ਕਰੋਨਾਵਾਇਰਸ: ਭਾਰਤ ਵਿੱਚ ਕੇਸਾਂ ਦੀ ਗਿਣਤੀ 12.38 ਲੱਖ

ਕਰੋਨਾਵਾਇਰਸ: ਭਾਰਤ ਵਿੱਚ ਕੇਸਾਂ ਦੀ ਗਿਣਤੀ 12.38 ਲੱਖ

ਇਕ ਦਿਨ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ 45,720 ਨਵੇਂ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਭਾਰਤ ਵਿੱਚ ਅੱਜ ਕਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 12 ਲੱਖ ਤੋਂ ਟੱਪ ਗਈ ਜਦੋਂ ਕਿ ਇਕ ਦਿਨ ’ਚ ਰਿਕਾਰਡ 1,129 ਮੌਤਾਂ ਹੋਣ ਨਾਲ ਮਹਾਮਾਰੀ ਕਾਰਨ ਹੁਣ ਤੱਕ ਦੇਸ਼ ਭਰ ਵਿੱਚ ਮਰਨ ਵਾਲਿਆਂ ਦਾ ਅੰਕੜਾ 29,861 ਤੱਕ ਪਹੁੰਚ ਗਿਆ। ਇਹ ਜਾਣਕਾਰੀ ਅੱਜ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਦਿੱਤੀ ਗਈ। ਜ਼ਿਕਰਯੋਗ ਹੈ ਕਿ ਪਾਜ਼ੇਟਿਵ ਕੇਸਾਂ ਦੀ ਗਿਣਤੀ 11 ਲੱਖ ਤੱਕ ਪਹੁੰਚਣ ਤੋਂ ਮਹਿਜ਼ ਤਿੰਨ ਦਿਨਾਂ ਬਾਅਦ ਇਹ ਅੰਕੜਾ 12 ਲੱਖ ਤੋਂ ਟੱਪ ਗਿਆ ਹੈ।
ਅੱਜ ਦੇਸ਼ ਵਿੱਚ ਕਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 12,38,635 ਤੱਕ ਪਹੁੰਚ ਗਈ ਜਦੋਂਕਿ ਹੁਣ ਤੱਕ ਦੇਸ਼ ਭਰ ਵਿੱਚ 7,82,607 ਵਿਅਕਤੀ ਇਸ ਬਿਮਾਰੀ ਤੋਂ ਉਭਰ ਕੇ ਤੰਦਰੁਸਤ ਹੋ ਚੁੱਕੇ ਹਨ। ਹੁਣ ਤੱਕ ਕਰੀਬ 63.18 ਫ਼ੀਸਦ ਲੋਕ ਤੰਦਰੁਸਤ ਹੋ ਚੁੱਕੇ ਹਨ। ਇਸ ਵੇਲੇ ਦੇਸ਼ ਵਿੱਚ ਕਰੋਨਾਵਾਇਰਸ ਲਾਗ ਦੇ 4,26,167 ਐਕਟਿਵ ਕੇਸ ਹਨ। ਮਹਾਰਾਸ਼ਟਰ ’ਚ ਹੁਣ ਤੱਕ ਮਹਾਮਾਰੀ ਦੇ 3,37,607 ਕੇਸ ਸਾਹਮਣੇ ਆ ਚੁੱਕੇ ਹਨ ਅਤੇ ਇਸ ਨਾਲ 12,556 ਮੌਤਾਂ ਹੋ ਚੁੱਕੀਆਂ ਹਨ। ਹਾਲਾਂਕਿ ਪੀਟੀਆਈ ਵੱਲੋਂ ਰਾਜਾਂ ਤੋਂ ਇਕੱਤਰ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਦੇਸ਼ ’ਚ 50904 ਨਵੇਂ ਕੇਸ ਆਏ। ਇਸ ਤੋਂ ਇਲਾਵਾ ਇਕ ਦਿਨ ’ਚ 34622 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤੇ ਤੇ 1199 ਮੌਤਾਂ ਹੋਈਆਂ। ਪੀਟੀਆਈ ਅਨੁਸਾਰ ਦੇਸ਼ ਵਿੱਚ ਕਰੋਨਾਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ 1285173 ਹੋ ਗਈ ਹੈ। ਹੁਣ ਤੱਕ ਕੁੱਲ 813679 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਅਤੇ ਹੁਣ ਤੱਕ ਕੁੱਲ 30595 ਮੌਤਾਂ ਹੋ ਚੁੱਕੀਆਂ ਹਨ। ਇਸ ਤਰ੍ਹਾਂ ਪੀਟੀਆਈ ਤੇ ਸਿਹਤ ਮੰਤਰਾਲੇ ਦੇ ਅੰਕੜਿਆਂ ’ਚ ਵੱਡਾ ਫ਼ਰਕ ਹੈ। 

ad