ਲੁਧਿਆਣਾ ’ਚ ਇੱਕ ਸੰਸਦ ਮੈਂਬਰ ਤੇ ਦੋ ਵਿਧਾਇਕ ਚੋਣ ਮੈਦਾਨ ’ਚ
ਲੁਧਿਆਣਾ ’ਚ ਇੱਕ ਸੰਸਦ ਮੈਂਬਰ ਤੇ ਦੋ ਵਿਧਾਇਕ ਚੋਣ ਮੈਦਾਨ ’ਚ
ਲੁਧਿਆਣਾ-ਲੁਧਿਆਣਾ ਲੋਕ ਸਭਾ ਹਲਕੇ ਦਾ ਮੈਦਾਨ ਪੂਰੀ ਤਰ੍ਹਾਂ ਸਜ ਚੁੱਕਿਆ ਹੈ। ਲਗਪਗ ਸਾਰੀਆਂ ਮੁੱਖ ਪਾਰਟੀਆਂ ਨੇ ਆਪੋ-ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਲੁਧਿਆਣਾ ਵਿੱਚ ਇੱਕ ਸੰਸਦ ਮੈਂਬਰ, ਦੋ ਵਿਧਾਇਕ ਤੇ ਇੱਕ ਸਾਬਕਾ ਵਿਧਾਇਕ ਚੋਣ ਮੈਦਾਨ ਵਿੱਚ ਨਿੱਤਰੇ ਹਨ। ਕਾਂਗਰਸ ਨੇ ਸੂਬਾ ਪ੍ਰਧਾਨ ਰਾਜਾ ਵੜਿੰਗ, ਭਾਜਪਾ ਨੇ ਰਵਨੀਤ ਸਿੰਘ ਬਿੱਟੂ, ‘ਆਪ’ ਨੇ ਅਸ਼ੋਕ ਪਰਾਸ਼ਰ ਪੱਪੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਰਣਜੀਤ ਸਿੰਘ ਢਿੱਲੋਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਰਾਜਾ ਵੜਿੰਗ ਤੇ ਅਸ਼ੋਕ ਪਰਾਸ਼ਰ ਪੱਪੀ ਮੌਜੂਦਾ ਵਿਧਾਇਕ ਹਨ। ਰਵਨੀਤ ਬਿੱਟੂ ਸੰਸਦ ਮੈਂਬਰ ਤੇ ਰਣਜੀਤ ਸਿੰਘ ਢਿੱਲੋਂ ਸਾਬਕਾ ਵਿਧਾਇਕ ਹਨ। ਅਸ਼ੋਕ ਪਰਾਸ਼ਰ ਭਾਵੇਂ ਪਹਿਲੀ ਵਾਰ ਵਿਧਾਇਕ ਬਣੇ ਹਨ ਪਰ ਉਹ ਆਪਣੇ ਭਾਸ਼ਣਾਂ ਕਰ ਕੇ ਕਾਫ਼ੀ ਚਰਚਾ ਵਿੱਚ ਰਹਿੰਦੇ ਹਨ। ਪਿਛਲੇ ਮਹੀਨੇ ਤੱਕ ਇੱਕ ਹੀ ਸਟੇਜ ਤੋਂ ਚੋਣ ਪ੍ਰਚਾਰ ਰਾਜਾ ਵੜਿੰਗ ਤੇ ਰਵਨੀਤ ਸਿੰਘ ਬਿੱਟੂ ਹੁਣ ਆਹਮੋ-ਸਾਹਮਣੇ ਹੋ ਗਏ ਹਨ। ਰਾਜਾ ਵੜਿੰਗ ਤੇ ਬਿੱਟੂ ਵਿਚਾਲੇ ਮੁਕਾਬਲਾ ਦੇਖਣ ਯੋਗ ਹੋਵੇਗਾ। ਇੱਕ ਵਾਰ ਆਨੰਦਪੁਰ ਸਾਹਿਬ ਅਤੇ ਦੋ ਵਾਰ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਹੇ ਰਵਨੀਤ ਸਿੰਘ ਬਿੱਟੂ ਨੇ ਚੋਣਾਂ ’ਚ ਇਸ ਵਾਰ ਪਾਰਟੀ ਬਦਲ ਲਈ ਹੈ। ਉਹ ਕਾਂਗਰਸ ਦੀ ਥਾਂ ਇਸ ਵਾਰ ਭਾਜਪਾ ਤੋਂ ਚੋਣ ਲੜ ਰਹੇ ਹਨ। ਬਿੱਟੂ ਕਾਂਗਰਸ ਛੱਡਣ ਤੋਂ ਬਾਅਦ ਸਿੱਧੇ ਤੌਰ ’ਤੇ ਕਾਂਗਰਸ ਦੇ ਖ਼ਿਲਾਫ਼ ਹੋ ਗਏ ਹਨ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਵੀ ਹਲਕਾ ਪੂਰਬੀ ਤੋਂ ਵਿਧਾਇਕ ਰਹਿ ਚੁੱਕੇ ਹਨ। ਜ਼ਿਕਰਯੋਗ ਹੈ ਕਿ ਰਾਜਾ ਵੜਿੰਗ ਕਾਂਗਰਸ ਦੇ ਮੌਜੂਦਾ ਸੂਬਾ ਪ੍ਰਧਾਨ ਹਨ ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਤੇ ਅਸ਼ੋਕ ਪਰਾਸ਼ਰ ਪੱਪੀ ਵੀ ਕੁੱਝ ਸਮਾਂ ਪਹਿਲਾਂ ਕਾਂਗਰਸੀ ਹੀ ਸਨ। ਇਸ ਤਰ੍ਹਾਂ ਲੁਧਿਆਣਾ ਵਿੱਚ ਤਿੰਨ ਕਾਂਗਰਸੀਆਂ ਵਿਚਾਲੇ ਲੜਾਈ ਮੰਨੀ ਜਾ ਰਹੀ ਹੈ। ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ 22 ਮਾਰਚ ਨੂੰ ਕਾਂਗਰਸ ਛੱਡ ਕੇ ਭਾਜਪਾ ਵਿੱਚ ਚਲੇ ਗਏ ਸਨ। ਇਸ ਤੋਂ ਪਹਿਲਾਂ ਅਸ਼ੋਕ ਪਰਾਸ਼ਰ ਪੱਪੀ ਨੇ 2022 ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡੀ ਸੀ।