ਕੈਨੇਡੀਅਨਾਂ ਵੱਲੋਂ ਟਰੂਡੋ ਦੀ ਨੁਕਤਾਚੀਨੀ ਸ਼ੁਰੂ

ਕੈਨੇਡੀਅਨਾਂ ਵੱਲੋਂ ਟਰੂਡੋ ਦੀ ਨੁਕਤਾਚੀਨੀ ਸ਼ੁਰੂ

ਵੈਨਕੂਵਰ : ਦੋ ਸਾਲ ਬਾਅਦ ਪਾਰਲੀਮੈਂਟ ਭੰਗ ਕਰਕੇ ਦੇਸ਼ ਦੇ ਲੋਕਾਂ ’ਤੇ ਮੱਧਕਾਲੀ ਚੋਣਾਂ ਠੋਸਣ ਅਤੇ ਉਸ ਵਿੱਚ ਪਹਿਲਾਂ ਨਾਲੋਂ ਕੁਝ ਵੀ ਬਦਲਾਅ ਨਾ ਹੋਣ ਕਾਰਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਿਸ਼ਾਨੇ ’ਤੇ ਆ ਗਏ ਹਨ। ਲੋਕ ਉਨ੍ਹਾਂ ਨੂੰ ਸਵਾਲ ਕਰਨ ਲੱਗੇ ਹਨ ਕਿ ਕਰਦਾਤਿਆਂ ਦੇ 61 ਕਰੋੜ ਡਾਲਰ ਅਤੇ ਉਮੀਦਵਾਰਾਂ ਦਾ ਉਸ ਤੋਂ ਚੌਗੁਣਾ ਖਰਚਾ ਕਰਵਾਉਣਾ ਕਿੱਥੋਂ ਦੀ ਸਿਆਣਪ ਹੈ। ਤਿੰਨ ਹਫ਼ਤੇ ਚਲੀ ਚੋਣ ਮੁਹਿੰਮ ਦੌਰਾਨ ਦੇਸ਼ ਅਤੇ ਦੇਸ਼ ਦੀ ਉਤਪਾਦਕਤਾ ਵੀ ਪ੍ਰਭਾਵਿਤ ਹੋਈ ਹੈ। ਲੋਕਾਂ ਦਾ ਸਵਾਲ ਹੈ ਕਿ ਜੇਕਰ ਪ੍ਰਧਾਨ ਮੰਤਰੀ ਨੇ ਖੁਫ਼ੀਆ ਰਿਪੋਰਟਾਂ ਦੇ ਆਧਾਰ ’ਤੇ ਸੰਸਦ ਭੰਗ ਕੀਤੀ ਤਾਂ ਉਸ ਵਿਭਾਗ ਦੀ ਜਵਾਬਦੇਹੀ ਕਰਨ ਦੀ ਲੋੜ ਹੈ, ਜਿਸ ਨੂੰ ਵੋਟਰਾਂ ਦੀ ਨਬਜ਼ ਟੋਹਣ ਦੀ ਮੁਹਾਰਤ ਨਹੀਂ। ਦੂਜੇ ਪਾਸੇ ਡਾਕ ਵੋਟਾਂ ਦੀ ਗਿਣਤੀ ਅਜੇ ਜਾਰੀ ਹੋਣ ਕਾਰਨ ਲੰਘੀ (ਮੰਗਲਵਾਰ) ਰਾਤ ਵਾਲੇ ਨਤੀਜਿਆਂ ਵਿੱਚ ਹਾਲੇ ਤੱਕ ਕੋਈ ਫਰਕ ਨਹੀਂ ਆਇਆ। ਸਮਝਿਆ ਜਾ ਰਿਹਾ ਹੈ ਡਾਕ ਵੋਟਾਂ ਦੀ ਗਿਣਤੀ ਵੀਰਵਾਰ ਤੱਕ ਪੂਰੀ ਹੋ ਜਾਵੇਗੀ ਤੇ ਜੇਤੂਆਂ ਨੂੰ ਸਰਟੀਫਿਕੇਟ ਦੇ ਦਿੱਤੇ ਜਾਣਗੇ। ਸਮੁੱਚੇ ਤੌਰ ’ਤੇ ਸਾਰੀਆਂ ਪਾਰਟੀਆਂ ਦੇ 90 ਫ਼ੀਸਦ ਉਮੀਦਵਾਰ 2019 ਵਾਲੀ ਚੋਣ ਵਾਲੇ ਹੀ ਸਨ। ਪਰ 23 ਨਵੇਂ ਚਿਹਰੇ ਰਿਚਮੰਡ ਹਿਲ ਦੀਆਂ ਪੌੜੀਆਂ ਚੜ੍ਹਨਗੇ।
ਬੀਸੀ ਵਿੱਚ ਪੰਜ ਸੀਟਾਂ ਇੱਕ ਦੂਜੇ ਵੱਲ ਖਿਸਕੀਆਂ, ਪਰ ਪਾਰਟੀ ਅੰਕੜੇ ਉਹੀ ਰਹੇ। ਸਰੀ ਦੀ ਕਲੋਵਰਡੇਲ ਲੈਂਗਲੀ ਸੀਟ ਟੋਰੀਆਂ ਤੋਂ ਖੁੱਸ ਕੇ ਲਿਬਰਲਾਂ ਦੀ ਝੋਲੀ ਪੈ ਗਈ। ਚੀਨੀ ਬਹੁਤ ਗਿਣਤੀ ਵਾਲੇ ਸ਼ਹਿਰ ਰਿਚਮੰਡ ਵਿੱਚ ਪਹਿਲੀ ਵਾਰ ਪੰਜਾਬੀ ਉਮੀਦਵਾਰ ਦੀ ਝੰਡੀ ਰਹੀ। ਟੋਰੀ ਪਾਰਟੀ ਨੂੰ ਲਿਬਰਲ ਤੋਂ 3 ਫੀਸਦ ਵੱਧ ਵੋਟਾਂ ਲੈ ਕੇ ਵੀ ਘੱਟ ਸੀਟਾਂ ’ਤੇ ਸਬਰ ਕਰਨਾ ਪਿਆ ਹੈ, ਜਦਕਿ ਪੀਪਲਜ਼ ਪਾਰਟੀ ਆਫ ਕੈਨੇਡਾ 5 ਫ਼ੀਸਦ ਵੋਟਾਂ ਲੈ ਕੇ ਖਾਤਾ ਨਹੀਂ ਖੋਲ੍ਹ ਸਕੀ, ਪਰ ਗਰੀਨ ਪਾਰਟੀ ਨੇ 3 ਫ਼ੀਸਦ ਨਾਲ ਹੀ ਦੋ ਸੀਟਾਂ ਜਿੱਤ ਲਈਆਂ। ਲਿਬਰਲ ਪਾਰਟੀ ਨੇ 51,43,436 ਵੋਟਾਂ ਲੈ ਕੇ 158 ਸੀਟਾਂ ਜਿੱਤੀਆਂ ਹਨ। ਕੰਜ਼ਰਵੇਟਿਵ ਪਾਰਟੀ ਨੂੰ ਵੋਟਾਂ ਤਾਂ 54,15,118 ਪਈਆਂ, ਪਰ ਜਿੱਤ 119 ਸੀਟਾਂ ’ਤੇ ਮਿਲੀ। ਐੱਨਡੀਪੀ ਪਿਛਲੀ ਵਾਰ ਤੋਂ 2 ਫੀਸਦ ਵੱਧ ਭਾਵ 28,25,297 ਵੋਟਾਂ ਲੈ ਕੇ 25 ਸੀਟਾਂ ’ਤੇ ਜੇਤੂ ਰਹੀ ਜੋ ਪਿਛਲੀ ਵਾਰ ਨਾਲੋਂ ਇੱਕ ਵੱਧ ਹੈ। 

sant sagar