ਜਾਰਡਨ ਚ ਤਖਤਾਪਲਟ ਨਾਕਾਮ, ਸਪੋਰਟ ਚ ਆਏ ਅਮਰੀਕਾ ਸਣੇ ਕਈ ਮੁਲਕ

ਜਾਰਡਨ ਚ ਤਖਤਾਪਲਟ ਨਾਕਾਮ, ਸਪੋਰਟ ਚ ਆਏ ਅਮਰੀਕਾ ਸਣੇ ਕਈ ਮੁਲਕ

ਅੱਮਾਨ - ਮੱਧ-ਪੂਰਬੀ ਮੁਲਕ ਜਾਰਡਨ ਤਖਤਾਪਲਟ ਦੀਆਂ ਖਬਰਾਂ ਨੂੰ ਲੈ ਕੇ ਦੁਨੀਆ ਭਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਥੋਂ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਮੁਲਕ ਨੇ ਘਟਿਆ ਸਾਜ਼ਿਸ਼ ਨੂੰ ਅਸਫਲ ਕਰ ਦਿੱਤਾ ਹੈ। ਵਿਦੇਸ਼ ਮੰਤਰੀ ਅਯਮਾਨ ਸਫਾਦੀ ਨੇ ਐਤਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਗੱਲ ਆਖੀ ਹੈ। ਇਕ ਦਿਨ ਪਹਿਲਾਂ ਹੀ ਬਾਦਸ਼ਾਹ ਅਬਦੁੱਲਾ ਦੇ ਰਿਸ਼ਤੇਦਾਰ ਨੂੰ ਨਜ਼ਰਬੰਦ ਕੀਤਾ ਗਿਆ ਸੀ। ਸਫਾਦੀ ਨੇ ਕਿਹਾ ਕਿ ਜਾਰਡਨ ਦੇ ਖੁਫੀਆ ਵਿਭਾਗ ਨੇ ਕੁਝ ਸੰਵਾਦ ਫੜ੍ਹੇ ਸਨ, ਜਿਸ ਨੂੰ ਉਨ੍ਹਾਂ ਨੇ 'ਜ਼ੀਰੋ ਆਵਰ' ਦੱਸਿਆ।
ਸਫਾਦੀ ਨੇ ਕਿਹਾ ਕਿ ਇਸ ਤੋਂ ਬਾਅਦ ਸਪੱਸ਼ਟ ਹੋ ਗਿਆ ਹੈ ਕਿ ਸਾਜ਼ਿਸ਼ ਤੋਂ ਬਾਅਦ ਉਹ ਕਾਰਵਾਈ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਦੱਸਿਆ ਕਿ 14 ਤੋਂ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਰਡਨ ਦੇ ਸ਼ਾਸਕ ਅਬਦੁੱਲਾ-2 ਦੀ ਉਨ੍ਹਾਂ ਦੇ ਭਰਾ ਹਮਜ਼ਾ ਵੱਲੋਂ ਅਚਾਨਕ ਜਨਤਕ ਤੌਰ 'ਤੇ ਅਲੋਚਨਾ ਕੀਤੇ ਜਾਣ ਤੋਂ ਬਾਅਦ ਅਬਦੁੱਲਾ ਦਾ ਕਈ ਮੁਲਕਾਂ ਨੇ ਸਮਰਥਨ ਵੀ ਕੀਤਾ ਹੈ। ਹਮਜ਼ਾ ਨੇ ਮੁਲਕ ਚਲਾਉਣ ਦੇ ਤੌਰ ਤਰੀਕਿਆਂ ਨੂੰ ਲੈ ਕੇ ਅਬਦੁੱਲਾ ਦੀ ਅਲੋਚਨਾ ਕੀਤੀ ਸੀ।
ਇਸ ਵਿਚਾਲੇ ਅਮਰੀਕਾ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇਡ ਪ੍ਰਾਇਸ ਨੇ ਆਖਿਆ ਕਿ ਅਬਦੁੱਲਾ ਅਮਰੀਕਾ ਦੇ ਅਹਿਮ ਸਾਂਝੇਦਾਰ ਹਨ ਅਤੇ ਉਨ੍ਹਾਂ ਨੂੰ ਸਾਡਾ ਪੂਰਾ ਸਮਰਥਨ ਹੈ। ਅਮਰੀਕਾ ਜਾਰਡਨ ਨੂੰ ਆਪਣਾ ਅਹਿਮ ਸਹਿਯੋਗੀ ਮੰਨਦਾ ਹੈ ਅਤੇ ਉਹ ਉਸ ਨੂੰ ਫੌਜੀ ਉਪਕਰਣ ਅਤੇ ਸਹਾਇਤਾ ਪ੍ਰਦਾਨ ਕਰਦਾ ਹੈ। ਅਮਰੀਕਾ ਸਮਰਥਕ ਖਾੜ੍ਹੀ ਦੇ ਅਰਬ ਮੁਲਕਾਂ ਨੇ ਵੀ ਅਬਦੁੱਲਾ ਦੇ ਸਮਰਥਨ ਵਿਚ ਬਿਆਨ ਜਾਰੀ ਕੀਤੇ। ਸਾਊਦੀ ਪ੍ਰੈੱਸ ਏਜੰਸੀ ਨੇ ਕਿਹਾ ਕਿ ਮੁਲਕ ਦਾ ਰਾਜ ਪਰਿਵਾਰ ਅਬਦੁੱਲਾ ਦੀ ਸੁਰੱਖਿਆ ਦੇ ਯਤਨਾਂ ਦਾ ਸਮਰਥਨ ਕਰਦਾ ਹੈ। ਬਹਿਰੀਨ, ਕੁਵੈਤੀ, ਕਤਰ ਅਤੇ ਸੰਯੁਕਤ ਅਰਬ ਅਮੀਰਾਤ ਨੇ ਅਬਦੁੱਲਾ ਦੇ ਸਮਰਥਨ ਵਿਚ ਬਿਆਨ ਜਾਰੀ ਕੀਤਾ ਹੈ।
ਨਾਲ ਹੀ ਉਨ੍ਹਾਂ ਨੇ ਅਬਦੁੱਲਾ 'ਤੇ ਭ੍ਰਿਸ਼ਟਾਚਾਰ ਵਿਚ ਸ਼ਾਮਲ ਹੋਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਨਾ ਦੇਣ ਦਾ ਦੋਸ਼ ਲਾਇਆ ਹੈ। ਅਬਦੁੱਲਾ ਵੱਲੋਂ ਹਮਜ਼ਾ ਨੂੰ ਨਜ਼ਰਬੰਦ ਕੀਤੇ ਜਾਣ ਤੋਂ ਬਾਅਦ ਅਬਦੁੱਲਾ ਪ੍ਰਤੀ ਇਹ ਸਮਰਥਨ ਜਾਰਡਨ ਦੇ ਰਣਨੀਤਕ ਮਹੱਤਵ ਨੂੰ ਰੇਖਾਂਕਿਤ ਕਰਦਾ ਹੈ। ਪੱਛਮੀ ਏਸ਼ੀਆ ਵਿਚ ਅਮਰੀਕਾ ਦੇ ਮੁੱਖ ਸਹਿਯੋਗੀ ਜਾਰਡਨ ਵਿਚ ਸੱਤਾਧਾਰੀ ਰਾਜਸ਼ਾਹੀ ਅੰਦਰ ਵਿਵਾਦ ਦਾ ਇਹ ਵਿਰਲਾ ਮਾਮਲਾ ਹੈ।
ਪ੍ਰਿੰਸ ਹਮਜ਼ਾ ਨੇ ਇਕ ਵੀਡੀਓ ਵਿਚ ਕਿਹਾ ਕਿ ਦੇਸ਼ ਦੇ ਫੌਜ ਪ੍ਰਮੁੱਖ ਸ਼ਨੀਵਾਰ ਤੜਕੇ ਉਨ੍ਹਾਂ ਕੋਲ ਆਏ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਬਾਹਰ ਜਾਣ, ਲੋਕਾਂ ਨਾਲ ਗੱਲਬਾਤ ਕਰਨ ਜਾਂ ਉਨ੍ਹਾਂ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਦਾ ਫੋਨ ਅਤੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਉਹ ਸੈਟੇਲਾਈਟ ਇੰਟਰਨੈੱਟ ਰਾਹੀਂ ਗੱਲ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਹਮਜ਼ਾ ਸਾਬਕਾ ਕ੍ਰਾਊਨ ਪ੍ਰਿੰਸ ਹਨ, ਜਿਨ੍ਹਾਂ ਤੋਂ ਅਬਦੁੱਲਾ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਸ਼ਾਸਕ ਬਣਨ ਤੋਂ 5 ਅੰਦਰ ਹੀ ਇਹ ਉਪਾਧੀ ਖੋਹ ਲਈ ਸੀ।

ad