ਭਗਵੰਤ ਮਾਨ ਕੋਲ ਨਹੀਂ CM ਦੀ ਪਾਵਰ, ਕੇਜਰੀਵਾਲ ਦਿੱਲੀ ਤੋਂ ਚਲਾ ਰਿਹਾ ਪੰਜਾਬ ਸਰਕਾਰ: ਸੁਖਬੀਰ ਬਾਦਲ

ਭਗਵੰਤ ਮਾਨ ਕੋਲ ਨਹੀਂ CM ਦੀ ਪਾਵਰ, ਕੇਜਰੀਵਾਲ ਦਿੱਲੀ ਤੋਂ ਚਲਾ ਰਿਹਾ ਪੰਜਾਬ ਸਰਕਾਰ: ਸੁਖਬੀਰ ਬਾਦਲ

ਤਰਨਤਾਰਨ  - ਪੰਜਾਬ ਦੀ ਸਰਕਾਰ ਬਿਨਾਂ ਮੁੱਖ ਮੰਤਰੀ ਤੋਂ ਚੱਲ ਰਹੀ ਹੈ, ਜਿਸ ਕਰਕੇ ਸੂਬੇ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਬੁਰੀ ਤਰ੍ਹਾਂ ਡਾਵਾਂਡੋਲ ਹੋ ਚੁੱਕੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੀਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਆਏ ਦਿਨ ਲੁੱਟਾਂ-ਖੋਹਾਂ, ਕਤਲ, ਡਕੈਤੀਆਂ, ਚੋਰੀਆਂ ਅਤੇ ਧਮਾਕੇ ਹੋਣ ਵਰਗੀਆਂ ਘਟਨਾਵਾਂ ਨੇ ਪੰਜਾਬ ਨੂੰ ਦਹਿਲਾ ਕੇ ਰੱਖ ਦਿੱਤਾ ਹੈ ਅਤੇ ਆਮ ਲੋਕਾਂ ਦੀ ਸੁਰੱਖਿਆ ਦੀ ਗੱਲ ਤਾਂ ਦੂਰ ਸਗੋਂ ਪੰਜਾਬ ਦਾ ਇੰਟੈਲੀਜੈਂਸ ਵਿੰਗ ਹੀ ਅਸੁਰੱਖਿਅਤ ਜਾਪ ਰਿਹਾ ਹੈ। 
ਉਨ੍ਹਾਂ ਨੇ ਮੋਹਾਲੀ ਵਿਖੇ ਇੰਟੈਲੀਜੈਂਸ ਵਿਭਾਗ ਉਪਰ ਹੋਏ ਰਾਕੇਟ ਹਮਲੇ ’ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੇ ਹਮਲੇ ਹੋਣਾ ਸਰਕਾਰ ਦੀ ਵੱਡੀ ਨਲਾਇਕੀ ਦਾ ਸਬੂਤ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਿਛਲੇ 20-25 ਸਾਲ ਤੋਂ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਪਰ ਹੁਣ ਜਦੋਂ ਵਿਰੋਧੀ ਤਾਕਤਾਂ ਨੂੰ ਪਤਾ ਹੈ ਕਿ ਪੰਜਾਬ ਉਪਰ ਕਿਸੇ ਦਾ ਕੰਟਰੋਲ ਨਹੀਂ ਹੈ ਤਾਂ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਜੇਕਰ ਪੰਜਾਬ ਸਰਕਾਰ ਗੰਭੀਰਤਾ ਨਾਲ ਕੰਮ ਲਵੇ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਤਾਂ ਅਜਿਹੇ ਹਮਲੇ ਕਦੇ ਨਹੀਂ ਹੋ ਸਕਦੇ। 
ਪੜ੍ਹੋ ਇਹ ਵੀ ਖ਼ਬਰ:  ਬਟਾਲਾ ’ਚ ਵੱਡੀ ਵਾਰਦਾਤ: ਅਣਖ ਦੀ ਖਾਤਿਰ ਪਿਓ-ਦਾਦੇ ਨੇ ਤਲਾਕਸ਼ੁਦਾ ਧੀ ਦਾ ਸਿਰ ’ਚ ਇੱਟਾਂ ਮਾਰ ਕੀਤਾ ਕਤਲ
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿਰਫ਼ ਨਾਮ ਦੇ ਹੀ ਮੁੱਖ ਮੰਤਰੀ ਹਨ ਅਤੇ ਉਨ੍ਹਾਂ ਕੋਲ ਮੁੱਖ ਮੰਤਰੀ ਦੀ ਪਾਵਰ ਨਹੀਂ ਹੈ। ਹਕੀਕਤ ਵਿਚ ਪੰਜਾਬ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ’ਤੇ ਹਰਮੀਤ ਸਿੰਘ ਸੰਧੂ ਸਾਬਕਾ ਵਿਧਾਇਕ, ਪ੍ਰੋ. ਵਿਰਸਾ ਸਿੰਘ ਵਲਟੋਹਾ ਆਦਿ ਅਕਾਲੀ ਆਗੂ ਹਾਜ਼ਰ ਸਨ।

sant sagar