ਰੂਸ ਨਾਲ ਜੰਗ ਦਾ ਖ਼ਾਤਮਾ ਹਾਲੇ ਦੂਰ ਦੀ ਗੱਲ: ਜ਼ੇਲੈਂਸਕੀ

ਟਰੰਪ ਵੱਲੋਂ ਜ਼ੇਲੈਂਸਕੀ ਦੇ ਬਿਆਨ ਦੀ ਨਿਖੇਧੀ
ਕੀਵ,(ਇੰਡੋ ਕਨੇਡੀਅਨ ਟਾਇਮਜ਼)- ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਅਤੇ ਰੂਸ ਦਰਮਿਆਨ ਜਾਰੀ ਜੰਗ ਖ਼ਤਮ ਹੋਣ ਦੇ ਆਸਾਰ ਹਾਲੇ ਬਹੁਤ ਦੂਰ-ਦੂਰ ਤੱਕ ਨਜ਼ਰ ਨਹੀਂ ਆ ਰਹੇ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਉਨ੍ਹਾਂ ਦੇ ਹਾਲ ਹੀ ਦੇ ਤਣਾਅਪੂਰਨ ਸਬੰਧਾਂ ਦੇ ਬਾਵਜੂਦ ਅਮਰੀਕਾ ਵੱਲੋਂ ਉਨ੍ਹਾਂ ਨੂੰ ਸਮਰਥਨ ਮਿਲਦਾ ਰਹੇਗਾ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜ਼ੇਲੈਂਸਕੀ ਦੇ ਇਸ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਜ਼ੇਲੈਂਸਕੀ ਦੀ ਸਭ ਤੋਂ ਖ਼ਰਾਬ ਬਿਆਨਬਾਜ਼ੀ ਹੈ ਅਤੇ ਅਮਰੀਕਾ ਇਸ ਨੂੰ ਹੋਰ ਬਰਦਾਸ਼ਤ ਨਹੀਂ ਕਰੇਗਾ।
ਜ਼ੇਲੈਂਸਕੀ ਨੇ ਪਿਛਲੇ ਤਿੰਨ ਸਾਲਾਂ ਤੋਂ ਜਾਰੀ ਜੰਗ ਵਿੱਚ ਅਮਰੀਕਾ ਵੱਲੋਂ ਮਿਲੇ ਸਮਰਥਨ ਦਾ ਜ਼ਿਕਰ ਕਰਦਿਆਂ ਕਿਹਾ, ‘‘ਮੇਰਾ ਮੰਨਣਾ ਹੈ ਕਿ ਸਾਡਾ ਸਬੰਧ (ਅਮਰੀਕਾ ਨਾਲ) ਇਸੇ ਤਰ੍ਹਾਂ ਹੀ ਮਜ਼ਬੂਤ ਰਹੇਗਾ।’’
ਉਨ੍ਹਾਂ ਨੇ ਲੰਡਨ ਤੋਂ ਰਵਾਨਾ ਹੋਣ ਤੋਂ ਪਹਿਲਾਂ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ, ‘‘ਮੇਰਾ ਮੰਨਣਾ ਹੈ ਕਿ ਯੂਕਰੇਨ ਦੀ ਅਮਰੀਕਾ ਨਾਲ ਏਨੀ ਮਜ਼ਬੂਤ ਭਾਈਵਾਲੀ ਹੈ ਕਿ ਸਹਾਇਤਾ ਜਾਰੀ ਰਹਿ ਸਕੇ।’’
ਜ਼ੇਲੈਂਸਕੀ ਲੰਡਨ ਦੇ ਦੌਰੇ ’ਤੇ ਗਏ ਹਨ ਜਿੱਥੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਯੂਕਰੇਨ ਨੂੰ ਸਮਰਥਨ ਦੇਣ ਲਈ ਯੂਰਪ ਦੇ ਆਗੂਆਂ ਦੀ ਮੀਟਿੰਗ ਬੁਲਾਈ ਹੈ। ਇਹ ਮੀਟਿੰਗ ਅਜਿਹੇ ਸਮੇਂ ਬੁਲਾਈ ਗਈ ਹੈ ਜਦੋਂ ਟਰੰਪ ਦਾ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਪ੍ਰਤੀ ਝੁਕਾਅ ਹੈ। ਯੂਰਪ ਨੂੰ ਟਰੰਪ ਦੇ ਇਰਾਦਿਆਂ ਅਤੇ ਰਣਨੀਤੀ ’ਤੇ ਸ਼ੱਕ ਹੈ।
ਜ਼ੇਲੈਂਸਕੀ ਯੂਕਰੇਨ ਨੂੰ ਫੌਜੀ ਅਤੇ ਵਿੱਤੀ ਸਹਾਇਤਾ ਦੇਣ ਵਾਲੇ ਪੱਛਮੀ ਦੇਸ਼ਾਂ ਦਰਮਿਆਨ ਹਾਲ ਹੀ ਵਿੱਚ ਹੋਈ ਕੂਟਨੀਤਕ ਉਥਲ-ਪੁਥਲ ਦੇ ਬਾਵਜੂਦ ਉਤਸ਼ਾਹਿਤ ਨਜ਼ਰ ਆ ਰਹੇ ਹਨ। ਇਹ ਘਟਨਾਕ੍ਰਮ ਅਜਿਹੇ ਸਮੇਂ ਵਾਪਰ ਰਹੇ ਹਨ ਜਦੋਂ ਯੂਕਰੇਨ ਦੀ ਕਮਜ਼ੋਰ ਫੌਜ ਨੂੰ ਭਾਰੀ ਰੂਸੀ ਫੌਜ ਦਾ ਸਾਹਮਣਾ ਕਰਨ ਵਿੱਚ ਮੁਸ਼ਕਲ ਆ ਰਹੀ ਹੈ।