ਕੈਪਟਨ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ

ਕੈਪਟਨ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਹੁਦੇ ਤੋਂ ਅਸਤੀਫ਼ਾ ਦਿੱਤੇ ਜਾਣ ਮਗਰੋਂ ਪੰਜਾਬ ਕਾਂਗਰਸ ਵਿਧਾਇਕ ਦਲ ਨੇ ਸਰਬਸੰਮਤੀ ਨਾਲ ਅਗਲੇ ਮੁੱਖ ਮੰਤਰੀ ਲਈ ਫ਼ੈਸਲਾ ਲੈਣ ਦੇ ਅਧਿਕਾਰ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੇ ਹਨ| ਹਾਈ ਕਮਾਨ ਵੱਲੋਂ ਪੰਜਾਬ ਦੇ ਅਗਲੇ ਮੁੱਖ ਮੰਤਰੀ ਦਾ ਐਲਾਨ ਕਿਸੇ ਵੇਲੇ ਵੀ ਕੀਤਾ ਜਾ ਸਕਦਾ ਹੈ| ਸੂਤਰਾਂ ਮੁਤਾਬਕ ਐਤਵਾਰ ਨੂੰ ਕਾਂਗਰਸ ਵਿਧਾਇਕ ਦਲ ਦੀ ਸਵੇਰੇ 11 ਵਜੇ ਮੁੜ ਮੀਟਿੰਗ ਸੱਦ ਲਈ ਗਈ ਹੈ ਜਿਸ ਿਵੱਚ ਨਵੇਂ ਮੁੱਖ ਮੰਤਰੀ ਦੇ ਨਾਮ ਦਾ ਐਲਾਨ ਕੀਤਾ ਜਾ ਸਕਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਵਿਧਾਇਕਾਂ ਵੱਲੋਂ ਮੁੱਖ ਮੰਤਰੀ ਅਹੁਦੇ ਲਈ ਸੁਨੀਲ ਜਾਖੜ ਦੇ ਨਾਮ ’ਤੇ ਵੀ ਇਤਰਾਜ਼ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਭਲਕੇ ਹੀ ਨਵਾਂ ਮੁੱਖ ਮੰਤਰੀ ਅਹੁਦੇ ਦੀ ਸਹੁੰ ਵੀ ਚੁੱਕ ਸਕਦਾ ਹੈ। ਹਾਈ ਕਮਾਨ ਨੇ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਪੰਜਾਬ ਕਾਂਗਰਸ ਅੰਦਰਲੀ ਖਿੱਚੋਤਾਣ ਦੇ ਪੱਕੇ ਹੱਲ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤਬਦੀਲ ਕਰਨ ਦੀ ਸਿਆਸੀ ਹਿੰਮਤ ਦਿਖਾਈ ਹੈ|
ਕਾਂਗਰਸ ਹਾਈ ਕਮਾਨ ਨੇ ਨਵੇਂ ਚਿਹਰੇ ਨਾਲ ਆਗਾਮੀ ਚੋਣਾਂ ਵਿਚ ਉਤਰਨ ਦਾ ਪੈਂਤੜਾ ਲਿਆ ਹੈ| ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਤੋਂ ਕਰੀਬ 22 ਮਿੰਟ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਵਜੋਂ ਆਪਣਾ ਅਸਤੀਫ਼ਾ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਸੌਂਪ ਦਿੱਤਾ| ਰਾਜਪਾਲ ਨੇ ਕੈਪਟਨ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ| ਰਾਜਪਾਲ ਨੇ ਉਨ੍ਹਾਂ ਨੂੰ ਅਤੇ ਮੰਤਰੀ ਮੰਡਲ ਨੂੰ ਬਦਲਵੇਂ ਪ੍ਰਬੰਧ ਹੋਣ ਤੱਕ ਕੰਮਕਾਜ ਚਲਾਉਣ ਲਈ ਕਿਹਾ ਹੈ| ਇਸ ਦੌਰਾਨ ਕਾਂਗਰਸ ਭਵਨ ਵਿਚ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਸੂਬਾ ਪ੍ਰਧਾਨ ਨਵਜੋਤ ਸਿੱਧੂ ਦੀ ਅਗਵਾਈ ਹੇਠ ਹੋਈ ਜਿਸ ਵਿਚ ਪਾਰਟੀ ਦੇ 80 ਵਿਧਾਇਕਾਂ ’ਚੋਂ 78 ਨੇ ਸ਼ਮੂਲੀਅਤ ਕੀਤੀ| ‘ਆਪ’ ’ਚੋਂ ਕਾਂਗਰਸ ’ਚ ਸ਼ਾਮਲ ਹੋਏ ਵਿਧਾਇਕ ਵੀ ਪੁੱਜੇ ਹੋਏ ਸਨ ਪਰ ਉਹ ਵਿਧਾਇਕ ਦਲ ਦੀ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ| ਮੀਟਿੰਗ ’ਚੋਂ ਕੈਪਟਨ ਅਮਰਿੰਦਰ ਸਿੰਘ ਗੈਰਹਾਜ਼ਰ ਰਹੇ|
ਹਾਈ ਕਮਾਨ ਵੱਲੋਂ ਕੇਂਦਰੀ ਅਬਜ਼ਰਵਰ ਵਜੋਂ ਕਾਂਗਰਸ ਦੇ ਜਨਰਲ ਸਕੱਤਰ ਅਜੈ ਮਾਕਨ ਅਤੇ ਹਰੀਸ਼ ਚੌਧਰੀ ਮੀਟਿੰਗ ਦੌਰਾਨ ਮੌਜੂਦ ਰਹੇ| ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੀ ਉਚੇਚੇ ਤੌਰ ’ਤੇ ਹਾਜ਼ਰ ਸਨ| ਕਰੀਬ ਡੇਢ ਘੰਟਾ ਚੱਲੀ ਮੀਟਿੰਗ ਵਿਚ ਸਰਬਸੰਮਤੀ ਨਾਲ ਦੋ ਮਤੇ ਪਾਸ ਕੀਤੇ ਗਏ ਜਿਨ੍ਹਾਂ ’ਚੋਂ ਇੱਕ ਮਤਾ ਪਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੀਆਂ ਗਈਆਂ ਸੇਵਾਵਾਂ ਦਾ ਧੰਨਵਾਦ ਕੀਤਾ ਗਿਆ| ਇਹ ਮਤਾ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪੇਸ਼ ਕੀਤਾ ਸੀ| ਮੀਟਿੰਗ ਵਿਚ ਦੂਸਰਾ ਮਤਾ ਬ੍ਰਹਮ ਮਹਿੰਦਰਾ ਵੱਲੋਂ ਪੇਸ਼ ਕੀਤਾ ਗਿਆ ਜਿਸ ਦੀ ਤਾਈਦ ਵਿਧਾਇਕ ਅਮਰੀਕ ਸਿੰਘ ਆਦਿ ਵੱਲੋਂ ਕੀਤੀ ਗਈ| ਇਸ ਮਤੇ ਵਿਚ ਵਿਧਾਇਕ ਦਲ ਦਾ ਅਗਲਾ ਨੇਤਾ ਚੁਣਨ ਦੇ ਅਧਿਕਾਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੇ ਗਏ। ਹੁਣ ਸੋਨੀਆ ਗਾਂਧੀ ਕਿਸੇ ਵਕਤ ਵੀ ਵਿਧਾਇਕ ਦਲ ਦੇ ਨਵੇਂ ਨੇਤਾ ਦਾ ਐਲਾਨ ਕਰ ਸਕਦੇ ਹਨ ਜੋ ਪੰਜਾਬ ਦੇ ਅਗਲੇ ਮੁੱਖ ਮੰਤਰੀ ਹੋਣਗੇ| ਕੇਂਦਰੀ ਅਬਜ਼ਰਵਰਾਂ ਦੀ ਹਾਜ਼ਰੀ ਵਿਚ ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਾਈ ਕਮਾਨ ਵੱਲੋਂ ਲਏ ਗਏ ਫ਼ੈਸਲੇ ਦੀ ਸ਼ਲਾਘਾ ਵੀ ਕੀਤੀ ਗਈ ਅਤੇ ਸਿਆਸੀ ਰਣਨੀਤੀ ਲਈ ਕਈ ਵਿਧਾਇਕਾਂ ਨੇ ਵਿਚਾਰ ਵੀ ਪੇਸ਼ ਕੀਤੇ| ਇਸ ਤੋਂ ਪਹਿਲਾਂ ਵਿਧਾਇਕ ਦਲ ਦੀ ਮੀਟਿੰਗ ਉਦੋਂ ਹੋਈ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਨੇਤਾ ਚੁਣਿਆ ਗਿਆ ਸੀ ਅਤੇ ਦੂਸਰੀ ਮੀਟਿੰਗ ਅੱਜ ਹੋਈ ਹੈ। ਕੇਂਦਰੀ ਅਬਜ਼ਰਵਰਾਂ ਅਜੈ ਮਾਕਨ ਅਤੇ ਹਰੀਸ਼ ਚੌਧਰੀ ਤੋਂ ਇਲਾਵਾ ਹਰੀਸ਼ ਰਾਵਤ ਨੇ ਮੀਟਿੰਗ ਖ਼ਤਮ ਹੋਣ ਮਗਰੋਂ ਦੱਸਿਆ ਕਿ ਵਿਧਾਇਕ ਦਲ ਦਾ ਅਗਲਾ ਨੇਤਾ ਚੁਣਨ ਦੇ ਅਧਿਕਾਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੇ ਗਏ ਹਨ ਅਤੇ ਪਾਸ ਕੀਤਾ ਗਿਆ ਮਤਾ ਹੁਣ ਹਾਈ ਕਮਾਨ ਕੋਲ ਦਿੱਲੀ ਭੇਜ ਦਿੱਤਾ ਗਿਆ ਹੈ| ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਸਿਸਵਾਂ ਫਾਰਮ ਹਾਊਸ ਤੋਂ ਇੱਥੇ ਸਰਕਾਰੀ ਰਿਹਾਇਸ਼ ’ਤੇ ਪੁੱਜੇ ਜਿਥੇ ਉਨ੍ਹਾਂ ਨਾਲ ਦਰਜਨ ਕੁ ਵਿਧਾਇਕ ਕੁਝ ਸਮਾਂ ਠਹਿਰੇ ਜਿਨ੍ਹਾਂ ਵਿਚ ਅਜੈਬ ਸਿੰਘ ਭੱਟੀ, ਫਤਹਿਜੰਗ ਸਿੰਘ ਬਾਜਵਾ, ਜੋਗਿੰਦਰ ਭੋਆ, ਓ ਪੀ ਸੋਨੀ, ਸੰਤੋਖ ਸਿੰਘ ਭਲਾਈਆਣਾ, ਰਾਣਾ ਸੋਢੀ ਆਦਿ ਸ਼ਾਮਲ ਸਨ| ਇੱਥੋਂ ਹੀ ਕਰੀਬ 4.30 ਵਜੇ ਮੁੱਖ ਮੰਤਰੀ ਅਸਤੀਫ਼ਾ ਦੇਣ ਲਈ ਰਾਜ ਭਵਨ ਰਵਾਨਾ ਹੋਏ| ਕੈਪਟਨ ਨਾਲ ਇਸ ਮੌਕੇ ਸੰਸਦ ਮੈਂਬਰ ਪ੍ਰਨੀਤ ਕੌਰ, ਉਨ੍ਹਾਂ ਦਾ ਪੁੱਤਰ ਰਣਇੰਦਰ ਸਿੰਘ, ਭਰਤਇੰਦਰ ਸਿੰਘ ਚਹਿਲ ਆਦਿ ਵੀ ਮੌਜੂਦ ਸਨ| ਅਸਤੀਫ਼ਾ ਦੇਣ ਦੀ ਸਭ ਤੋਂ ਪਹਿਲਾਂ ਜਾਣਕਾਰੀ ਕੈਪਟਨ ਦੇ ਪੁੱਤਰ ਰਣਇੰਦਰ ਸਿੰਘ ਨੇ ਸਾਂਝੀ ਕੀਤੀ| ਉਸ ਤੋਂ ਪਹਿਲਾਂ ਪੂਰਾ ਦਿਨ ਅਟਕਲਾਂ ਦਾ ਬਾਜ਼ਾਰ ਗਰਮ ਰਿਹਾ| ਕੈਪਟਨ ਨੇ ਆਪਣੇ ਪਾਲੇ ’ਚ ਵਿਧਾਇਕਾਂ ਦੀ ਘੱਟ ਗਿਣਤੀ ਨੂੰ ਦੇਖਦਿਆਂ ਅਸਤੀਫ਼ਾ ਦੇਣ ਵਿਚ ਹੀ ਬਿਹਤਰੀ ਸਮਝੀ| ਦੂਜੇ ਪਾਸੇ ਕਾਂਗਰਸ ਪ੍ਰਧਾਨ ਨਜਵੋਤ ਸਿੱਧੂ ਅਤੇ ਪਾਰਟੀ ਦੇ ਜਨਰਲ ਸਕੱਤਰ ਪਰਗਟ ਸਿੰਘ ਕੇਂਦਰੀ ਅਬਜ਼ਰਵਰਾਂ ਨੂੰ ਹਵਾਈ ਅੱਡੇ ’ਤੇ ਲੈਣ ਲਈ ਗੲੇ। ਚੇਤੇ ਰਹੇ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਖਿਲਾਫ਼ ਕੁਝ ਅਰਸਾ ਪਹਿਲਾਂ ਬਗਾਵਤੀ ਸੁਰਾਂ ਉੱਠੀਆਂ ਸਨ ਜਿਸ ਮਗਰੋਂ ਨਵਜੋਤ ਸਿੱਧੂ ਨੂੰ ਸੂਬੇ ਦੀ ਪ੍ਰਧਾਨਗੀ ਸੌਂਪੀ ਗਈ ਸੀ| ਉਸ ਮਗਰੋਂ ਅਮਰਿੰਦਰ ਵਿਰੋਧੀ ਧੜੇ ਨੇ ਮੁੱਖ ਮੰਤਰੀ ਨੂੰ ਬਦਲਣ ਦੀ ਗੱਲ ਉਠਾ ਦਿੱਤੀ ਸੀ| ਦੋ ਕੁ ਦਿਨ ਪਹਿਲਾਂ ਕਰੀਬ 40 ਤੋਂ ਜ਼ਿਆਦਾ ਵਿਧਾਇਕਾਂ ਨੇ ਹਾਈ ਕਮਾਨ ਨੂੰ ਚਿੱਠੀ ਲਿਖ ਕੇ ਵਿਧਾਇਕ ਦਲ ਦੀ ਮੀਟਿੰਗ ਸੱਦਣ ਦੀ ਮੰਗ ਉਠਾਈ ਸੀ| ਦੱਸਿਆ ਜਾਂਦਾ ਹੈ ਕਿ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਸਿਆਸੀ ਦਿਮਾਗ ’ਚੋਂ ਇਹ ਨਵਾਂ ਪੈਂਤੜਾ ਨਿਕਲਿਆ ਹੈ|

sant sagar