ਇੱਕ-ਦੂਜੇ ਵੱਲ ਧਰਮ ਦੇ ਸੰਕੀਰਨ ਸ਼ੀਸ਼ੇ ਰਾਹੀਂ ਨਾ ਦੇਖਿਆ ਜਾਵੇ: ਸੰਜੇ ਖਾਨ

ਇੱਕ-ਦੂਜੇ ਵੱਲ ਧਰਮ ਦੇ ਸੰਕੀਰਨ ਸ਼ੀਸ਼ੇ ਰਾਹੀਂ ਨਾ ਦੇਖਿਆ ਜਾਵੇ: ਸੰਜੇ ਖਾਨ

ਅਦਾਕਾਰ-ਫਿਲਮਸਾਜ਼ ਸੰਜੇ ਖਾਨ ਨੇ ਸਾਰੇ ਭਾਰਤੀਆਂ ਨੂੰ ਅਪੀਲ ਕੀਤੀ ਹੈ ਕਿ ਇੱਕ ਦੂਜੇ ਵੱਲ ‘ਧਰਮ ਦੇ ਸੰਕੀਰਨ ਸ਼ੀਸ਼ੇ’ ਰਾਹੀਂ ਨਾ ਦੇਖਿਆ ਜਾਵੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ‘ਘੱਟ ਗਿਣਤੀਆਂ’ ਸ਼ਬਦ ਦੀ ਵਰਤੋਂ ਕਰਨੀ ਬੰਦ ਕੀਤੀ ਜਾਵੇ। ਖਾਨ ਅੱਜ ਇੱਥੇ ਆਪਣੀ ਨਵੀਂ ਪੁਸਤਕ ‘ਅਸਲਾਮਾਲੇਕਮ ਵਤਨ’ ਦੀ ਘੁੰਡ ਚੁਕਾਈ ਮੌਕੇ ਬੋਲ ਰਹੇ ਸਨ। ਇਸ ਪੁਸਤਕ ਵਿੱਚ ਭਾਰਤ ਦੀ ਵਿਰਾਸਤ ਦੇ ਮੁਹਾਂਦਰੇ ਵਿੱਚ ਮੁਸਲਮਾਨਾਂ ਦੀ ਭੂਮਿਕਾ ਬਾਰੇ ਚਰਚਾ ਕਰਦਿਆਂ ਭਾਰਤੀ ਮੁਸਲਮਾਨਾਂ ਨੂੰ ਮੁੱਖ ਧਾਰਾ ਵਿੱਚ ਸ਼ਮੂਲੀਅਤ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਹੈ।
ਇਹ ਪੁਸਤਕ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਅਤੇ ਮੈਡੀਕਲ ਸਿੱਖਿਆ ਤੇ ਸਭਿਆਚਾਰ ਬਾਰੇ ਮੰਤਰੀ ਅਮਿਤ ਦੇਸ਼ਮੁੱਖ ਨੇ ਲਾਂਚ ਕੀਤੀ। ਆਪਣੀ ਪੁਸਤਕ ਰਾਹੀਂ ਖਾਨ ਨੇ ਕਿਹਾ ਕਿ ਭਾਰਤੀਆਂ ਨੂੰ ‘ਇੱਕ-ਦੂਜੇ ਵੱਲ ਧਰਮ ਦੇ ਸੰਕੀਰਨ ਸ਼ੀਸ਼ੇ ਰਾਹੀਂ ਤੱਕਣਾ ਬੰਦ ਕਰਨਾ ਚਾਹੀਦਾ ਹੈ।’’
ਉਨ੍ਹਾਂ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਕਿ ‘ਘੱਟ ਗਿਣਤੀਆਂ’ ਸ਼ਬਦ ਦੀ ਵਰਤੋਂ ਕਰਨੀ ਬੰਦ ਕੀਤੀ ਜਾਵੇ, ਕਿਉਂਕਿ ਇਸ ਦੇ ਮਾਅਨੇ ਠੀਕ ਨਹੀਂ ਹਨ। ਅਦਾਕਾਰ ਨੇ ਕਿਹਾ, ‘‘ਅਸੀਂ ਆਪਣੀ ਮਾਂ-ਭੂਮੀ ’ਤੇ ਪਰਵਾਸੀ ਨਹੀਂ ਹਾਂ; ਅਸੀਂ ਇਸ ਮਿੱਟੀ ਦੇ ਧੀਆਂ ਅਤੇ ਪੁੱਤਰ ਹਾਂ। ਸਮਾਂ ਆ ਗਿਆ ਹੈ ਜਦੋਂ ਮੇਰੇ ਸਾਥੀ ਭੈਣ ਅਤੇ ਭਰਾ ਮਿੱਟੀ ’ਤੇ ਆਪਣਾ ਹੱਕ ਜਤਾਉਣ।’’

ad