ਕੋਵਿਡ ਮਗਰੋਂ ਫਿਲਮਾਂ ਦਾ ਨਵਾਂ ਯੁੱਗ ਸ਼ੁਰੂ ਹੋਵੇਗਾ: ਅਨੁਰਾਗ ਬਾਸੂ

ਕੋਵਿਡ ਮਗਰੋਂ ਫਿਲਮਾਂ ਦਾ ਨਵਾਂ ਯੁੱਗ ਸ਼ੁਰੂ ਹੋਵੇਗਾ: ਅਨੁਰਾਗ ਬਾਸੂ

ਫਿਲਮਸਾਜ਼ ਅਨੁਰਾਗ ਬਾਸੂ ਦਾ ਮੰਨਣਾ ਹੈ ਕਿ ਜਦੋਂ ਕੋਵਿਡ-19 ਮਹਾਮਾਰੀ ਦਾ ਖਾਤਮਾ ਹੋ ਜਾਵੇਗਾ ਤਾਂ ਫਿਲਮ ਸਨਅਤ ਨੂੰ ‘ਪੂਰਬ-ਕਰੋਨਾ ਅਤੇ ਉੱਤਰ-ਕਰੋਨਾ’ ਯੁੱਗ ਨਾਲ ਜਾਣਿਆ ਜਾਵੇਗਾ।
ਅਨੁਰਾਗ ਬਾਸੂ ਇਸ ਮਹੀਨੇ ਆਪਣੀ ਫਿਲਮ ‘ਲੂਡੋ’ ਰਿਲੀਜ਼ ਕਰਨਾ ਚਾਹੁੰਦੇ ਸੀ ਪਰ ਕਰੋਨਾਵਾਇਰਸ ਕਾਰਨ ਇਸ ਨੂੰ ਰਿਲੀਜ਼ ਕਰਨ ਦੀ ਤਾਰੀਕ ਅੱਗੇ ਪਾ ਦਿੱਤੀ ਗਈ ਹੈ। ਬਾਸੂ ਨੇ ਕਿਹਾ ਕਿ ਸਿਨੇਮਾ ਕਹਾਣੀ ਤੇ ਮਨੋਰੰਨਜਨ ਦੇ ਢੰਗਾਂ ’ਚ ਪੂਰੀ ਤਰ੍ਹਾਂ ਤਬਦੀਲੀ ਦਾ ਗਵਾਹ ਬਣੇਗਾ। ਉਨ੍ਹਾਂ ਕਿਹਾ, ‘ਸਿਨੇਮਾ ਤੇ ਮਨੋਰੰਜਨ ਜਗਤ ਨੂੰ ‘ਪੂਰਬ-ਕਰੋਨਾ ਤੇ ਉੱਤਰ-ਕਰੋਨਾ’ ਕਾਲ ਨਾਲ ਜਾਣਿਆ ਜਾਵੇਗਾ। ਕਹਾਣੀ ਕਹਿਣ ਦਾ ਢੰਗ ਬਦਲ ਜਾਵੇਗਾ। ਮੇਰਾ ਮੰਨਣਾ ਹੈ ਕਿ ਹੁਣ ਕਰੋਨਾ ਕਈ ਸਾਲਾਂ ਤੱਕ ਬਹੁਤ ਸਾਰੀਆਂ ਫਿਲਮਾਂ ਲਈ ਵਿਸ਼ਾ ਬਣਿਆ ਰਹੇਗਾ।’ ਉਨ੍ਹਾਂ ਕਿਹਾ ਕਿ ਲੌਕਡਾਊਨ ਤੋਂ ਬਾਅਦ ਬਹੁਤ ਸਾਰੇ ਲੋਕ ਬਿਲਕੁਲ ਵੱਖਰੀ ਸ਼ਖ਼ਸੀਅਤ ਬਣ ਜਾਣਗੇ ਤੇ ਇਸ ਨਾਲ ਉਨ੍ਹਾਂ ਦੀ ਪਸੰਦ-ਨਾਪਸੰਦ ਵੀ ਬਦਲ ਜਾਵੇਗੀ। ਉਨ੍ਹਾਂ ਕਿਹਾ, ‘ਕੁਝ ਲੋਕਾਂ ਲਈ ਜ਼ਿੰਦਗੀ ਦਾ ਮਤਲਬ ਬਦਲ ਜਾਵੇਗਾ। ਉਨ੍ਹਾਂ ਦੀ ਪਸੰਦ ਤੇ ਨਾਪਸੰਦ ਵੀ ਬਦਲ ਜਾਵੇਗੀ। ਉਹ ਹੁਣ ਦੁਨੀਆਂ ਨੂੰ ਵੱਖਰੀਆਂ ਨਜ਼ਰਾਂ ਨਾਲ ਦੇਖਣਗੇ। ਲੋਕਾਂ ਨੂੰ ਹੁਣ ਵੀ ਬੇਮਤਲਬ ਨਹੀਂ ਲੱਗੇਗਾ ਤੇ ਇਸ ਨਾਲ ਲੋਕ ਹੋਰ ਅਰਥਪੂਰਣ ਚੀਜ਼ਾਂ ਕਰਨਗੇ।’ ਉਨ੍ਹਾਂ ਕਿਹਾ ਕਿ ਇਹ ਸਿਰਫ਼ ਉਨ੍ਹਾਂ ਦਾ ਅਨੁਮਾਨ ਹੈ। ਉਹ ਸਿਰਫ਼ ਦਰਸ਼ਕਾਂ ਦੀ ਪਸੰਦ ਤੇ ਨਪਸੰਦ ਬਾਰੇ ਅੰਦਾਜ਼ਾ ਲਗਾ ਰਹੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਵੀ ਡਰ ਹੈ ਕਿ ਲੋਕ ਲੌਕਡਾਊਨ ਖੁੱਲ੍ਹਣ ਮਗਰੋਂ ਦੁਬਾਰਾ ਸਿਨੇਮਾਘਰਾਂ ਵੱਲ ਆਉਣਗੇ ਵੀ ਜਾਂ ਨਹੀਂ। ਉਨ੍ਹਾਂ ਨੂੰ ਆਸ ਹੈ ਕਿ ਬੌਲੀਵੁੱਡ ਦੇ ਨਿਰਮਾਤਾ ਫਿਲਮਾਂ ਸਹੀ ਸਮੇਂ ’ਤੇ ਰਿਲੀਜ਼ ਕਰਨਗੇ ਜਿਸ ਨਾਲ ਦਰਸ਼ਕ ਮੁੜ ਸਿਨੇਮਾ ਘਰਾਂ ਵੱਲ ਜਾਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਗਲੀ ਫਿਲਮ ‘ਲੂਡੋ’ 24 ਅਪਰੈਲ ਨੂੰ ਰਿਲੀਜ਼ ਕੀਤੀ ਜਾਣੀ ਸੀ ਪਰ ਮੌਜੂਦਾ ਹਾਲਾਤ ਨੂੰ ਦੇਖਦਿਆਂ ਲੱਗਦਾ ਨਹੀਂ ਕਿ ਇਹ ਫਿਲਮ ਜਲਦੀ ਰਿਲੀਜ਼ ਹੋਵੇਗੀ। ਇਸ ਫਿਲਮ ’ਚ ਅਭਿਸ਼ੇਕ ਬੱਚਨ, ਰਾਜਕੁਮਾਰ ਰਾਓ, ਫਾਤਿਮਾ ਸਨਾ ਸ਼ੇਖ, ਆਦਿਤਿਆ ਰੌਇ ਕਪੂਰ, ਸਾਨੀਆ ਮਲਹੋਤਰਾ, ਰੋਹਿਤ ਸਰਾਫ ਤੇ ਪੰਕਜ ਤ੍ਰਿਪਾਠੀ ਭੂਮਿਕਾਵਾਂ ਨਿਭਾਅ ਰਹੇ ਹਨ।

sant sagar