ਕੈਪਟਨ ਵੱਲੋਂ ਅਸਤੀਫ਼ੇ ਦੇ ਪ੍ਰਸਤਾਵ ਨੇ ਬਦਲੀ ਸਿਆਸਤ, ਸਿੱਧੂ-ਰਾਵਤ ਤੋਂ ਨਾਰਾਜ਼ ਹੋਈ ਸੋਨੀਆ

ਕੈਪਟਨ ਵੱਲੋਂ ਅਸਤੀਫ਼ੇ ਦੇ ਪ੍ਰਸਤਾਵ ਨੇ ਬਦਲੀ ਸਿਆਸਤ, ਸਿੱਧੂ-ਰਾਵਤ ਤੋਂ ਨਾਰਾਜ਼ ਹੋਈ ਸੋਨੀਆ

ਚੰਡੀਗੜ੍ਹ  : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਨਵਜੋਤ ਸਿੱਧੂ ਦੀ ਮੁਲਾਕਾਤ ਤੋਂ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਓ. ਐੱਸ. ਡੀ. ਨਰਿੰਦਰ ਭਾਂਬਰੀ ਨੇ ਕਾਂਗਰਸ ਪ੍ਰਧਾਨ ਨਾਲ ਮੁਲਾਕਾਤ ਕੀਤੀ। ਕਿਹਾ ਜਾ ਰਿਹਾ ਹੈ ਕਿ ਭਾਂਬਰੀ ਦੀ ਮੁਲਾਕਾਤ ਤੋਂ ਬਾਅਦ ਪੂਰੀ ਸਿਆਸਤ ਬਦਲੀ। ਭਾਂਬਰੀ ਆਪਣੇ ਨਾਲ ਮੁੱਖ ਮੰਤਰੀ ਦਾ ਲਿਖਿਆ ਇਕ ਪੱਤਰ ਲੈ ਕੇ ਪਹੁੰਚੇ ਸਨ। ਇਸ ਪੱਤਰ ਵਿਚ ਕੀ ਲਿਖਿਆ ਸੀ, ਇਸ ਦਾ ਭਾਂਬਰੀ ਵੱਲੋਂ ਕੋਈ ਖ਼ੁਲਾਸਾ ਨਹੀਂ ਹੋਇਆ ਪਰ ਕਿਹਾ ਜਾ ਰਿਹਾ ਹੈ ਕਿ ਇਸ ਪੱਤਰ ਵਿਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਨੂੰ ਆਪਣੇ ਅਸਤੀਫ਼ੇ ਦਾ ਪ੍ਰਸਤਾਵ ਦਿੱਤਾ ਸੀ। ਮੁੱਖ ਮੰਤਰੀ ਨੇ ਆਪਣੇ ਪੱਤਰ ਵਿਚ ਲਿਖਿਆ ਸੀ ਕਿ ਜੇਕਰ ਕਾਂਗਰਸ ਹਾਈਕਮਾਨ ਸਿੱਧੂ ਨੂੰ ਪ੍ਰਧਾਨ ਬਣਾਉਣ ਦਾ ਫ਼ੈਸਲਾ ਲੈ ਚੁੱਕੀ ਹੈ ਤਾਂ ਇਸ ਪੱਤਰ ਨੂੰ ਉਨ੍ਹਾਂ ਦਾ ਅਸਤੀਫ਼ਾ ਸਮਝਿਆ ਜਾਵੇ। ਹਾਲਾਂਕਿ ਵੀਰਵਾਰ ਨੂੰ ਮੁੱਖ ਮੰਤਰੀ ਦਫ਼ਤਰ ਨੇ ਸਪੱਸ਼ਟ ਕੀਤਾ ਸੀ ਕਿ ਮੁੱਖ ਮੰਤਰੀ ਦੇ ਅਸਤੀਫ਼ੇ ਦੀਆਂ ਚਰਚਾਵਾਂ ਬੇਮਾਇਨੀਆਂ ਹਨ। ਇਹ ਵੱਖਰੀ ਗੱਲ ਹੈ ਕਿ ਸ਼ਨੀਵਾਰ ਨੂੰ ਨਰਿੰਦਰ ਭਾਂਬਰੀ ਦੀ ਮੁਲਾਕਾਤ ਤੋਂ ਬਾਅਦ 10 ਜਨਪਥ ਦੀ ਪੂਰੀ ਤਸਵੀਰ ਅਚਾਨਕ ਬਦਲ ਗਈ। ਇਸ ਤੋਂ ਬਾਅਦ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਉਣ ਦੀਆਂ ਚਰਚਾਵਾਂ ’ਤੇ ਅਚਾਨਕ ਸੰਨਾਟਾ ਛਾ ਗਿਆ ਹੈ। ਸਿੱਧੂ ਸ਼ੁੱਕਰਵਾਰ ਦੁਪਹਿਰ ਦਿੱਲੀ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਘਰ 10 ਜਨਪਥ ’ਤੇ ਪਹੁੰਚੇ ਪਰ ਕਰੀਬ 50 ਮਿੰਟ ਮੁਲਾਕਾਤ ਤੋਂ ਬਾਅਦ ਚੁੱਪੀ ਧਾਰੇ ਸਿਰਫ ਹੱਥ ਜੋੜ ਕੇ ਰਵਾਨਾ ਹੋ ਗਏ।
ਸੋਨੀਆ ਨਾਲ ਮੁਲਾਕਾਤ ਮਗਰੋਂ ਬਦਲੇ ਹਰੀਸ਼ ਰਾਵਤ ਨੇ ਸੁਰ
ਉੱਧਰ, ਇਕ ਦਿਨ ਪਹਿਲਾਂ ਤੱਕ ਨਵਜੋਤ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਲਗਾਉਣ ਦਾ ਇਸ਼ਾਰਾ ਕਰਨ ਵਾਲੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਦੇ ਵੀ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਸੁਰ ਬਦਲੇ-ਬਦਲੇ ਨਜ਼ਰ ਆਏ। ਉਨ੍ਹਾਂ ਨੇ ਨਾ ਸਿਰਫ਼ ਇਕ ਵਾਰ ਫਿਰ ਸਿੱਧੂ ਨੂੰ ਪ੍ਰਧਾਨ ਬਣਾਉਣ ਦੀਆਂ ਚਰਚਾਵਾਂ ਤੋਂ ਕੰਨੀ ਕੱਟ ਲਈ, ਸਗੋਂ ਇਹ ਤੱਕ ਕਹਿ ਦਿੱਤਾ ਕਿ ਜਦੋਂ ਤੱਕ ਕਾਂਗਰਸ ਪ੍ਰਧਾਨ ਗੱਲ ਨੂੰ ਸਾਫ਼ ਨਹੀਂ ਕਰਦੇ ਹਨ, ਤੱਦ ਤੱਕ ਉਨ੍ਹਾਂ ਨੂੰ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਹੋ ਸਕਦੀ ਹੈ ਕਿ ਉਨ੍ਹਾਂ ਦਾ ਆਖ਼ਰੀ ਫ਼ੈਸਲਾ ਕੀ ਹੋਵੇਗਾ। ਜਿਉਂ ਹੀ ਹੁਕਮ ਸੁਣਾਇਆ ਜਾਵੇਗਾ, ਦੱਸ ਦਿੱਤਾ ਜਾਵੇਗਾ। ਰਾਵਤ ਨੇ ਕਿਹਾ ਕਿ ਉਹ ਕਾਂਗਰਸ ਪ੍ਰਧਾਨ ਨੂੰ ਆਪਣਾ ਨੋਟ ਜਮ੍ਹਾਂ ਕਰਨ ਆਏ ਹਨ। ਹਾਲਾਂਕਿ ਦੇਰ ਰਾਤ ਤੱਕ ਹਾਈਕਮਾਨ ਦੇ ਪੱਧਰ ’ਤੇ ਕੋਈ ਫ਼ੈਸਲਾ ਨਹੀਂ ਸੁਣਾਇਆ ਗਿਆ।
ਹਰੀਸ਼ ਰਾਵਤ ਤੇ ਸਿੱਧੂ ਨੂੰ ਸੋਨੀਆ ਗਾਂਧੀ ਨੇ ਕੀਤਾ ਸੀ ਤਲਬ
ਸਿੱਧੂ ਅਤੇ ਹਰੀਸ਼ ਰਾਵਤ ਦੀ ਸੋਨੀਆ ਗਾਂਧੀ ਨਾਲ ਮੁਲਾਕਾਤ ਅਚਾਨਕ ਨਹੀਂ ਹੋਈ, ਸਗੋਂ ਉਨ੍ਹਾਂ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਤਲਬ ਕੀਤਾ ਸੀ। ਕਿਹਾ ਜਾ ਰਿਹਾ ਹੈ ਕਿ ਸੋਨੀਆ ਗਾਂਧੀ ਨੇ ਸਿੱਧੂ ਨੂੰ ਪ੍ਰਧਾਨ ਬਣਾਉਣ ਦੀਆਂ ਚਰਚਾਵਾਂ ’ਤੇ ਸਖ਼ਤ ਨੋਟਿਸ ਲਿਆ। ਪੰਜਾਬ ਦੇ ਕਈ ਸੀਨੀਅਰ ਆਗੂਆਂ ਨੇ ਵੀ ਹਾਈਕਮਾਨ ਦੇ ਪੱਧਰ ’ਤੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ। ਇਸ ਕਾਰਨ ਸੋਨੀਆ ਗਾਂਧੀ ਨੇ ਵੀਰਵਾਰ ਦੇਰ ਰਾਤ ਸਿੱਧੂ ਅਤੇ ਰਾਵਤ ਨੂੰ ਫੋਨ ਕਰ ਕੇ ਸ਼ੁੱਕਰਵਾਰ ਦਿੱਲੀ ਪਹੁੰਚਣ ਦਾ ਹੁਕਮ ਸੁਣਾਇਆ। ਕਿਹਾ ਜਾ ਰਿਹਾ ਹੈ ਕਿ 10 ਜਨਪਥ ’ਤੇ ਮੁਲਾਕਾਤ ਦੌਰਾਨ ਸੋਨੀਆ ਗਾਂਧੀ ਨੇ ਹਰੀਸ਼ ਰਾਵਤ ਤੋਂ ਸਿੱਧਾ ਸਵਾਲ ਪੁੱਛਿਆ ਕਿ ਆਖ਼ਰ ਕਿਸਦੇ ਹੁਕਮ ਨਾਲ ਸਿੱਧੂ ਨੂੰ ਪ੍ਰਧਾਨ ਬਣਾਉਣ ਦੀ ਗੱਲ ਕਹੀ ਗਈ। ਇਸ ’ਤੇ ਹਰੀਸ਼ ਰਾਵਤ ਨੇ ਕਿਹਾ ਕਿ ਉਨ੍ਹਾਂ ਨੇ ਇਕ ਗੱਲਬਾਤ ਦੌਰਾਨ ਸਿਰਫ ਇੰਨਾ ਹੀ ਕਿਹਾ ਸੀ ਕਿ ਸਿੱਧੂ ਨੂੰ ‘ਪ੍ਰਧਾਨ ਬਣਾਉਣ ਦੇ ਆਸ-ਪਾਸ’ ਫ਼ੈਸਲਾ ਆ ਸਕਦਾ ਹੈ।
ਇਸ ’ਤੇ ਸੋਨੀਆ ਗਾਂਧੀ ਨੇ ਹਰੀਸ਼ ਰਾਵਤ ਨੂੰ ਖਰੀਆਂ-ਖਰੀਆਂ ਸੁਣਾਉਂਦੇ ਹੋਏ ਕਿਹਾ ਕਿ ਜਦੋਂ ਕਾਂਗਰਸ ਹਾਈਕਮਾਨ ਨੇ ਕੋਈ ਫ਼ੈਸਲਾ ਤੈਅ ਹੀ ਨਹੀਂ ਕੀਤਾ ਹੈ ਤਾਂ ਪ੍ਰਧਾਨ ਅਹੁਦੇ ਦੇ ਆਸ-ਪਾਸ ਫ਼ੈਸਲਾ ਸੁਣਾਉਣ ਦੀ ਗੱਲ ਕਿਉਂ ਕੀਤੀ ਗਈ। ਕਿਹਾ ਜਾ ਰਿਹਾ ਹੈ ਕਿ ਹਰੀਸ਼ ਰਾਵਤ ਜੋ ਨੋਟ ਜਮ੍ਹਾਂ ਕਰਨ ਆਏ ਸਨ, ਉਹ ਦਰਅਸਲ ਇਕ ਲਿਖਤੀ ਸਪੱਸ਼ਟੀਕਰਨ ਸੀ। ਸੋਨੀਆ ਗਾਂਧੀ ਨੇ ਹਰੀਸ਼ ਰਾਵਤ ਨੂੰ ਇਹ ਵੀ ਕਿਹਾ ਕਿ ਭਵਿੱਖ ਵਿਚ ਅਧਿਕਾਰਿਕ ਐਲਾਨ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਬਚਣ। ਉੱਧਰ, ਸਿੱਧੂ ਨਾਲ ਗੱਲਬਾਤ ਵਿਚ ਵੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਖਾਸੀ ਨਾਰਾਜ਼ ਵਿਖਾਈ ਦਿੱਤੀ।
ਉਨ੍ਹਾਂ ਨੇ ਸਿੱਧੂ ਨੂੰ ਪੰਜਾਬ ਕਾਂਗਰਸ ਵਿਚ ਧੜ੍ਹੇਬੰਦੀ ਨੂੰ ਲੈ ਕੇ ਚੌਕਸ ਕਰਦੇ ਹੋਏ ਕਿਹਾ ਕਿ ਕਾਂਗਰਸ ’ਚ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਰੀਤ ਰਹੀ ਹੈ। ਉਸ ’ਤੇ ਜਦੋਂ ਤੱਕ ਕੋਈ ਅਧਿਕਾਰਿਕ ਫ਼ੈਸਲਾ ਨਹੀਂ ਲਿਆ ਗਿਆ ਤਾਂ ਉਨ੍ਹਾਂ ਨੇ ਕਿਸ ਆਧਾਰ ’ਤੇ ਮੰਤਰੀਆਂ, ਵਿਧਾਇਕਾਂ ਨਾਲ ਬੈਠਕਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਕਿਸ ਆਧਾਰ ’ਤੇ ਵਧਾਈਆਂ ਅਤੇ ਪੋਸਟਰਬਾਜ਼ੀ ਸ਼ੁਰੂ ਕਰ ਦਿੱਤੀ। ਕਿਹਾ ਜਾ ਰਿਹਾ ਹੈ ਕਿ ਸਿੱਧੂ ਨੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਪਰ ਸੋਨੀਆ ਗਾਂਧੀ ਨੇ ਕੋਈ ਗੱਲ ਨਹੀਂ ਸੁਣੀ। ਇਸ ਲਈ ਸਿੱਧੂ ਚੁੱਪ ਕਰ ਕੇ ਰਵਾਨਾ ਹੋ ਗਏ।

ad