ਲੰਬੇ ਸਮੇਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੀਆਂ ਰੌਣਕਾਂ

ਲੰਬੇ ਸਮੇਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੀਆਂ ਰੌਣਕਾਂ

ਅੰਮ੍ਰਿਤਸਰ  : 34 ਡਿਗਰੀ ਤਾਪਮਾਨ, ਹੁੰਮਸ ਤੇ ਕੋਰੋਨਾ ਦੇ ਪ੍ਰਕੋਪ ਦੇ ਚੱਲਦਿਆਂ ਐਤਵਾਰ ਵਾਲੇ ਦਿਨ ਪਿੰਡਾਂ ਤੇ ਸ਼ਹਿਰਾਂ ਦੀਆਂ ਸੰਗਤਾਂ ਹੁੰਮ-ਹੁਮਾ ਕੇ ਵੱਡੀ ਗਿਣਤੀ 'ਚ ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾ ਲਈ ਪਹੁੰਚੀਆਂ। ਇਸ ਤਰ੍ਹਾਂ ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਲੰਬੇ ਸਮੇਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀਆਂ ਰੌਣਕਾਂ ਲੱਗੀਆਂ। ਬਹੁਤ ਦੇਰ ਬਾਅਦ ਅੱਜ ਦਰਸ਼ਨੀ ਡਿਓੜੀ ਦੇ ਬਾਹਰ ਤੱਕ ਭੀੜ ਲੱਗੀ ਦੇਖੀ ਗਈ। 
ਸ੍ਰੀ ਹਰਿਮੰਦਰ ਸਾਹਿਬ ਦੇ ਸੇਵਾਦਾਰਾਂ ਦੇ ਨਾਲ-ਨਾਲ ਅੱਜ ਸੰਗਤਾਂ ਨੂੰ ਪਾਣੀ ਪਿਆਉਣ ਵਾਲੇ ਜਥੇ ਦੇ ਸਿੰਘਾਂ ਨੇ ਕੰਟਰੋਲ ਕੀਤਾ ਤੇ ਇਹਤਿਆਦ ਵਰਤਦਿਆਂ ਤਕਰੀਬਨ 7 ਜਗ੍ਹਾ ਬਾਂਸ ਲਗਾ ਕੇ ਤੇ ਤਿੰਨ ਲਾਈਨਾਂ 'ਚ ਸੰਗਤਾਂ ਨੂੰ ਰੋਕ ਰੋਕ ਕੇ ਲੰਘਾਇਆ ਗਿਆ। ਇਸੇ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਦੀਆਂ ਬਾਹੀਆਂ 'ਤੇ ਵੀ ਸੰਗਤਾਂ ਨੂੰ ਸੈਨੀਟਾਈਜ਼ਰ ਮਸ਼ੀਨਾਂ 'ਚੋਂ ਲੰਘਾਉਂਦਿਆਂ ਉਨ੍ਹਾਂ ਦੇ ਹੱਥ ਸੈਨੀਟਾਈਜ਼ ਨਾਲ ਸਾਫ਼ ਕਰਵਾਏ ਗਏ। ਅੱਜ ਸ੍ਰੀ ਹਰਿਮੰਦਰ ਸਾਹਿਬ ਅੰਦਰ ਦਰਸ਼ਨ ਕਰਨ ਲਈ ਸੰਗਤਾਂ ਨੂੰ ਜਾਣ ਲੱਗਿਆਂ ਤਕਰੀਬਨ 5 ਤੋਂ 10 ਮਿੰਟ ਦਾ ਸਮਾਂ ਲੱਗਾ। ਸੂਤਰਾਂ ਦੇ ਅਧਾਰ 'ਤੇ ਸਾਰੇ ਦਿਨ 'ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਤਕਰੀਬਨ 20 ਹਾਜ਼ਰ ਦੇ ਕਰੀਬ ਸੰਗਤਾਂ ਨੇ ਦਰਸ਼ਨ ਕੀਤੇ। ਲੰਗਰ ਤੇ ਛਬੀਲ਼ ਦਾ ਠੰਢਾ ਜਲ ਛਕਿਆ ਤੇ ਸੇਵਾ ਕੀਤੀ।
 

ad