ਕੁਵੈਤ ਦੇ ਹਵਾਈ ਅੱਡੇ ’ਤੇ 20 ਘੰਟੇ ਤੱਕ ਫਸੇ ਰਹੇ ਭਾਰਤੀ ਯਾਤਰੀ

ਕੁਵੈਤ ਦੇ ਹਵਾਈ ਅੱਡੇ ’ਤੇ 20 ਘੰਟੇ ਤੱਕ ਫਸੇ ਰਹੇ ਭਾਰਤੀ ਯਾਤਰੀ

ਬਹਿਰੀਨ ਤੋਂ ਮੈਨਚੈਸਟਰ ਜਾ ਰਹੀ ਗਲਫ ਏਅਰ ਦੀ ਉਡਾਣ ਤਕਨੀਕੀ ਖਰਾਬੀ ਕਾਰਨ ਕੁਵੈਤ ਵੱਲ ਮੋੜੀ

ਕੁਵੈਤ ਸਿਟੀ,(ਇੰਡੋ ਕਨੇਡੀਅਨ ਟਾਇਮਜ਼)- ਮੈਨਚੈਸਟਰ ਜਾਣ ਵਾਲੀ ‘ਗਲਫ ਏਅਰ’ ਦੀ ਉਡਾਣ ਦੇ ਕਈ ਭਾਰਤੀ ਯਾਤਰੀ ਕੁਵੈਤ ਹਵਾਈ ਅੱਡੇ ’ਤੇ ਤਕਰੀਬਨ 20 ਘੰਟੇ ਤੱਕ ਫਸੇ ਰਹਿਣ ਮਗਰੋਂ ਅੱਜ ਸਵੇਰੇ ਆਪਣੀ ਮੰਜ਼ਿਲ ਵੱਲ ਰਵਾਨਾ ਹੋਏ। ਬਹਿਰੀਨ ਤੋਂ ਮੈਨਚੈਸਟਰ ਜਾਣ ਵਾਲੀ ਉਡਾਣ ਨੂੰ ਤਕਨੀਕੀ ਖਰਾਬੀ ਕਾਰਨ ਕੁਵੈਤ ਵੱਲ ਮੋੜ ਦਿੱਤਾ ਗਿਆ ਸੀ।

ਖ਼ਬਰ ਅਨੁਸਾਰ ‘ਗਲਫ ਏਅਰ ਜੀਐੱਫ5’ ਨੇ 1 ਦਸੰਬਰ ਨੂੰ ਸਥਾਨਕ ਸਮੇਂ ਅਨੁਸਾਰ ਦੇਰ ਰਾਤ 2:05 ਵਜੇ ਬਹਿਰੀਨ ਤੋਂ ਉਡਾਣ ਭਰੀ ਪਰ ਜਹਾਜ਼ ’ਚ ਕੁਝ ਤਕਨੀਕੀ ਖਰਾਬੀ ਆਉਣ ਕਾਰਨ ਉਸ ਨੂੰ ਸਵੇਰੇ 4:01 ਵਜੇ ਕੁਵੈਤ ’ਚ ਉਤਾਰਨਾ ਪਿਆ। ਸੋਸ਼ਲ ਮੀਡੀਆ ’ਤੇ ਪਾਈ ਗਈ ਇੱਕ ਪੋਸਟ ਅਨੁਸਾਰ ਕਈ ਯਾਤਰੀਆਂ ਨੇ ਸ਼ਿਕਾਇਤ ਕੀਤੀ ਕਿ ਉਹ ਘੰਟਿਆਂ ਤੱਕ ਹਵਾਈ ਅੱਡੇ ’ਤੇ ਫਸੇ ਰਹੇ ਜਿਸ ਮਗਰੋਂ ਕੁਵੈਤ ’ਚ ਭਾਰਤੀ ਦੂਤਾਵਾਸ ਨੇ ਗਲਫ ਏਅਰ ਦੇ ਅਧਿਕਾਰੀਆਂ ਸਾਹਮਣੇ ਮਸਲਾ ਉਠਾਇਆ। ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਦੂਤਾਵਾਸ ਨੇ ਕਿਹਾ ਕਿ ਯਾਤਰੀਆਂ ਦੀ ਮਦਦ ਕਰਨ ਅਤੇ ਹਵਾਈ ਸੇਵਾ ਕੰਪਨੀ ਨਾਲ ਤਾਲਮੇਲ ਲਈ ਉਸ ਦੀ ਟੀਮ ਹਵਾਈ ਅੱਡੇ ’ਤੇ ਪੁੱਜੀ। ਯਾਤਰੀਆਂ ਨੂੰ ਹਵਾਈ ਅੱਡੇ ’ਤੇ ਦੋ ਆਰਾਮ ਘਰਾਂ ’ਚ ਠਹਿਰਾਇਆ ਗਿਆ ਅਤੇ ਉਨ੍ਹਾਂ ਲਈ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ। ਦੂਤਾਵਾਸ ਨੇ ਇੱਕ ਪੋਸਟ ’ਚ ਕਿਹਾ, ‘ਅੱਜ ਸਵੇਰੇ 4:34 ਵਜੇ ਗਲਫ ਏਅਰ ਦੇ ਜਹਾਜ਼ ਨੇ ਮੈਨਚੈਸਟਰ ਲਈ ਉਡਾਣ ਭਰੀ। ਉਡਾਣ ਰਵਾਨਾ ਹੋਣ ਤੱਕ ਦੂਤਾਵਾਸ ਦੀ ਟੀਮ ਉੱਥੇ ਹੀ ਮੌਜੂਦ ਸੀ।’ ਇੱਕ ਯਾਤਰੀ ਨੇ ਅੱਜ ਐਕਸ ’ਤੇ ਦੋਸ਼ ਲਾਇਆ ਕਿ ਭਾਰਤੀ ਯਾਤਰੀਆਂ ਨੂੰ ਬਿਨਾਂ ਮਦਦ ਦੇ ਛੱਡ ਦਿੱਤਾ ਗਿਆ।

sant sagar