ਕੇਜਰੀਵਾਲ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਭਾਜਪਾ ਤੇ ਕਾਂਗਰਸ ਵਲੋਂ ਪ੍ਰਦਰਸ਼ਨ

ਕੇਜਰੀਵਾਲ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਭਾਜਪਾ ਤੇ ਕਾਂਗਰਸ ਵਲੋਂ ਪ੍ਰਦਰਸ਼ਨ

ਨਵੀਂ ਦਿੱਲੀ, - ਦਿੱਲੀ ਦੀ ਸ਼ਰਾਬ ਨੀਤੀ 'ਚ ਕਥਿਤ ਘੁਟਾਲਾ ਮਾਮਲੇ 'ਚ ਬੈਕਫੁਟ 'ਤੇ ਆਈ ਕੇਜਰੀਵਾਲ ਸਰਕਾਰ ਖ਼ਿਲਾਫ਼ ਭਾਜਪਾ ਤੇ ਕਾਂਗਰਸ ਨੇ ਹਮਲੇ ਤੇਜ਼ ਕਰ ਦਿੱਤੇ ਹਨ | ਸ਼ਰਾਬ ਘੁਟਾਲਾ ਮਾਮਲੇ 'ਚ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਗਿ੍ਫ਼ਤਾਰੀ ਤੋਂ ਬਾਅਦ ਅੱਜ ਦਿੱਲੀ ਭਾਜਪਾ ਵਲੋਂ ਵੱਖ-ਵੱਖ ਇਲਾਕਿਆਂ 'ਚ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਕੇਜਰੀਵਾਲ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ | ਦਿੱਲੀ ਭਾਜਪਾ ਤੋਂ ਇਲਾਵਾ ਦਿੱਲੀ ਕਾਂਗਰਸ ਨੇ ਵੀ ਅਸਤੀਫ਼ੇ ਦੀ ਮੰਗ ਕਰਦੇ ਹੋਏ ਕੇਜਰੀਵਾਲ ਨੂੰ ਹੀ ਕਥਿਤ ਸ਼ਰਾਬ ਘੁਟਾਲੇ ਦਾ ਮੁੱਖ ਸਾਜਿਸ਼ਕਰਤਾ ਕਰਾਰ ਦਿੱਤਾ | ਦਿੱਲੀ ਭਾਜਪਾ ਨੇ ਰਾਜੀਵ ਚੌਕ, ਆਈ.ਟੀ.ਓ. ਸਮੇਤ ਵੱਖ-ਵੱਖ 10 ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਕਰਦਿਆਂ ਕੇਜਰੀਵਾਲ ਸਰਕਾਰ ਤੇ 'ਆਪ' 'ਤੇ ਤਿੱਖੇ ਹਮਲੇ ਕੀਤੇ | ਦਿੱਲੀ ਭਾਜਪਾ ਵਲੋਂ ਅੱਜ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਜਨਜਾਗਰਣ ਮੁਹਿੰਮ ਦਾ ਨਾਂਅ ਦਿੱਤਾ ਗਿਆ | ਦਿੱਲੀ ਪ੍ਰਦੇਸ਼ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਵਰਿੰਦਰ ਗੁਪਤਾ, ਦਿੱਲੀ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਵਿਧੂੜੀ, ਸਾਬਕਾ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਤੇ ਸੀਨੀਅਰ ਆਗੂ ਕੁਲਦੀਪ ਚਹਿਲ ਸਮੇਤ ਹੋਰਨਾਂ ਭਾਜਪਾ ਆਗੂਆਂ ਨੇ ਕਿਹਾ ਕਿ 'ਆਪ' ਖੁਦ ਨੂੰ ਕੱਟੜ ਇਮਾਨਦਾਰ ਕਰਾਰ ਦਿੰਦੀ ਆ ਰਹੀ ਹੈ, ਪ੍ਰੰਤੂ ਹੁਣ 'ਆਪ' ਦੀ ਝੂਠੀ ਇਮਾਨਦਾਰੀ ਪੂਰੀ ਤਰ੍ਹਾਂ ਬੇਨਕਾਬ ਹੋ ਗਈ ਹੈ | ਉਨ੍ਹਾਂ ਕਿਹਾ ਕਿ 'ਆਪ' ਦੇ 2 ਮੰਤਰੀ ਜੇਲ੍ਹ ਜਾ ਚੁੱਕੇ ਹਨ ਅਤੇ ਇਸ ਸਭ ਦੇ ਪਿੱਛੇ ਮੁੱਖ ਮੰਤਰੀ ਕੇਜਰੀਵਾਲ ਦਾ ਹੀ ਹੱਥ ਹੈ, ਇਸ ਲਈ ਕੇਜਰੀਵਾਲ ਨੂੰ ਫੌਰਨ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ |
ਦਿੱਲੀ ਕਾਂਗਰਸ ਨੇ ਵੀ ਮੰਗਿਆ ਅਸਤੀਫ਼ਾ
ਦਿੱਲੀ ਕਾਂਗਰਸ ਵਲੋਂ ਸ਼ਰਾਬ ਘੁਟਾਲਾ ਮਾਮਲੇ ਨੂੰ ਲੈ ਕੇ ਕੇਜਰੀਵਾਲ ਸਰਕਾਰ ਖਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਗਿਆ | ਪ੍ਰਦਰਸ਼ਨਕਾਰੀਆਂ ਨੇ ਹੱਥਾਂ 'ਚ ਤਖ਼ਤੀਆਂ ਫੜ ਕੇ ਕੇਜਰੀਵਾਲ ਸਰਕਾਰ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ | ਦਿੱਲੀ ਪ੍ਰਦੇਸ਼ ਕਾਂਗਰਸ ਪ੍ਰਧਾਨ ਅਨਿਲ ਚੌਧਰੀ ਨੇ ਕਿਹਾ ਕਿ 'ਆਪ' ਵਲੋਂ ਦਿੱਲੀ ਦੀ ਜਨਤਾ ਨੂੰ ਕਾਫੀ ਦੇਰ ਤੱਕ ਗੁੰਮਰਾਹ ਕੀਤਾ ਜਾਂਦਾ ਰਿਹਾ ਹੈ ਪ੍ਰੰਤੂ ਹੁਣ ਕੇਜਰੀਵਾਲ ਤੇ ਉਨ੍ਹਾਂ ਦੀ ਟੀਮ ਦੀ ਪੋਲ ਖੁੱਲ੍ਹ ਗਈ ਹੈ | ਉਨ੍ਹਾਂ ਕਿਹਾ ਕਿ ਸ਼ਰਾਬ ਨੀਤੀ ਘੁਟਾਲੇ ਪਿੱਛੇ ਕੇਜਰੀਵਾਲ ਹੀ ਮੁੱਖ ਸਾਜਿਸ਼ਕਰਤਾ ਹੈ, ਇਸ ਲਈ ਕੇਜਰੀਵਾਲ ਨੂੰ ਖੁਦ ਹੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਲਾਂਭੇ ਹੋ ਜਾਣਾ ਚਾਹੀਦਾ ਹੈ |

sant sagar