ਦੇਸ਼ ’ਚ 5ਜੀ ਸੇਵਾ ਸ਼ੁਰੂ ਹੋਣ ’ਤੇ ਪੰਜਾਬ ਦੇ ਡੀ. ਜੀ. ਪੀ. ਦਾ ਅਲਰਟ

ਦੇਸ਼ ’ਚ 5ਜੀ ਸੇਵਾ ਸ਼ੁਰੂ ਹੋਣ ’ਤੇ ਪੰਜਾਬ ਦੇ ਡੀ. ਜੀ. ਪੀ. ਦਾ ਅਲਰਟ

ਚੰਡੀਗੜ੍ਹ- ਪੰਜਾਬ ਪੁਲਸ ਨੇ ਸੂਬੇ ਦੀ ਜਨਤਾ ਨੂੰ 5ਜੀ ਸਾਈਬਰ ਸਕੈਮ ਸਬੰਧੀ ਅਲਰਟ ਰਹਿਣ ਲਈ ਕਿਹਾ ਹੈ। ਦੇਸ਼ ਵਿਚ ਹੁਣੇ ਜਿਹੇ 5ਜੀ ਸੇਵਾ ਸ਼ੁਰੂ ਕੀਤੀ ਗਈ ਸੀ। ਉਸ ਤੋਂ ਬਾਅਦ 5ਜੀ ਸਾਈਬਰ ਸਕੈਮ ਸਾਹਮਣੇ ਆ ਰਿਹਾ ਹੈ, ਜਿਸ ਦੇ ਮੱਦੇਨਜ਼ਰ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਸੂਬੇ ਦੇ ਸਾਰੇ ਪੁਲਸ ਅਧਿਕਾਰੀਆਂ ਨੂੰ ਇਸ ਸਬੰਧੀ ਜਨਤਾ ਨੂੰ ਜਾਗਰੂਕ ਕਰਨ ਲਈ ਕਿਹਾ ਹੈ। ਪੰਜਾਬ ਪੁਲਸ ਨੇ ਜਨਤਾ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਮੋਬਾਇਲ ਫੋਨ ’ਤੇ ਕੁਝ ਅਜਿਹੀਆਂ ਕਾਲਜ਼ ਆ ਸਕਦੀਆਂ ਹਨ ਜਿਨ੍ਹਾਂ ਵਿਚ ਸਕੈਮ ਕਰਨ ਵਾਲੇ ਉਨ੍ਹਾਂ ਨੂੰ 4ਜੀ ਸਿਮ ਨੂੰ 5ਜੀ ਸਿਮ ਵਿਚ ਬਦਲਣ ਲਈ ਕਹਿ ਸਕਦੇ ਹਨ। ਜਨਤਾ ਅਜਿਹੀਆਂ ਕਾਲਾਂ ਵਿਚ ਓ. ਟੀ. ਪੀ. ਨੰਬਰ ਨਾ ਦੇਵੇ। ਜੇ ਅਜਿਹਾ ਕੀਤਾ ਜਾਂਦਾ ਹੈ ਤਾਂ ਸਕੈਮਰ ਉਨ੍ਹਾਂ ਦੇ ਬੈਂਕ ਖਾਤੇ ਦੀ ਰਕਮ ਆਪਣੇ ਖਾਤੇ ’ਚ ਟਰਾਂਸਫਰ ਕਰ ਸਕਦੇ ਹਨ। 
ਉਨ੍ਹਾਂ ਕਿਹਾ ਕਿ ਜੇ ਲੋਕ ਆਪਣਾ ਸਿਮ 4ਜੀ ਤੋਂ 5ਜੀ ’ਚ ਬਦਲਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਸਰਵਿਸ ਪ੍ਰੋਵਾਈਡਰ ਦੇ ਸਟੋਰ ’ਤੇ ਜਾ ਕੇ ਉਨ੍ਹਾਂ ਦੇ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀਦੀ ਹੈ। ਸੂਬਾ ਪੁਲਸ ਨੇ ਕਿਹਾ ਕਿ ਜੇ ਕੋਈ 5ਜੀ ਦੇ ਨਾਂ ’ਤੇ ਠੱਗੀ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਹ ਪੰਜਾਬ ਪੁਲਸ ਦੀ ਸਾਈਬਰ ਕ੍ਰਾਈਮ ਬ੍ਰਾਂਚ ਨੂੰ ਸ਼ਿਕਾਇਤ ਕਰੇ। ਇਸ ਦੇ ਨਾਲ ਹੀ ਉਹ 1930 ਹੈਲਪਲਾਈਨ ਨੰਬਰ ’ਤੇ ਵੀ ਸ਼ਿਕਾਇਤ ਕਰ ਸਕਦਾ ਹੈ। 

ad