ਕ੍ਰਿਕਟ: ਭਾਰਤੀ ਕੁੜੀਆਂ ਨੇ ਵੈਸਟ ਇੰਡੀਜ਼ ਨੂੰ ਹਰਾਇਆ

ਕ੍ਰਿਕਟ: ਭਾਰਤੀ ਕੁੜੀਆਂ ਨੇ ਵੈਸਟ ਇੰਡੀਜ਼ ਨੂੰ ਹਰਾਇਆ

ਸਪਿੰਨਰ ਪੂਨਮ ਯਾਦਵ ਵੱਲੋਂ ਲਈਆਂ ਤਿੰਨ ਵਿਕਟਾਂ ਦੀ ਬਦੌਲਤ ਭਾਰਤ ਨੇ ਇੱਥੇ ਆਈਸੀਸੀ ਮਹਿਲਾ ਟੀ20 ਵਿਸ਼ਵ ਕੱਪ ਦੇ ਅਭਿਆਸ ਮੈਚ ਵਿਚ ਅੱਜ ਵੈਸਟ ਇੰਡੀਜ਼ ਖ਼ਿਲਾਫ਼ ਦੋ ਦੌੜਾਂ ਨਾਲ ਜਿੱਤ ਦਰਜ ਕੀਤੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਮਹਿਲਾ ਟੀਮ ਨਿਰਧਾਰਿਤ 20 ਓਵਰਾਂ ਵਿਚ 8 ਵਿਕਟਾਂ ’ਤੇ ਸਿਰਫ਼ 107 ਦੌੜਾਂ ਦਾ ਮਾਮੂਲੀ ਸਕੋਰ ਹੀ ਖੜ੍ਹਾ ਕਰ ਸਕੀ। ਜਿੱਤ ਲਈ 108 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਵੈਸਟ ਇੰਡੀਜ਼ ਦੀ ਟੀਮ 20 ਓਵਰਾਂ ਵਿਚ 105 ਦੌੜਾਂ ਹੀ ਬਣਾ ਸਕੀ। ਪੂਨਮ ਨੇ ਚਾਰ ਓਵਰਾਂ 20 ਦੌੜਾਂ ਦੇ ਕੇ ਤਿੰਨ ਵਿਕਟ ਲਏ। ਵੈਸਟ ਇੰਡੀਜ਼ ਦੀ ਟੀਮ 13 ਓਵਰ ਵਿਚ ਇਕ ਵਿਕਟ ’ਤੇ 57 ਦੌੜਾਂ ਬਣਾ ਕੇ ਚੰਗੀ ਸਥਿਤੀ ਵਿਚ ਸੀ। ਦੀਪਤੀ ਸ਼ਰਮਾ ਨੇ ਜਿਵੇਂ ਹੀ ਸਲਾਮੀ ਬੱਲੇਬਾਜ਼ ਲੀ-ਐਨ ਕਿਰਬੀ (42) ਨੂੰ ਆਊਟ ਕੀਤਾ, ਵੈਸਟ ਇੰਡੀਜ਼ ਦੀ ਪਾਰੀ ਬੱਲੇਬਾਜ਼ ਉਸ ਤੋਂ ਬਾਅਦ ਸੰਭਾਲ ਨਹੀਂ ਸਕੇ। ਇਸ ਤੋਂ ਤੁਰੰਤ ਬਾਅਦ ਕਪਤਾਨ ਸਟੇਫ਼ਨੀ ਟੇਲਰ (16), ਚੇਡਿਨ ਨੇਸ਼ਨ (0) ਤੇ ਡਿਏਂਡਰਾ ਡੋਟਿਨ (1) ਵੀ ਪੈਵਿਲੀਅਨ ਪਰਤ ਗਏ। ਟੀਮ ਦਾ ਸਕੋਰ 17ਵੇਂ ਓਵਰ ਵਿਚ ਪੰਜ ਵਿਕਟਾਂ ’ਤੇ 67 ਹੋ ਗਿਆ। ਹੇਲੀ ਮੈਥਿਊਜ਼ (25) ਤੇ ਚਿਨਲੇ ਹੈਨਰੀ (17) ਨੇ 19ਵੇਂ ਓਵਰ ਵਿਚ ਤਿੰਨ ਚੌਕੇ ਤੇ ਇਕ ਛੱਕਾ ਜੜਿਆ। ਇਸ ਤੋਂ ਬਾਅਦ ਵੈਸਟ ਇੰਡੀਜ਼ ਨੂੰ ਜਿੱਤ ਲਈ ਆਖ਼ਰੀ ਛੇ ਗੇਂਦਾਂ ’ਤੇ ਜਦ 11 ਦੌੜਾਂ ਲੋੜੀਂਦੀਆਂ ਸਨ ਤਾਂ ਹੈਨਰੀ ਨੇ ਪੂਨਮ ਦੀ ਗੇਂਦ ’ਤੇ ਚੌਕਾ ਜੜਿਆ। ਪਰ ਓਵਰ ਦੀ ਚੌਥੀ ਗੇਂਦ ’ਤੇ ਮੈਥਿਊਜ਼ ਆਊਟ ਹੋ ਗਈ। ਆਖ਼ਰੀ ਗੇਂਦ ’ਤੇ ਜਿੱਤ ਲਈ ਤਿੰਨ ਦੌੜਾਂ ਦੀ ਲੋੜ ਸੀ ਪਰ ਹੈਨਰੀ ਵੇਦਾ ਕ੍ਰਿਸ਼ਨਮੂਰਤੀ ਨੂੰ ਉਹ ਕੈਚ ਦੇ ਬੈਠੀ। ਇਸ ਤੋਂ ਪਹਿਲਾਂ ਭਾਰਤ ਦਾ ਸਿਖ਼ਰਲਾ ਕ੍ਰਮ ਵੀ ਚੰਗੀ ਕਾਰਗੁਜ਼ਾਰੀ ਨਾ ਦਿਖਾ ਸਕਿਆ। ਟੀਮ ਨੇ ਚੌਥੇ ਓਵਰ ਦੀ ਪਹਿਲੀ ਗੇਂਦ ਤੱਕ 17 ਦੌੜਾਂ ਤੱਕ ਹੀ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ।
ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ (4) ਛੇ ਗੇਂਦਾਂ ਹੀ ਖੇਡ ਸਕੀ। ਜੈਮਿਮਾ ਰੌਡਰਿਗਜ਼ ਖ਼ਾਤਾ ਖੋਲ੍ਹਣ ਵਿਚ ਨਾਕਾਮ ਰਹੀ। ਸ਼ੈਫਾਲੀ ਵਰਮਾ ਵੀ ਦੋ ਚੌਕੇ ਲਾ ਕੇ ਸ਼ਾਮਿਲੀਆ ਕੌਨੈੱਲ ਦੀ ਗੇਂਦ ’ਤੇ ਆਊਟ ਹੋ ਗਈ। ਕਪਤਾਨ ਹਰਮਨਪ੍ਰੀਤ ਕੌਰ (11) ਤੇ ਵੇਦਾ (5) ਵੀ ਪ੍ਰਭਾਵ ਛੱਡਣ ਵਿਚ ਨਾਕਾਮ ਰਹੇ। ਦੀਪਤੀ ਸ਼ਰਮਾ (21) ਦੇ ਹੇਠਲੇ ਕ੍ਰਮ ਦੀਆਂ ਬੱਲੇਬਾਜ਼ਾਂ ਪੂਜਾ (13), ਤਾਨੀਆ ਭਾਟੀਆ (10) ਨੇ ਕੁਝ ਦੌੜਾਂ ਜੋੜੀਆਂ।

ad