ਬਾਦਲ ਨੇ ਸਿਹਤ ਨਾਸਾਜ਼ ਹੋਣ ਕਾਰਨ ਸਿਟ ਅੱਗੇ ਪੇਸ਼ ਹੋਣ ਲਈ ਮੋਹਲਤ ਮੰਗੀ

ਬਾਦਲ ਨੇ ਸਿਹਤ ਨਾਸਾਜ਼ ਹੋਣ ਕਾਰਨ ਸਿਟ ਅੱਗੇ ਪੇਸ਼ ਹੋਣ ਲਈ ਮੋਹਲਤ ਮੰਗੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਿਹਤ ਠੀਕ ਨਾ ਹੋਣ ਕਰ ਕੇ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਅੱਗੇ ਪੇਸ਼ ਹੋਣ ਲਈ ਮੋਹਲਤ ਮੰਗਦਿਆਂ ਇਸ ਸਬੰਧੀ ਨਵੀਂ ਤਰੀਕ ਤੈਅ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਡਾਕਟਰਾਂ ਨੇ 10 ਦਿਨਾਂ ਲਈ ਪੂਰਾ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਅਤੇ ਜਿਵੇਂ ਹੀ ਸਿਹਤ ਠੀਕ ਹੁੰਦੀ ਹੈ ਤਾਂ ਉਹ ਕਾਨੂੰਨ ਮੁਤਾਬਕ ਆਪਣੀ ਰਿਹਾਇਸ਼ ਫਲੈਟ ਨੰਬਰ 37, ਸੈਕਟਰ-4, ਚੰਡੀਗੜ੍ਹ ਵਿੱਚ ਜਾਂਚ ਵਿਚ ਸ਼ਾਮਲ ਹੋਣ ਲਈ ਖ਼ੁਦ ਹਾਜ਼ਰ ਰਹਿਣਗੇ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਨਿਆਂ ਪਾਲਿਕਾ ਵਿੱਚ ਪੂਰਾ ਭਰੋਸਾ ਹੈ ਅਤੇ ਵਿਸ਼ੇਸ਼ ਜਾਂਚ ਟੀਮ ਨੂੰ ਮਾਮਲੇ ਦੀ ਜਾਂਚ ਕਰਨ ਵਿੱਚ ਪੂਰਾ ਸਹਿਯੋਗ ਦਿੱਤਾ ਜਾਵੇਗਾ। ਸ੍ਰੀ ਬਾਦਲ ਨੇ ਭਰੋਸਾ ਪ੍ਰਗਟਾਇਆ ਕਿ ਨਵੀਂ ਐੱਸਆਈਟੀ ਪਹਿਲੀ ਐੱਸਆਈਟੀ ਦੇ ਉਲਟ ਕਾਨੂੰਨ ਦਾ ਸਨਮਾਨ ਕਰਦੇ ਹੋਏ ਨਿਰਪੱਖ ਜਾਂਚ ਕਰੇਗੀ ਅਤੇ ਸੱਤਾਧਾਰੀ ਪਾਰਟੀ ਦੇ ਸਿਆਸੀ ਦਖ਼ਲ ਅੱਗੇ ਗੋਡੇ ਨਹੀਂ ਟੇਕੇਗੀ, ਕਿਉਂਕਿ ਸਰਕਾਰ ਆਪਣੇ ਸੌੜੇ ਸਿਆਸੀ ਹਿੱਤਾਂ ਵਾਸਤੇ ਕਾਨੂੰਨ ਨੂੰ ਛਿੱਕੇ ਟੰਗ ਰਹੀ ਹੈ। ਪਿਛਲੀ ਸਰਕਾਰ ਵੇਲੇ ਕੋਟਕਪੁਰਾ ਵਿਚ ਵਾਪਰੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਐੱਸਆਈਟੀ ਵੱਲੋਂ ਪ੍ਰਾਪਤ ਹੋਏ ਸੰਮਨਾਂ ਦਾ ਦੋ ਸਫ਼ਿਆਂ ਵਿਚ ਜਵਾਬ ਦਿੰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਅੱਜ ਤੱਕ ਸਿਆਸੀ ਦਖ਼ਲ ਕਾਰਨ ਜਾਂਚ ਦੀ ਸਾਰੀ ਪ੍ਰਕਿਰਿਆ ਨਾਲ ਮਜ਼ਾਕ ਹੁੰਦਾ ਰਿਹਾ ਹੈ ਅਤੇ ਇਸ ਦਾ ਮਕਸਦ ਸਿਆਸੀ ਬਦਲਾਖੋਰੀ ਸੀ, ਜਿਸ ਕਾਰਨ ਜਾਂਚ ਦੀ ਨਿਰਪੱਖਤਾ ’ਤੇ ਕਿਸੇ ਨੂੰ ਭਰੋਸਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਇਸ ਸਭ ਦੇ ਬਾਵਜੂਦ ਉਹ ਜਾਂਚ ਪ੍ਰਕਿਰਿਆ ਵਿੱਚ ਪੂਰਾ ਸਹਿਯੋਗ ਕਰਨਗੇ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਐੱਸਆਈਟੀ ਤਾਂ ਵਜੂਦ ਵਿੱਚ ਹੀ ਪਿਛਲੀ ਐੱਸਆਈਟੀ ਦੇ ਨੰਗੇ- ਚਿੱਟੇ ਸਿਆਸੀਕਰਨ ਕਾਰਨ ਆਈ ਹੈ। ਸ੍ਰੀ ਬਾਦਲ ਨੇ ਪਿਛਲੀ ਐੱਸਆਈਟੀ ਦੇ ਕਥਿਤ ਸਿਆਸੀ ਵਤੀਰੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਸਿਆਸੀ ਵਤੀਰੇ ਕਾਰਨ ਸਾਰੀ ਜਾਂਚ ਪ੍ਰਕਿਰਿਆ ਢਹਿ-ਢੇਰੀ ਹੋ ਗਈ। ਉਨ੍ਹਾਂ ਕਿਹਾ ਕਿ ਪਿਛਲੀ ਐੱਸਆਈਟੀ ਵਿੱਚ ਸਾਰੇ ਸਥਾਪਤ ਨਿਯਮਾਂ ਅਤੇ ਤੌਰ-ਤਰੀਕਿਆਂ ਨੂੰ ਛਿੱਕੇ ਟੰਗ ਕੇ ਇਕ ਅਧਿਕਾਰੀ ਨੇ ਆਪਣੇ-ਆਪ ਹੀ ਸਾਰੀਆਂ ਤਾਕਤਾਂ ਕਬਜ਼ੇ ’ਚ ਕਰ ਲਈਆਂ ਸਨ।

ad