ਕੁਰਸਕ ਖੇਤਰ ’ਚ ਦਾਖ਼ਲ ਹੋਣ ਦਾ ਮਕਸਦ ‘ਬਫਰ ਜ਼ੋਨ’ ਬਣਾਉਣਾ: ਜ਼ੇਲੈਂਸਕੀ

ਕੁਰਸਕ ਖੇਤਰ ’ਚ ਦਾਖ਼ਲ ਹੋਣ ਦਾ ਮਕਸਦ ‘ਬਫਰ ਜ਼ੋਨ’ ਬਣਾਉਣਾ: ਜ਼ੇਲੈਂਸਕੀ

ਯੂਕਰੇਨ ਦੇ ਰਾਸ਼ਟਰਪਤੀ ਨੇ ਪਹਿਲੀ ਵਾਰ ਕੁਰਸਕ ਅੰਦਰ ਦਾਖ਼ਲ ਹੋਣ ਦੀ ਮੁਹਿੰਮ ਬਾਰੇ ਸਪੱਸ਼ਟ ਕੀਤਾ

ਕੀਵ,(ਇੰਡੋ ਕਨੇਡੀਅਨ ਟਾਇਮਜ਼)- ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਅੱਜ ਕਿਹਾ ਕਿ ਰੂਸ ਦੇ ਕੁਰਸਕ ਖੇਤਰ ’ਚ ਯੂਕਰੇਨੀ ਸੈਨਿਕਾਂ ਦਾ ਦਾਖ਼ਲ ਹੋਣ ਦਾ ਮਕਸਦ ਉੱਥੇ ਇੱਕ ‘ਬਫਰ ਜ਼ੋਨ’ ਬਣਾਉਣਾ ਹੈ ਤਾਂ ਜੋ ਮਾਸਕੋ ਨੂੰ ਸਰਹੱਦ ਪਾਰ ਤੋਂ ਹਮਲੇ ਕਰਨ ਤੋਂ ਰੋਕਿਆ ਜਾ ਸਕੇ। ਜ਼ੇਲੈਂਸਕੀ ਨੇ ਕੁਰਸਕ ਖੇਤਰ ’ਚ ਛੇ ਅਗਸਤ ਨੂੰ ਸ਼ੁਰੂ ਕੀਤੀ ਇਸ ਮੁਹਿੰਮ ਦੀ ਮਨਸ਼ਾ ਪਹਿਲੀ ਵਾਰ ਖੁੱਲ੍ਹ ਕੇ ਜ਼ਾਹਿਰ ਕੀਤੀ ਹੈ। ਉਨ੍ਹਾਂ ਪਹਿਲਾਂ ਕਿਹਾ ਸੀ ਕਿ ਇਸ ਮੁਹਿੰਮ ਦਾ ਮਕਸਦ ਸਰਹੱਦੀ ਸੁਮੀ ਖੇਤਰ ’ਚ ਲੋਕਾਂ ਨੂੰ ਰੂਸ ਵੱਲੋਂ ਲਗਾਤਾਰ ਕੀਤੀ ਜਾ ਰਹੀ ਗੋਲਾਬਾਰੀ ਤੋਂ ਬਚਾਉਣਾ ਹੈ।

ਜ਼ੇਲੈਂਸਕੀ ਨੇ ਕਿਹਾ, ‘ਕੁੱਲ ਮਿਲਾ ਕੇ ਹੁਣ ਬਚਾਅ ਮੁਹਿੰਮਾਂ ’ਚ ਸਾਡੀ ਤਰਜੀਹ ਜਿੰਨਾ ਸੰਭਵ ਹੋ ਸਕੇ ਰੂਸ ਦੀ ਜੰਗੀ ਸਮਰੱਥਾ ਨੂੰ ਤਬਾਹ ਕਰਨਾ ਤੇ ਵੱਧ ਤੋਂ ਵੱਧ ਜਵਾਬੀ ਕਾਰਵਾਈ ਕਰਨਾ ਹੈ। ਇਸ ਵਿੱਚ ਕੁਰਸਕ ਖੇਤਰ ’ਚ ਸਾਡੀ ਮੁਹਿੰਮ ਸ਼ਾਮਲ ਹੈ ਜਿਸ ਦਾ ਮਕਸਦ ਹਮਲਾਵਰ ਦੇ ਖਿੱਤੇ ’ਚ ਇੱਕ ‘ਬਫਰ ਜ਼ੋਨ’ ਬਣਾਉਣਾ ਹੈ।’ ਅਧਿਕਾਰੀਆਂ ਅਨੁਸਾਰ ਯੂਕਰੇਨ ਨੇ ਛੇ ਅਗਸਤ ਨੂੰ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਸਰਹੱਦ ਪਾਰੋਂ ਹਮਲੇ ਤੇਜ਼ ਕਰਦਿਆਂ ਪਿਛਲੇ ਹਫ਼ਤੇ ਦੇ ਅਖੀਰ ’ਚ ਕੁਰਸਕ ਖੇਤਰ ’ਚ ਇੱਕ ਅਹਿਮ ਪੁਲ ਤਬਾਹ ਕਰ ਦਿੱਤਾ ਸੀ ਅਤੇ ਉਸ ਨੇੜਲੇ ਪੁਲ ’ਤੇ ਵੀ ਹਮਲਾ ਕੀਤਾ ਸੀ ਜਿਸ ਨਾਲ ਰੂਸ ਨੂੰ ਹੋਣ ਵਾਲੀ ਸਪਲਾਈ ਪ੍ਰਭਾਵਿਤ ਹੋਈ ਸੀ। ਫੌਜੀ ਮਾਮਲਿਆਂ ’ਚ ਰੂਸ ਹਮਾਇਤੀ ਇੱਕ ਬਲੌਗਰ ਨੇ ਮੰਨਿਆ ਕਿ ਗਲੁਸ਼ਕੋਵੋ ਸ਼ਹਿਰ ਨੇੜੇ ਸੀਮ ਨਦੀ ’ਤੇ ਇੱਕ ਪੁਲ ਤਬਾਹ ਹੋਣ ਨਾਲ ਯੂਕਰੇਨ ਦੇ ਹਮਲੇ ਨਾਲ ਨਜਿੱਠਣ ਲਈ ਰੂਸੀ ਸੈਨਾ ਭੇਜਣ ’ਚ ਅੜਿੱਕਾ ਪਿਆ ਸੀ। ਰੂਸ ਹਾਲਾਂਕਿ ਅਜੇ ਵੀ ਛੋਟੇ ਪੁਲਾਂ ਦੀ ਵਰਤੋਂ ਕਰ ਸਕਦਾ ਹੈ। ਯੂਕਰੇਨ ਦੀ ਹਵਾਈ ਸੈਨਾ ਨੇ ਲੰਘੇ ਸ਼ੁੱਕਰਵਾਰ ਨੂੰ ਇੱਕ ਹਵਾਈ ਹਮਲੇ ਦੀ ਵੀਡੀਓ ਜਾਰੀ ਕੀਤੀ ਸੀ ਜਿਸ ਵਿਚ ਪੁਲ ਦੋ ਟੁਕੜਿਆਂ ’ਚ ਖਿੰਡਿਆ ਦਿਖਾਈ ਦੇ ਰਿਹਾ ਸੀ। 

ਲੋਕਾਂ ਨੂੰ ਪੋਕਰੋਵਸਕ ਸ਼ਹਿਰ ਛੱਡਣ ਦੇ ਹੁਕਮ
ਕੀਵ:

ਯੂਕਰੇਨ ਦੇ ਸਥਾਨਕ ਅਧਿਕਾਰੀਆਂ ਨੇ ਅੱਜ ਪੂਰਬੀ ਸ਼ਹਿਰ ਪੋਕਰੋਵਸਕ ਦੇ ਲੋਕਾਂ ਨੂੰ ਸ਼ਹਿਰ ਛੱਡਣ ਦੇ ਹੁਕਮ ਦਿੱਤੇ ਹਨ। ਇਸ ਸ਼ਹਿਰ ’ਚ ਮੌਜੂਦਾ ਸਮੇਂ ਤਕਰੀਬਨ 53 ਹਜ਼ਾਰ ਲੋਕ ਰਹਿੰਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਰੂਸੀ ਸੈਨਾ ਇੰਨੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਕਿ ਸੰਭਾਵੀ ਹਮਲਿਆਂ ਦੇ ਮੱਦੇਨਜ਼ਰ ਪੋਕਰੋਵਸਕ ਤੇ ਨੇੜਲੇ ਦੂਜੇ ਸ਼ਹਿਰਾਂ ਤੋਂ ਲੋਕਾਂ ਨੂੰ ਬਾਹਰ ਕੱਢਣਾ ਜ਼ਰੂਰੀ ਹੋ ਗਿਆ ਹੈ। ਰੂਸੀ ਸੈਨਾ ਕਈ ਮਹੀਨਿਆਂ ਤੋਂ ਪੋਕਰੋਵਸਕ ਵੱਲ ਕੂਚ ਕਰ ਰਹੀ ਹੈ। 

sant sagar