਾਦ ਨਾਲ ਸਿੱਝਣ ਲਈ ਐੱਸਸੀਓ ਸਾਂਝੀ ਰਣਨੀਤੀ ਬਣਾਏ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਟੜਵਾਦ ਦੇ ਟਾਕਰੇ ਲਈ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਨੂੰ ਸਾਂਝੀ ਰਣਨੀਤੀ ਵਿਕਸਤ ਕਰਨ ਦੀ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ’ਚ ਵਾਪਰੇ ਘਟਨਾਕ੍ਰਮ ਨੂੰ ਦੇਖਦਿਆਂ ਖ਼ਿੱਤੇ ’ਚ ਸ਼ਾਂਤੀ, ਸੁਰੱਖਿਆ ਅਤੇ ਭਰੋਸੇ ਦੀ ਘਾਟ ਲਈ ਕੱਟੜਤਾ ਵੱਡੀ ਚੁਣੌਤੀ ਹੈ। ਤਾਜਿਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ’ਚ ਐੱਸਸੀਓ ਦੇ ਸਾਲਾਨਾ ਸ਼ਿਖਰ ਸੰਮੇਲਨ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਸਾਰੇ ਮੁਲਕਾਂ ਦੀ ਇਲਾਕਾਈ ਅਖੰਡਤਾ ਦਾ ਸਨਮਾਨ ਕਰਦਿਆਂ ਮੱਧ ਏਸ਼ਿਆਈ ਮੁਲਕਾਂ ਅਤੇ ਭਾਰਤ ਵਿਚਕਾਰ ਸੰਪਰਕ ਵਧਾਉਣ ’ਤੇ ਵੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਮੱਧ ਏਸ਼ੀਆ ਦੇ ਸੂਫ਼ੀਵਾਦ ਅਤੇ ਸੱਭਿਆਚਾਰਕ ਵਿਰਾਸਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਇਤਿਹਾਸਕ ਵਿਰਾਸਤ ਦੇ ਆਧਾਰ ’ਤੇ ਐੱਸਸੀਓ ਨੂੰ ਕੱਟੜਵਾਦ ਅਤੇ ਅਤਿਵਾਦ ਨਾਲ ਨਜਿੱਠਣ ਲਈ ਸਾਂਝੀ ਰਣਨੀਤੀ ਬਣਾਉਣੀ ਚਾਹੀਦੀ ਹੈ। ‘ਐੱਸਸੀਓ ਦੀ 20ਵੀਂ ਵਰ੍ਹੇਗੰਢ ਅਜਿਹਾ ਢੁੱਕਵਾਂ ਮੌਕਾ ਹੈ ਜਦੋਂ ਸਾਨੂੰ ਐੱਸਸੀਓ ਦੇ ਭਵਿੱਖ ਬਾਰੇ ਸੋਚਣਾ ਚਾਹੀਦਾ ਹੈ। ਮੇਰਾ ਮੰਨਣਾ ਹੈ ਕਿ ਇਸ ਖ਼ਿੱਤੇ ’ਚ ਸਭ ਤੋਂ ਵੱਡੀਆਂ ਚੁਣੌਤੀਆਂ ਸ਼ਾਂਤੀ, ਸੁਰੱਖਿਆ ਅਤੇ ਭਰੋਸੇ ਦੀ ਕਮੀ ਹੈ ਅਤੇ ਇਸ ਦੀ ਮੂਲ ਜੜ੍ਹ ’ਚ ਵੱਧ ਰਿਹਾ ਕੱਟੜਵਾਦ ਹੈ।’ ਸ੍ਰੀ ਮੋਦੀ ਨੇ ਕਿਹਾ ਕਿ ਐੱਸਸੀਓ ਨੂੰ ਉਦਾਰ, ਸਹਿਣਸ਼ੀਲ ਅਤੇ ਸਾਰਿਆਂ ਨੂੰ ਲੈ ਕੇ ਚੱਲਣ ਵਾਲੇ ਇਸਲਾਮ ਨਾਲ ਜੁੜੇ ਅਦਾਰਿਆਂ ਅਤੇ ਰਵਾਇਤਾਂ ਦਾ ਇਕ ਮਜ਼ਬੂਤ ਨੈੱਟਵਰਕ ਵਿਕਸਤ ਕਰਨ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਇਸ ਸੰਦਰਭ ’ਚ ਐੱਸਸੀਓ-ਰੈਟਸ (ਰਿਜਨਲ ਐਂਟੀ-ਟੈਰੋਰਿਜ਼ਮ ਸਟ੍ਰੱਕਚਰ) ਵੱਲੋਂ ਕੀਤੀ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਦੇ ਸੁਨਹਿਰੇ ਭਵਿੱਖ ਲਈ ਕੱਟੜਵਾਦ ਨਾਲ ਨਜਿੱਠਣ ਦੀ ਲੋੜ ਹੈ ਅਤੇ ਨੌਜਵਾਨਾਂ ਨੂੰ ਵਿਗਿਆਨਕ ਅਤੇ ਤਰਕਸੰਗਤ ਸੋਚ ਪ੍ਰਤੀ ਉਤਸ਼ਾਹਿਤ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖ਼ਿੱਤੇ ਦੀ ਅਥਾਹ ਆਰਥਿਕ ਸਮਰੱਥਾ ਨੂੰ ਕੱਟੜਵਾਦ ਅਤੇ ਅਸੁਰੱਖਿਆ ਦੀ ਭਾਵਨਾ ਕਾਰਨ ਵਰਤਿਆ ਨਹੀਂ ਜਾ ਸਕਿਆ ਹੈ। ਉਨ੍ਹਾਂ ਕਿਹਾ ਕਿ ਇਰਾਨ ਦੀ ਚਾਬਹਾਰ ਬੰਦਰਗਾਹ ’ਚ ਨਿਵੇਸ਼ ਕੌਮਾਂਤਰੀ ਉੱਤਰ-ਦੱਖਣ ਲਾਂਘੇ ਪ੍ਰਤੀ ਕੋਸ਼ਿਸ਼ਾਂ ਦੀ ਇਕ ਮਿਸਾਲ ਹੈ। ਉਨ੍ਹਾਂ ਦਾ ਇਹ ਪ੍ਰਤੀਕਰਮ ਉਸ ਸਮੇਂ ਆਇਆ ਹੈ ਜਦੋਂ ਚੀਨ ਦੀ ਪੱਟੀ ਅਤੇ ਸੜਕ ਪਹਿਲ ਯੋਜਨਾ ਦੀ ਆਲੋਚਨਾ ਵਧਦੀ ਜਾ ਰਹੀ ਹੈ। 

ad