ਪੰਜਾਬ ’ਚ ਕਰੋਨਾ ਦੇ 21 ਹੋਰ ਮਾਮਲੇ ਸਾਹਮਣੇ ਆਏ

ਪੰਜਾਬ ’ਚ ਕਰੋਨਾ ਦੇ 21 ਹੋਰ ਮਾਮਲੇ ਸਾਹਮਣੇ ਆਏ

ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਦੇ 21 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਸੂਬੇ ’ਚ ਕੁੱਲ ਪੀੜਤ ਵਿਅਕਤੀਆਂ ਦੀ ਗਿਣਤੀ 277 ਹੋ ਗਈ ਹੈ। ਸਿਹਤ ਵਿਭਾਗ ਮੁਤਾਬਕ ਅੱਜ ਪਟਿਆਲਾ ਜ਼ਿਲ੍ਹੇ ’ਚ ਸਭ ਤੋਂ ਵੱਧ 18 ਵਿਅਕਤੀਆਂ ਨੂੰ ਇਸ ਲਾਗ ਦੀ ਪੁਸ਼ਟੀ ਹੋਣ ਮਗਰੋਂ ਜ਼ਿਲ੍ਹੇ ’ਚ ਮਰੀਜ਼ਾਂ ਦੀ ਕੁੱਲ ਗਿਣਤੀ 49 ਹੋ ਗਈ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ’ਚ ਦੋ ਮਾਮਲੇ ਸਾਹਮਣੇ ਆਏ ਹਨ, ਜਿੱਥੇ ਹੁਣ ਮਰੀਜ਼ਾਂ ਦੀ ਗਿਣਤੀ 13 ਗਈ ਹੈ। ਕਪੂਰਥਲਾ ਜ਼ਿਲ੍ਹੇ ਵਿੱਚ ਵੀ ਇੱਕ ਨਵਾਂ ਕੇਸ ਸਾਹਮਣੇ ਆਇਆ ਹੈ। ਇਸ ਵਿਅਕਤੀ ਨੂੰ ਲਾਗ ਲੱਗਣ ਦਾ ਸਰੋਤ ਵਿਭਾਗ ਨੂੰ ਹਾਲ ਦੀ ਘੜੀ ਪਤਾ ਨਹੀਂ ਲੱਗਿਆ। ਸੂਬੇ ’ਚ ਕੁੱਲ ਪੀੜਤਾਂ ਦੀ ਗਿਣਤੀ 257 ਹੋ ਗਈ ਹੈ। ਪਿਛਲੇ ਦਸ ਕੁ ਦਿਨਾਂ ਤੋਂ ਜਲੰਧਰ, ਪਟਿਆਲਾ, ਮੁਹਾਲੀ, ਲੁਧਿਆਣਾ ਅਤੇ ਪਠਾਨਕੋਟ ਵਿੱਚ ਹੀ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੇ ਨਾਲ ਹੀ ਰਾਹਤ ਵਾਲੀ ਖ਼ਬਰ ਇਹ ਵੀ ਮੰਨੀ ਜਾ ਰਹੀ ਹੈ ਕਿ ਹੁਣ ਤੱਕ 50 ਮਰੀਜ਼ਾਂ ਨੇ ਕਰੋਨਾ ’ਤੇ ਫ਼ਤਿਹ ਪਾ ਲਈ ਹੈ। ਨਵਾਂ ਸ਼ਹਿਰ ਜਿੱਥੇ ਸਭ ਤੋਂ ਪਹਿਲਾਂ ਕਰੋਨਾਵਾਇਰਸ ਨਾਲ ਇੱਕ ਬਜ਼ੁਰਗ ਬਲਦੇਵ ਸਿੰਘ ਦੀ ਮੌਤ ਹੋਈ ਸੀ ਉੱਥੇ ਪਿਛਲੇ ਕਈ ਹਫ਼ਤਿਆਂ ਤੋਂ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। ਇਥੋਂ ਤੱਕ ਕਿ ਇਸ ਜ਼ਿਲ੍ਹੇ ਦੇ ਇਲਾਜ ਅਧੀਨ 18 ਮਰੀਜ਼ਾਂ ਵਿੱਚੋਂ ਸਾਰੇ ਹੀ ਸਿਹਤਯਾਬ ਹੋ ਗਏ ਹਨ। ਇੱਕ ਅਧਿਕਾਰੀ ਅਨੁਸਾਰ ਇੱਕ 16 ਸਾਲਾ ਮਰੀਜ਼, ਜੋ ਕਿ 18 ਮਰੀਜ਼ਾਂ ਵਿਚੋਂ ਆਖਰੀ ਸੀ, ਦੀ ਰਿਪੋਰਟ ਦੂਜੀ ਵਾਰ ਨੈਗੇਟਿਵ ਆਉਣ ਮਗਰੋਂ ਉਸਨੂੰ ਐੱਸ.ਐੱਸ.ਬੀ. ਸਿਵਲ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ। ਐੱਸ.ਐੱਸ.ਬੀ. ਸਿਵਲ ਹਸਪਤਾਲ ਦੇ ਸਿਵਲ ਸਰਜਨ ਰਜਿੰਦਰ ਪ੍ਰਸਾਦ ਭਾਟੀਆ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਕਰੋਨਾ ਲਾਗ ਦਾ ਹੁਣ ਕੋਈ ਮਰੀਜ਼ ਨਹੀਂ ਹੈ। ਲਾਗ ਦੇ 17 ਮਰੀਜ਼ ਇਲਾਜ ਮਗਰੋਂ ਪਹਿਲਾਂ ਘਰ ਜਾ ਚੁੱਕੇ ਹਨ। ਬਰਨਾਲਾ ਜ਼ਿਲ੍ਹੇ ਵਿੱਚ ਇਸ ਸਮੇਂ ਕੋਈ ਵੀ ਮਰੀਜ਼ ਜ਼ੇਰੇ ਇਲਾਜ ਅਧੀਨ ਨਹੀਂ ਹੈ। ਇਸ ਜ਼ਿਲ੍ਹੇ ਵਿੱਚ ਦੋ ਮਹਿਲਾਵਾਂ ਨੂੰ ਵਾਇਰਸ ਦੀ ਲਾਗ ਲੱਗਣ ਦੇ ਮਾਮਲੇ ਸਾਹਮਣੇ ਆਏ ਸਨ ਜਿਨ੍ਹਾਂ ਵਿੱਚੋਂ ਇੱਕ ਦੀ ਲੁਧਿਆਣਾ ਦੇ ਨਿੱਜੀ ਹਸਪਤਾਲ ’ਚ ਮੌਤ ਹੋ ਗਈ ਸੀ ਜਦਕਿ ਦੂਜੀ ਨੂੰ ਇਲਾਜ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਬਠਿੰਡਾ, ਫਾਜ਼ਿਲਕਾ ਅਤੇ ਤਰਨ ਤਾਰਨ ਇਸ ਲਾਗ ਦੀ ਮਾਰ ਤੋਂ ਬਚੇ ਹੋਏ ਹਨ।

sant sagar