ਸ਼ਾਹੀਨ ਬਾਗ਼: ਧਰਨਾਕਾਰੀਆਂ ਨੂੰ ਮਿਲੇ ਵਾਰਤਾਕਾਰ

ਸ਼ਾਹੀਨ ਬਾਗ਼: ਧਰਨਾਕਾਰੀਆਂ ਨੂੰ ਮਿਲੇ ਵਾਰਤਾਕਾਰ

ਸੁਪਰੀਮ ਕੋਰਟ ਵੱਲੋਂ ਨਿਯੁਕਤ ਦੋ ਵਾਰਤਕਾਰਾਂ ਸੀਨੀਅਰ ਵਕੀਲ ਸੰਜੈ ਹੈਗੜੇ ਤੇ ਸਾਧਨਾ ਰਾਮਾਚੰਦਰਨ ਨੇ ਅੱਜ ਸ਼ਾਹੀਨ ਬਾਗ਼ ਦਾ ਦੌਰਾ ਕਰਕੇ ਪਿਛਲੇ ਦੋ ਮਹੀਨੇ ਤੋਂ ਧਰਨਾ ਲਾਈ ਬੈਠੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ। ਵਾਰਤਕਾਰਾਂ ਨੇ ਯਕੀਨ ਦਿਵਾਇਆ ਕਿ ਸੁਪਰੀਮ ਕੋਰਟ ਨੇ ਧਰਨਾ ਦੇਣ ਦੇ ਉਨ੍ਹਾਂ ਦੇ ਮੌਲਿਕ ਅਧਿਕਾਰ ਨੂੰ ਬਰਕਰਾਰ ਰੱਖਿਆ ਹੈ ਤੇ ਉਹ ਇਥੇ ਮੌਜੂਦ ਹਰ ਕਿਸੇ ਦੀ ਗੱਲ ਸੁਣਨਗੇ। ਧਰਨੇ ਵਿੱਚ ਮੌਜੂਦ ਦਾਦੀਆਂ, ਔਰਤਾਂ ਤੇ ਹੋਰਨਾਂ ਨੇ ਦਿਲ ਖੋਲ੍ਹ ਦੇ ਆਪਣਾ ਪੱਖ ਰੱਖਿਆ ਤੇ ਕਈਆਂ ਦੀਆਂ ਅੱਖਾਂ ਨਮ ਹੋਈਆਂ। ਧਰਨਾਕਾਰੀਆਂ ਨੇ ਸਾਫ਼ ਕਰ ਦਿੱਤਾ ਕਿ ਉਹ ਸਰਕਾਰ ਵੱਲੋਂ ਸੀਏਏ, ਐੱਨਆਰਸੀ ਤੇ ਐੱਨਪੀਆਰ ਨੂੰ ਵਾਪਸ ਲੈਣ ਤਕ ਇਥੇ ਡਟੇ ਰਹਿਣਗੇ। ਤਿੰਨ ਘੰਟੇ ਦੀ ਗੱਲਬਾਤ ਮਗਰੋਂ ਹੈਗੜੇ ਤੇ ਰਾਮਾਚੰਦਰਨ ਵੀਰਵਾਰ ਨੂੰ ਮੁੜ ਆਉਣ ਦਾ ਵਾਅਦਾ ਕਰਕੇ ਚਲੇ ਗਏ। ਉਨ੍ਹਾਂ ਦੇ ਜਾਣ ਤੋਂ ਕੁਝ ਮਿੰਟਾਂ ਅੰਦਰ ਸਾਬਕਾ ਸੂਚਨਾ ਕਮਿਸ਼ਨਰ ਤੇ ਵਾਰਤਾਕਾਰ ਦੀ ਟੀਮ ’ਚ ਤੀਜੇ ਮੈਂਬਰ ਵਜੋਂ ਸ਼ਾਮਲ ਵਜਾਹਤ ਹਬੀਬਉੱਲ੍ਹਾ ਵਕੀਲਾਂ ਦੇ ਲਾਮ ਲਸ਼ਕਰ ਨਾਲ ਸ਼ਾਹੀਨ ਬਾਗ਼ ਪੁੱਜੇ ਤੇ ਉਨ੍ਹਾਂ ਧਰਨਾਕਾਰੀਆਂ ਦਾ ਪੱਖ ਸੁਣਿਆ।
ਇਸ ਤੋਂ ਪਹਿਲਾਂ ਵਾਰਤਾਕਾਰ ਸੰਜੈ ਹੈਗੜੇ ਤੇ ਸਾਧਨਾ ਰਾਮਚੰਦਰਨ ਸ਼ਾਹੀਨ ਬਾਗ਼ ਵਿੱਚ ਧਰਨੇ ਵਾਲੀ ਥਾਂ ਪੁੱਜੇ। ਧਰਨਾਕਾਰੀਆਂ ਨਾਲ ਸੰਵਾਦ ਕਰਨ ਤੋਂ ਪਹਿਲਾਂ ਉਨ੍ਹਾਂ ਸਾਫ਼ ਕਰ ਦਿੱਤਾ ਕਿ ਉਹ ਮੀਡੀਆ ਦੀ ਹਾਜ਼ਰੀ ਵਿੱਚ ਕੋਈ ਗੱਲ ਨਹੀਂ ਕਰਨਗੇ। ਦੱਖਣੀ ਦਿੱਲੀ ਦੇ ਇਸ ਹਿੱਸੇ ਵਿੱਚ ਜੁੜੇ ਧਰਨਾਕਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਮਾਚੰਦਰਨ ਨੇ ਕਿਹਾ, ‘ਸੁਪਰੀਮ ਕੋਰਟ ਨੇ ਤੁਹਾਡੇ ਧਰਨਾ ਪ੍ਰਦਰਸ਼ਨਾਂ ਦੇ ਹੱਕ ਨੂੰ ਬਰਕਰਾਰ ਰੱਖਿਆ ਹੈ। ਪਰ ਦੂਜੇ ਨਾਗਰਿਕਾਂ ਦੇ ਵੀ ਕੁਝ ਅਧਿਕਾਰ ਹਨ, ਜਿਨ੍ਹਾਂ ਨੂੰ ਬਰਕਰਾਰ ਰੱਖਣ ਦੀ ਲੋੜ ਹੈ।’ ਉਨ੍ਹਾਂ ਹਿੰਦੀ ਵਿੱਚ ਕਿਹਾ, ‘ਅਸੀਂ ਰਲ ਕੇ ਇਸ ਸਮੱਸਿਆ ਦਾ ਹੱਲ ਕੱਢਣਾ ਚਾਹੁੰਦੇ ਹਾਂ। ਅਸੀਂ ਹਰੇਕ ਦੀ ਗੱਲ ਸੁਣਾਂਗੇ।’ ਧਰਨੇ ’ਤੇ ਬੈਠੀਆਂ ਔਰਤਾਂ ਵੱਲੋਂ ਜਤਾਏ ਖ਼ਦਸ਼ਿਆਂ ਦਾ ਜਵਾਬ ਦਿੰਦਿਆਂ ਰਾਮਾਚੰਦਰਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਚੁੱਕੇ ਹਰੇਕ ਨੁਕਤੇ ਨੂੰ ਅੱਗੇ ਸੁਪਰੀਮ ਕੋਰਟ ਤਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ, ‘ਪਰ ਮੈਂ ਇਕ ਚੀਜ਼ ਕਹਿਣਾ ਚਾਹਾਂਗੀ। ਜਿਸ ਮੁਲਕ ਵਿੱਚ ਤੁਹਾਡੀ ਵਰਗੀਆਂ ਧੀਆਂ ਹੋਣ, ਉਥੇ ਤੁਹਾਨੂੰ ਕਿਸੇ ਵੰਗਾਰ ਦਾ ਸਾਹਮਣਾ ਨਹੀਂ ਕਰਨਾ ਪੈ ਸਕਦਾ।’ ਹੈਗੜੇ ਨੇ ਧਰਨੇ ਵਿੱਚ ਜੁੜੇ ਹਜੂਮ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਬਾਰੇ ਤਫ਼ਸੀਲ ਵਿੱਚ ਦੱਸਿਆ। ਰਾਮਾਚੰਦਰਨ ਨੇ ਇਸ ਦਾ ਅੱਗੇ ਹਿੰਦੀ ’ਚ ਤਰਜਮਾ ਕੀਤਾ। ਕਾਬਿਲੇਗੌਰ ਹੈ ਕਿ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਸੀ ਕਿ ਲੋਕਾਂ ਕੋਲ ਕਿਸੇ ਕਾਨੂੰਨ ਦਾ ਵਿਰੋੋਧ ਕਰਨ ਲਈ ਧਰਨੇ ਪ੍ਰਦਰਸ਼ਨਾਂ ਦਾ ਮੌਲਿਕ ਅਧਿਕਾਰ ਮੌਜੂਦ ਹੈ, ਪਰ ਪ੍ਰਦਰਸ਼ਨਾਂ ਰਾਹੀਂ ਸੜਕੀ ਆਵਾਜਾਈ ਵਿੱਚ ਅੜਿੱਕਾ ਬਣਨਾ ਵੱਡੀ ਫ਼ਿਕਰਮੰਦੀ ਦਾ ਵਿਸ਼ਾ ਹੈ

sant sagar