ਪੂਤਿਨ ਨੇ ਯੂਕਰੇਨੀ ਖੇਤਰਾਂ ਦੇ ਰਲੇਵੇਂ ਬਾਰੇ ਕਾਨੂੰਨ ’ਤੇ ਸਹੀ ਪਾਈ

ਪੂਤਿਨ ਨੇ ਯੂਕਰੇਨੀ ਖੇਤਰਾਂ ਦੇ ਰਲੇਵੇਂ ਬਾਰੇ ਕਾਨੂੰਨ ’ਤੇ ਸਹੀ ਪਾਈ

ਮਾਸਕੋ/ਕੀਵ- ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਕਰੇਨ ਦੇ ਚਾਰ ਖੇਤਰਾਂ ਨੂੰ ਰੂਸ ਵਿਚ ਰਲਾਉਣ ਬਾਰੇ ਕਾਨੂੰਨ ਉਤੇ ਸਹੀ ਪਾ ਦਿੱਤੀ ਹੈ। ਹਾਲਾਂਕਿ ਰੂਸ ਦੀ ਇਹ ਕਾਰਵਾਈ ਕੌਮਾਂਤਰੀ ਕਾਨੂੰਨਾਂ ਮੁਤਾਬਕ ਨਹੀਂ ਹੈ। ਇਸ ਤੋਂ ਪਹਿਲਾਂ ਰੂਸੀ ਸੰਸਦ ਦੇ ਦੋਵਾਂ ਸਦਨਾਂ ਨੇ ਵੀ ਦੋਨੇਸਕ, ਲੁਹਾਂਸਕ, ਖੇਰਸਨ ਤੇ ਜ਼ਾਪੋਰੀਜ਼ੀਆ ਖੇਤਰਾਂ ਦੇ ਰਲੇਵੇਂ ਨੂੰ ਮਨਜ਼ੂਰੀ ਦੇ ਦਿੱਤੀ ਸੀ। ਰੂਸ ਨੇ ਪਹਿਲਾਂ ਇਨ੍ਹਾਂ ਵੱਖਵਾਦੀ ਖੇਤਰਾਂ ਵਿਚ ਰਾਇਸ਼ੁਮਾਰੀ ਵੀ ਕਰਵਾਈ ਸੀ। ਦੂਜੇ ਪਾਸੇ ਯੂਕਰੇਨ ਨੇ ਰੂਸ ਦੇ ਰਾਸ਼ਟਰਪਤੀ ਪੂਤਿਨ ਵੱਲੋਂ ਮਨਜ਼ੂਰ ਕੀਤੇ ਇਨ੍ਹਾਂ ਕਾਨੂੰਨਾਂ ਨੂੰ ਖਾਰਜ ਕਰ ਦਿੱਤਾ ਹੈ ਜਿਨ੍ਹਾਂ ਰਾਹੀਂ ਯੂਕਰੇਨ ਦੇ ਚਾਰ ਖੇਤਰਾਂ ਦੇ ਰੂਸ ’ਚ ਰਲੇਵੇਂ ਨੂੰ ਰਸਮੀ ਤੌਰ ’ਤੇ ਪ੍ਰਵਾਨਗੀ ਦਿੱਤੀ ਗਈ ਹੈ। ਯੂਕਰੇਨ ਨੇ ਕਿਹਾ, ‘ਇਨ੍ਹਾਂ ਕਾਨੂੰਨਾਂ ਦੀ ਕੋਈ ਕੀਮਤ ਨਹੀਂ ਹੈ।’ ਇਸ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਉਨ੍ਹਾਂ ਪੂਤਿਨ ਦੀ ਅਜਿਹੀ ਕਿਸੇ ਵੀ ਕਾਰਵਾਈ ਨੂੰ ਨਾਜਾਇਜ਼ ਠਹਿਰਾਉਣ ਲਈ ਇਕ ਕਾਨੂੰਨ ਉਤੇ ਸਹੀ ਪਾਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰੂਸ 2014 ਵਿਚ ਕਰੀਮੀਆ ਖੇਤਰ ਦਾ ਆਪਣੇ ਨਾਲ ਰਲੇਵਾਂ ਕਰ ਚੁੱਕਾ ਹੈ। ਇਸੇ ਦੌਰਾਨ ਯੂਕਰੇਨ ਯੂਰੋਪ ਦੇ ਸਭ ਤੋਂ ਵੱਡੇ ਪਰਮਾਣੂ ਪਲਾਂਟ ਨੂੰ ਮੁੜ ਸ਼ੁਰੂ ਕਰਨ ਬਾਰੇ ਵੀ ਸੋਚ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ’ਤੇ ਰੂਸ ਨੇ ਕਬਜ਼ਾ ਕੀਤਾ ਹੋਇਆ ਹੈ ਪਰ ਪਲਾਂਟ ਨੂੰ ਯੂਕਰੇਨੀ ਮੁਲਾਜ਼ਮ ਚਲਾ ਰਹੇ ਸਨ। ਜੰਗ ਤੇ ਬੰਬਾਰੀ ਦੇ ਮੱਦੇਨਜ਼ਰ ਜ਼ਾਪੋਰੀਜ਼ੀਆ ਪਰਮਾਣੂ ਊਰਜਾ ਪਲਾਂਟ ਵਿਚੋਂ ਰੇਡੀਏਸ਼ਨ ਪੈਦਾ ਹੋਣ ਦਾ ਖ਼ਤਰਾ ਖੜ੍ਹਾ ਹੋ ਗਿਆ ਸੀ। ਪਲਾਂਟ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਰਦ ਰੁੱਤ ਆ ਰਹੀ ਹੈ। ਇਸ ਕਾਰਨ ਦੋ ਰਿਐਕਟਰ ਚਲਾਏ ਜਾਣਗੇ ਤਾਂ ਕਿ ਪਲਾਂਟ ਅੰਦਰਲੇ ਉਪਕਰਨਾਂ ਨੂੰ ਚੰਗੀ ਹਾਲਤ ਵਿਚ ਰੱਖਿਆ ਜਾ ਸਕੇ। 

sant sagar