ਦੇਸ਼ ਦੀ ਤਰੱਕੀ ਲਈ ਆਧੁਨਿਕ ਸੜਕਾਂ ਦਾ ਨਿਰਮਾਣ ਜ਼ਰੂਰੀ-ਮੋਦੀ

ਦੇਸ਼ ਦੀ ਤਰੱਕੀ ਲਈ ਆਧੁਨਿਕ ਸੜਕਾਂ ਦਾ ਨਿਰਮਾਣ ਜ਼ਰੂਰੀ-ਮੋਦੀ

ਦੌਸਾ (ਰਾਜਸਥਾਨ), - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਦੇਸ਼ ਦੇ ਸਭ ਤੋਂ ਲੰਬੇ ਐਕਸਪ੍ਰੈੱਸਵੇਅ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ | ਦਿੱਲੀ ਤੋਂ ਮੁੰਬਈ ਤੱਕ ਬਣਨ ਵਾਲੇ ਐਕਸਪ੍ਰੈਸਵੇਅ ਦੀ ਕੁੱਲ ਲੰਬਾਈ 1386 ਕਿਲੋਮੀਟਰ ਹੈ | 246 ਕਿਲੋਮੀਟਰ ਲੰਬੇ ਪਹਿਲੇ ਪੜਾਅ 'ਚ 8 ਲੇਨ ਹਨ | ਪ੍ਰਧਾਨ ਮੰਤਰੀ ਨੇ 18 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਦੇ ਪਹਿਲੇ ਪੜਾਅ ਸਮੇਤ ਕੁੱਲ 4 ਪ੍ਰਾਜੈਕਟਾਂ ਦੇ ਨੀਂਹ ਰੱਖੇ ਤੇ ਉਦਘਾਟਨ ਕੀਤੇ | ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਸਰਕਾਰ ਹਾਈਵੇ ਪ੍ਰਾਜੈਕਟਾਂ, ਬੰਦਰਗਾਹਾਂ, ਰੇਲਵੇ ਤੇ ਆਪਟੀਕਲ ਫਾਈਬਰ 'ਚ ਨਿਵੇਸ਼ ਕਰਦੀ ਹੈ ਤੇ ਮੈਡੀਕਲ ਕਾਲਜ ਖੋਲ੍ਹਦੀ ਹੈ ਤਾਂ ਇਸ ਨਾਲ ਵਪਾਰੀਆਂ, ਛੋਟੇ ਦੁਕਾਨਦਾਰਾਂ ਤੇ ਉਦਯੋਗਾਂ ਨੂੰ ਤਾਕਤ ਮਿਲਦੀ ਹੈ | ਬੁਨਿਆਦੀ ਢਾਂਚੇ 'ਤੇ ਕੀਤਾ ਨਿਵੇਸ਼ ਵਧੇਰੇ ਨਿਵੇਸ਼ ਨੂੰ ਆਕਰਸ਼ਿਤ ਕਰਦਾ ਹੈ | 12150 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਦਾ ਇਹ ਪਹਿਲਾ ਮੁਕੰਮਲ ਭਾਗ ਪੂਰੇ ਖੇਤਰ ਦੇ ਆਰਥਿਕ ਵਿਕਾਸ ਨੂੰ ਵੱਡਾ ਹੁਲਾਰਾ ਪ੍ਰਦਾਨ ਕਰੇਗਾ | ਦੌਸਾ 'ਚ ਹਾਈਵੇਅ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇਕ ਵਿਕਾਸਸ਼ੀਲ ਭਾਰਤ ਦੀ ਸ਼ਾਨਦਾਰ ਤਸਵੀਰ ਹੈ | ਜਦੋਂ ਅਜਿਹੀਆਂ ਆਧੁਨਿਕ ਸੜਕਾਂ ਬਣ ਜਾਂਦੀਆਂ ਹਨ ਤਾਂ ਦੇਸ਼ ਦੀ ਤਰੱਕੀ ਰਫ਼ਤਾਰ ਫੜਦੀ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਪਿਛਲੇ 9 ਸਾਲਾਂ ਤੋਂ ਅਜਿਹੇ ਪ੍ਰਾਜੈਕਟਾਂ 'ਤੇ ਵੱਡੀ ਰਕਮ ਖਰਚ ਕਰ ਰਹੀ ਹੈ | ਇਸ ਸਾਲ ਦੇ ਬਜਟ 'ਚ ਸਿਰਫ਼ ਬੁਨਿਆਦੀ ਢਾਂਚੇ ਲਈ 10 ਲੱਖ ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ | ਇਹ 2014 ਦੇ ਮੁਕਾਬਲੇ 5 ਗੁਣਾ ਜ਼ਿਆਦਾ ਹੈ | ਮੋਦੀ ਨੇ ਕਿਹਾ ਕਿ ਇਸ ਹਾਈਵੇਅ ਦੇ ਬਣਨ ਨਾਲ ਦਿੱਲੀ-ਦੌਸਾ-ਲਾਲਸੋਤ (ਜੈਪੁਰ) ਤੋਂ ਦਿੱਲੀ ਤੱਕ ਦਾ ਸਫਰ ਸਮਾਂ ਅੱਧਾ ਰਹਿ ਜਾਵੇਗਾ | ਇਹ ਪ੍ਰਾਜੈਕਟ ਰਾਜਸਥਾਨ ਸਮੇਤ ਮੱਧ ਪ੍ਰਦੇਸ਼, ਮਹਾਰਾਸ਼ਟਰ ਤੇ ਗੁਜਰਾਤ ਦੀ ਤਸਵੀਰ ਬਦਲ ਦੇਣਗੇ | ਇਹ ਐਕਸਪ੍ਰੈੱਸਵੇਅ ਬੰਦਰਗਾਹਾਂ, ਲੋਜਿਸਟਿਕ ਪਾਰਕਾਂ ਨੂੰ ਕਈ ਰਾਜਾਂ ਨਾਲ ਜੋੜੇਗਾ | ਇਹ ਦੇਸ਼ ਦੇ ਸਭ ਤੋਂ ਆਧੁਨਿਕ ਐਕਸਪ੍ਰੈੱਸਵੇਅ 'ਚੋਂ ਇਕ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਆਧੁਨਿਕ ਬੁਨਿਆਦੀ ਢਾਂਚੇ ਦੇ ਨਿਰਮਾਣ ਦਾ ਇਕ ਹੋਰ ਪੱਖ ਹੈ, ਜਦੋਂ ਇਹ ਤਿਆਰ ਹੋ ਜਾਂਦਾ ਹੈ ਤਾਂ ਕਿਸਾਨਾਂ, ਵਿਦਿਆਰਥੀਆਂ, ਵਪਾਰੀਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਹਨ | ਦੁਨੀਆ 'ਚ ਅਜਿਹੇ ਬਹੁਤ ਸਾਰੇ ਅਧਿਐਨ ਹਨ, ਜੋ ਦਰਸਾਉਂਦੇ ਹਨ ਕਿ ਬੁਨਿਆਦੀ ਢਾਂਚੇ 'ਚ ਨਿਵੇਸ਼ ਕੀਤੀ ਗਈ ਰਕਮ ਜ਼ਮੀਨ 'ਤੇ ਕਈ ਗੁਣਾ ਪ੍ਰਭਾਵ ਦਿਖਾਉਂਦੀ ਹੈ | ਇਹ ਨਿਵੇਸ਼ ਨੂੰ ਕਈ ਗੁਣਾ ਆਕਰਸ਼ਿਤ ਕਰਦੀ ਹੈ | ਪ੍ਰਧਾਨ ਮੰਤਰੀ ਐਕਸਪ੍ਰੈੱਸਵੇਅ ਦੇ ਉਦਘਾਟਨ ਪ੍ਰੋਗਰਾਮ ਤੋਂ ਬਾਅਦ ਭਾਜਪਾ ਦੀ ਰੈਲੀ 'ਚ ਪਹੁੰਚੇ | ਇਸ ਮੌਕੇ ਮੋਦੀ ਨੇ ਕਿਹਾ ਕਿ ਜੇਕਰ ਰਾਜਸਥਾਨ 'ਚ ਭਾਜਪਾ ਦੀ ਡਬਲ-ਇੰਜਣ ਵਾਲੀ ਸਰਕਾਰ ਹੁੰਦੀ ਤਾਂ ਰਾਜਸਥਾਨ ਬਿਹਤਰ ਤਰੱਕੀ ਕਰ ਸਕਦਾ ਸੀ | ਦੌਸਾ ਜ਼ਿਲ੍ਹੇ 'ਚ ਭਾਜਪਾ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰਾਂ ਨੇ ਸਰਹੱਦੀ ਪਿੰਡਾਂ ਤੇ ਇਲਾਕਿਆਂ 'ਚ ਵਿਕਾਸ ਕਾਰਜ ਨਹੀਂ ਕਰਵਾਏ ਕਿਉਂਕਿ ਉਹ ਡਰੇ ਹੋਏ ਸਨ |

sant sagar