ਰੂਸੀ ਡਰੋਨ ਨੇ ਚਰਨੋਬਿਲ ਰਿਐਕਟਰ ਦੇ ਸੁਰੱਖਿਆ ਸ਼ੈੱਲ ਨੂੰ ਨਿਸ਼ਾਨਾ ਬਣਾਇਆ

ਰੂਸੀ ਡਰੋਨ ਨੇ ਚਰਨੋਬਿਲ ਰਿਐਕਟਰ ਦੇ ਸੁਰੱਖਿਆ ਸ਼ੈੱਲ ਨੂੰ ਨਿਸ਼ਾਨਾ ਬਣਾਇਆ

ਸ਼ੈੱਲ ਨੂੰ ਨੁਕਸਾਨ ਪੁੱਜਿਆ ਪਰ ਰੇਡੀਏਸ਼ਨ ਦਾ ਪੱਧਰ ਆਮ: ਜ਼ੈਲੇਂਸਕੀ

ਕੀਵ,(ਇੰਡੋ ਕਨੇਡੀਅਨ ਟਾਇਮਜ਼)- ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਅੱਜ ਕਿਹਾ ਕਿ ਕਾਫੀ ਧਮਾਕਾਖੇਜ਼ ਸਮੱਗਰੀ ਨਾਲ ਲੈਸ ਰੂਸੀ ਡਰੋਨ ਨੇ ਰਾਤ ਸਮੇਂ ਕੀਵ ਸਥਿਤ ਚਰਨੋਬਿਲ ਪਰਮਾਣੂ ਊਰਜਾ ਪਲਾਂਟ ਦੇ ਸੁਰੱਖਿਆ ਕੰਟੇਨਮੈਂਟ ਸ਼ੈੱਲ (ਕਵਚ) ’ਤੇ ਹਮਲਾ ਕੀਤਾ। ਜ਼ੈਲੇਂਸਕੀ ਅਤੇ ਸੰਯੁਕਤ ਰਾਸ਼ਟਰ ਪਰਮਾਣੂ ਏਜੰਸੀ ਨੇ ਕਿਹਾ ਕਿ ਹਾਲਾਂਕਿ ਹਮਲੇ ਕਾਰਨ ਰੇਡੀਏਸ਼ਨ ਦਾ ਪੱਧਰ ਨਹੀਂ ਵਧਿਆ ਹੈ।

ਸੰਯੁਕਤ ਰਾਸ਼ਟਰ ਪਰਮਾਣੂ ਏਜੰਸੀ ਨੇ ਕਿਹਾ ਕਿ ਪਲਾਂਟ ਵਿੱਚ ਤਾਇਨਾਤ ਉਸ ਦੀ ਟੀਮ ਨੇ ਧਮਾਕਾ ਸੁਣਿਆ ਅਤੇ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਕਿ ਇਕ ਡਰੋਨ ਪਲਾਂਟ ਦੇ ਸੁਰੱਖਿਆ ਸ਼ੈੱਲ ਨਾਲ ਟਕਰਾਇਆ ਹੈ। ਉੱਧਰ, ਰਾਸ਼ਟਰਪਤੀ ਜ਼ੈਲੇਂਸਕੀ ਨੇ ਕਿਹਾ ਕਿ ਇਸ ਹਮਲੇ ਕਾਰਨ ਢਾਂਚੇ ਨੂੰ ਨੁਕਸਾਨ ਪੁੱਜਿਆ ਹੈ ਅਤੇ ਅੱਗ ਲੱਗ ਗਈ, ਜਿਸ ਨੂੰ ਬੁਝਾ ਦਿੱਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦੋ ਦਿਨ ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਕਿ ਉਹ ਜੰਗਬੰਦੀ ਸਬੰਧੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਗੱਲਬਾਤ ਕਰਨਗੇ। ਉਸ ਤੋਂ ਦੋ ਦਿਨਾਂ ਬਾਅਦ ਇਹ ਹਮਲਾ ਹੋ ਗਿਆ। ਇਸ ਹਮਲੇ ਰਾਹੀਂ ਇਹ ਦਿਖਾਉਣ ਦੀ ਕੋਸ਼ਿਸ਼ ਹੋ ਸਕਦੀ ਹੈ ਕਿ ਸ਼ਾਂਤੀ ਬਾਰੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਸਿਰਫ਼ ਤੇ ਸਿਰਫ਼ ਪੂਤਿਨ ’ਤੇ ਨਿਰਭਰ ਕਰਦੀ ਹੈ, ਨਾ ਕਿ ਜ਼ੈਲੇਂਸਕੀ ਜਾਂ ਯੂਰੋਪੀ ਸਰਕਾਰਾਂ ’ਤੇ।

ਰੂਸ ਨੇ ਯੂਕਰੇਨ ਦੇ ਦੋਸ਼ ਨਕਾਰੇ
ਕੀਵ: ਰੂਸੀ ਸਰਕਾਰ ਦੇ ਤਰਜਮਾਨ ਦਮਿੱਤਰੀ ਪੈਸਕੋਵ ਨੇ ਅੱਜ ਯੂਕਰੇਨ ਦੇ ਇਸ ਦਾਅਵੇ ਦਾ ਖੰਡਨ ਕੀਤਾ ਹੈ ਕਿ ਰੂਸ ਨੇ ਚਰਨੋਬਿਲ ਪਰਮਾਣੂ ਪਲਾਂਟ ਦੇ ਬਾਹਰੀ ਸੁਰੱਖਿਆ ਕਵਚ ’ਤੇ ਡਰੋਨ ਨਾਲ ਹਮਲਾ ਕੀਤਾ ਹੈ। ਪੈਸਕੋਵ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਪਰਮਾਣੂ ਬੁਨਿਆਦੀ ਢਾਂਚੇ ਜਾਂ ਪਰਮਾਣੂ ਊਰਜਾ ਵਾਲੇ ਕਿਸੇ ਪਲਾਂਟ ’ਤੇ ਹਮਲਾ ਕਰਨ ਵਰਗੀ ਕੋਈ ਗੱਲ ਹੀ ਨਹੀਂ ਹੈ, ਅਜਿਹਾ ਕੋਈ ਵੀ ਦਾਅਵਾ ਸੱਚਾ ਨਹੀਂ ਹੈ। ਸਾਡੀ ਫੌਜ ਅਜਿਹਾ ਨਹੀਂ ਕਰਦੀ ਹੈ।’’ ਉਨ੍ਹਾਂ ਕਿਹਾ ਕਿ ਯੂਕਰੇਨ ਦੇ ਅਧਿਕਾਰੀਆਂ ਨੇ ਰਾਤ ਵਿੱਚ ਹਮਲੇ ਦਾ ਦਾਅਵਾ ਇਸ ਵਾਸਤੇ ਕੀਤਾ ਹੈ ਕਿਉਂਕਿ ਉਹ ਗੱਲਬਾਤ ਰਾਹੀਂ ਜੰਗਬੰਦੀ ਦੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਕਰਨਾ ਚਾਹੁੰਦੇ ਸਨ। 

ad