ਅਮਰੀਕਾ: ਓਹੀਓ ਦੇ ਸੈਨਿਕ ਦੇਣਗੇ ਅਮਰੀਕਾ-ਮੈਕਸੀਕੋ ਸਰਹੱਦ ਤੇ ਆਪਣੀਆਂ ਸੇਵਾਵਾਂ

ਅਮਰੀਕਾ: ਓਹੀਓ ਦੇ ਸੈਨਿਕ ਦੇਣਗੇ ਅਮਰੀਕਾ-ਮੈਕਸੀਕੋ ਸਰਹੱਦ ਤੇ ਆਪਣੀਆਂ ਸੇਵਾਵਾਂ

ਫਰਿਜ਼ਨੋ/ਕੈਲੀਫੋਰਨੀਆ : ਟੈਕਸਾਸ ਵਿੱਚ ਅਮਰੀਕਾ-ਮੈਕਸੀਕੋ ਸਰਹੱਦ ਰਾਹੀਂ ਹੋ ਰਹੇ ਗੈਰ ਕਾਨੂੰਨੀ ਪ੍ਰਵਾਸ ਦੇ ਵਾਧੇ ਦੇ ਮੱਦੇਨਜ਼ਰ ਅਮਰੀਕੀ ਸਟੇਟ ਓਹੀਓ ਦੇ ਗਵਰਨਰ ਮਾਈਕ ਡਿਵਾਈਨ ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਉਹ ਟੈਕਸਾਸ ਦੇ ਗਵਰਨਰ ਗਰੇਗ ਐਬੋਟ ਦੁਆਰਾ ਕੀਤੀ ਗਈ ਸਹਾਇਤਾ ਦੀ ਬੇਨਤੀ ਦੇ ਜਵਾਬ ਵਿੱਚ 14 ਸਟੇਟ ਸੈਨਿਕਾਂ ਨੂੰ ਦੱਖਣ-ਪੱਛਮੀ ਸਰਹੱਦੀ ਖੇਤਰ ਵਿੱਚ ਭੇਜ ਰਿਹਾ ਹੈ।
ਡਿਵਾਈਨ ਦੇ ਦਫ਼ਤਰ ਅਨੁਸਾਰ ਓਹੀਓ ਸਟੇਟ ਹਾਈਵੇ ਪੈਟਰੋਲ ਦੇ ਮੈਂਬਰ ਦੋ ਹਫ਼ਤਿਆਂ ਲਈ ਸਰਹੱਦ 'ਤੇ ਰਹਿਣਗੇ ਜੋ ਕਿ ਸਥਾਨਕ ਅਧਿਕਾਰੀਆਂ ਦੀ ਸਹਾਇਤਾ ਕਰਨਗੇ ਪਰ ਉਹ ਗ੍ਰਿਫ਼ਤਾਰੀਆਂ ਨਹੀਂ ਕਰ ਸਕਣਗੇ। ਇਸ ਦੇ ਇਲਾਵਾ ਗਵਰਨਰ ਡਿਵਾਈਨ ਦੁਆਰਾ ਇਸ ਸਾਲ ਦੇ ਅੰਤ ਵਿੱਚ ਓਹੀਓ ਨੈਸ਼ਨਲ ਗਾਰਡ ਦੇ 185 ਮੈਂਬਰਾਂ ਨੂੰ ਵੀ ਹੋਮਲੈਂਡ ਸਿਕਿਓਰਿਟੀ ਵਿਭਾਗ ਅਤੇ ਨੈਸ਼ਨਲ ਗਾਰਡ ਬਿਊਰੋ ਦੀ ਬੇਨਤੀ ਕਾਰਨ ਸਰਹੱਦ 'ਤੇ ਭੇਜਿਆ ਜਾਵੇਗਾ।ਇਸ ਸਮੇਂ ਕਈ ਰਾਜਾਂ ਦੇ ਲੱਗਭਗ 3,000 ਗਾਰਡ ਮੈਂਬਰ ਅਮਰੀਕਾ-ਮੈਕਸੀਕੋ ਸਰਹੱਦ 'ਤੇ ਸੁਰੱਖਿਆ ਪ੍ਰਦਾਨ ਕਰਨ ਦੇ ਮਿਸ਼ਨ ਵਿੱਚ ਸ਼ਾਮਲ ਹਨ। 
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ, ਟੈਕਸਾਸ ਦੇ ਗਵਰਨਰ ਗਰੇਗ ਐਬੋਟ ਅਤੇ ਏਰੀਜ਼ੋਨਾ ਰਿਪਬਲੀਕਨ ਗਵਰਨਰ ਡਗ ਡੂਸੀ ਨੇ ਆਪਣੇ ਸਾਥੀ ਗਵਰਨਰਾਂ ਨੂੰ ਸਰਹੱਦ 'ਤੇ ਵੱਧ ਰਹੀ ਨੂੰ ਗੈਰ ਕਾਨੂੰਨੀ ਇਮੀਗ੍ਰੇਸ਼ਨ 'ਚ ਸੰਭਵ ਸਹਾਇਤਾ ਲਈ ਕਿਹਾ ਸੀ। ਇਸ ਸੁਰੱਖਿਆ ਮੁਹਿੰਮ ਵਿੱਚ ਡਿਵਾਈਨ ਸਮੇਤ ਫਲੋਰਿਡਾ ਦੇ ਰੋਨ ਡੀਸੈਂਟਿਸ, ਇਡਾਹੋ ਦੇ ਬ੍ਰੈਡ ਲਿਟਲ, ਆਇਓਵਾ ਦੀ ਕਿਮ ਰੇਨੋਲਡਸ, ਨੇਬਰਾਸਕਾ ਦੇ ਪੀਟ ਰਿਕੇਟ ਅਤੇ ਸਾਊਥ ਡਕੋਟਾ ਦੀ ਕ੍ਰਿਸਟੀ ਨੋਮ ਆਦਿ ਗਵਰਨਰ ਸ਼ਾਮਲ ਹੋਏ ਹਨ।

ad