ਜ਼ੇਲੈਂਸਕੀ ਵੱਲੋਂ ਮੋਦੀ ਨਾਲ ਪਰਮਾਣੂ ਕੇਂਦਰਾਂ ਦੀ ਸੁਰੱਖਿਆ ’ਤੇ ਚਰਚਾ

ਜ਼ੇਲੈਂਸਕੀ ਵੱਲੋਂ ਮੋਦੀ ਨਾਲ ਪਰਮਾਣੂ ਕੇਂਦਰਾਂ ਦੀ ਸੁਰੱਖਿਆ ’ਤੇ ਚਰਚਾ

ਕੀਵ- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਸ਼ਾਂਤੀ ਦੇ ਸੱਦੇ ’ਤੇ ਅੱਜ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਉਹ ਰੂਸ ਨਾਲ ਸੰਵਾਦ ਨਹੀਂ ਕਰਨਗੇ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਜ਼ੇਲੈਂਸਕੀ ਨਾਲ ਫੋਨ ’ਤੇ ਗੱਲ ਕੀਤੀ ਸੀ ਤੇ ਪਰਮਾਣੂ ਕੇਂਦਰਾਂ ਦੀ ਸੁਰੱਖਿਆ ਦਾ ਮੁੱਦਾ ਉਠਾਇਆ ਸੀ। ਯੂਕਰੇਨ-ਰੂਸ ਦੀ ਜੰਗ ਕਾਰਨ ਕਈ ਪਰਮਾਣੂ ਊਰਜਾ ਕੇਂਦਰਾਂ ’ਚੋਂ ਰੇਡੀਏਸ਼ਨ ਦਾ ਜੋਖ਼ਮ ਬਣਿਆ ਹੋਇਆ ਹੈ। ਫੋਨ ਕਾਲ ਦੌਰਾਨ ਮੋਦੀ ਨੇ ਕਿਹਾ ਸੀ ਕਿ ਟਕਰਾਅ ਦਾ ਕੋਈ ਫ਼ੌਜੀ ਹੱਲ ਨਹੀਂ ਹੋ ਸਕਦਾ। ਉਨ੍ਹਾਂ ਸ਼ਾਂਤੀ ਬਹਾਲੀ ਲਈ ਭਾਰਤ ਵੱਲੋਂ ਯੋਗਦਾਨ ਦੀ ਪੇਸ਼ਕਸ਼ ਵੀ ਕੀਤੀ ਸੀ। ਮੋਦੀ ਨੇ ਦੁਸ਼ਮਣੀ ਖ਼ਤਮ ਕਰਨ ਤੇ ਕੂਟਨੀਤੀ ਦਾ ਰਾਹ ਫੜਨ ’ਤੇ ਜ਼ੋਰ ਦਿੱਤਾ ਸੀ। ਰੂਸ ਦੇ ਕਬਜ਼ੇ ਹੇਠਲੇ ਚਾਰ ਯੂਕਰੇਨੀ ਖੇਤਰਾਂ ਵਿਚ ਰੂਸ ਵੱਲੋਂ ਰਾਇਸ਼ੁਮਾਰੀ ਕਰਾਉਣ ’ਤੇ ਪ੍ਰਤੀਕਿਰਿਆ ਦਿੰਦਿਆਂ ਜ਼ੇਲੈਂਸਕੀ ਨੇ ਕਿਹਾ ਕਿ ਇਹ ਭੜਕਾਊ ਫ਼ੈਸਲਾ ਸੀ ਜਿਸ ਦਾ ਮੰਤਵ ਯੂਕਰੇਨੀ ਖੇਤਰਾਂ ਦਾ ਗੈਰਕਾਨੂੰਨੀ ਰਲੇਵਾਂ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਅਸਲੀਅਤ ਨਹੀਂ ਬਦਲੇਗੀ ਤੇ ਅਜਿਹੀ ਸਥਿਤੀ ਵਿਚ ਉਹ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਬਿਲਕੁਲ ਗੱਲਬਾਤ ਨਹੀਂ ਕਰਨਗੇ। ਇਸੇ ਦੌਰਾਨ ਜ਼ੇਲੈਂਸਕੀ ਨੇ ਭਾਰਤ ਵੱਲੋਂ ਦਿੱਤੀ ਮਦਦ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਹੈ। ਯੂਕਰੇਨੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਵੱਲੋਂ ਯੂਕਰੇਨ ਦੀ ਅਖੰਡਤਾ ਤੇ ਪ੍ਰਭੂਸੱਤਾ ਦਾ ਪੱਖ ਪੂਰਨ ਲਈ ਭਾਰਤ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਮੋਦੀ ਵੱਲੋਂ ਦਿੱਤੇ ਬਿਆਨ ਕਿ, ‘ਇਹ ਸਮਾਂ ਹੁਣ ਜੰਗ ਦਾ ਨਹੀਂ ਹੈ’, ਦਾ ਵੀ ਜ਼ਿਕਰ ਕੀਤਾ। ਦੋਵਾਂ ਆਗੂਆਂ ਨੇ ਵੱਖਰੇ ਤੌਰ ’ਤੇ ਆਲਮੀ ਖੁਰਾਕ ਸੁਰੱਖਿਆ ’ਤੇ ਵੀ ਚਰਚਾ ਕੀਤੀ। ਜ਼ੇਲੈਂਸਕੀ ਨੇ ਕਿਹਾ ਕਿ ਯੂਕਰੇਨ ਸੰਸਾਰ ’ਚ ਭੋਜਨ ਸੁਰੱਖਿਆ ਯਕੀਨੀ ਬਣਾਉਣ ਪ੍ਰਤੀ ਵਚਨਬੱਧ ਹੈ। ਉਨ੍ਹਾਂ ਇਸ ਮਾਮਲੇ ਵਿਚ ਭਾਰਤ ਤੋਂ ਵੀ ਸਹਿਯੋਗ ਮੰਗਿਆ। ਇਸ ਮੌਕੇ ਪਰਮਾਣੂ ਸੁਰੱਖਿਆ ’ਤੇ ਵਿਸ਼ੇਸ਼ ਚਰਚਾ ਹੋਈ। ਜ਼ੇਲੈਂਸਕੀ ਨੇ ਕਿਹਾ ਕਿ ਰੂਸ ‘ਨਿਊਕਲੀਅਰ ਬਲੈਕਮੇਲ’ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਰਮਾਣੂ ਕੇਂਦਰਾਂ ਦੀ ਸੁਰੱਖਿਆ ਯੂਕਰੇਨ ਲਈ ਹੀ ਨਹੀਂ, ਪੂਰੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਹੈ। 

sant sagar