ਖੁਸ਼ਖਬਰੀ : 15 ਸਾਲਾਂ ਚ ਸਭ ਤੋਂ ਸਸਤਾ ਹੋਇਆ ਘਰੇਲੂ ਕਰਜ਼

ਖੁਸ਼ਖਬਰੀ : 15 ਸਾਲਾਂ ਚ ਸਭ ਤੋਂ ਸਸਤਾ ਹੋਇਆ ਘਰੇਲੂ ਕਰਜ਼

ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ (RBI) ਦੇ ਰੈਪੋ ਦਰ ਘੱਟ ਕਰਨ ਦੇ ਐਲਾਨ ਨਾਲ ਆਪਣੇ ਮਕਾਨ ਦਾ ਸੁਪਨਾ ਪੂਰਾ ਕਰਨ ਲਈ ਘਰੇਲੂ ਕਰਜ਼ ਲੈਣ ਵਾਲਿਆਂ ਨੂੰ ਵੱਡੀ ਰਾਹਤ ਮਿਲੀ ਹੈ। ਕੇਂਦਰੀ ਬੈਂਕ ਦੇ ਰੈਪੋ ਦਰ ਵਿਚ 0.40 ਫੀਸਦੀ ਦੀ ਕਟੌਤੀ ਨਾਲ ਘਰੇਲੂ ਕਰਜ਼ ਦੀ ਵਿਆਜ ਦਰ ਲਗਭਗ 7 ਫੀਸਦੀ ਦੇ ਨੇੜੇ ਪਹੁੰਚ ਗਈ ਹੈ, ਜੋ ਲੰਘੇ 15 ਸਾਲਾਂ ਦਾ ਹੇਠਲਾ ਪੱਧਰ ਹੈ।
ਇਸ ਦੇ ਨਾਲ ਹੀ ਕੋਰੋਨਾ ਵਾਇਰਸ ਸੰਕਟ ਕਾਰਨ ਨਗਦੀ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਈ.ਐੱਮ.ਆਈ. ਭਰਨ ਲਈ ਵੀ 3 ਮਹੀਨੇ ਦੀ ਹੋਰ ਛੋਟ ਦਿੱਤੀ ਗਈ ਹੈ, ਜਿਨ੍ਹਾਂ ਕਰਜ਼ਦਾਰਾਂ ਨੇ ਹੁਣ ਤੱਕ ਛੋਟ ਦਾ ਫਾਇਦਾ ਨਹੀਂ ਚੁੱਕਿਆ ਸੀ ਅਤੇ ਜੇਕਰ ਹੁਣ ਉਹ ਵਿੱਤੀ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ ਤਾਂ ਉਹ ਵਧਾਈ ਗਈ 3 ਮਹੀਨੇ ਦੀ ਛੋਟ ਦਾ ਫਾਇਦਾ ਚੁੱਕ ਸਕਦੇ ਹਨ। 30 ਲੱਖ ਰੁਪਏ ਤੱਕ ਦੇ ਘਰੇਲੂ ਕਰਜ਼ 'ਤੇ ਮੌਜੂਦਾ ਬਾਰੋਅਰਸ (ਕਰਜ਼ਾ ਲੈਣ ਵਾਲੇ) ਲਈ ਐੱਸ.ਬੀ.ਆਈ. ਦੀ ਵਿਆਜ ਦਰ ਮੌਜੂਦਾ 7.4 ਫੀਸਦੀ ਤੋਂ ਘੱਟ ਕੇ 7 ਫੀਸਦੀ ਹੋ ਜਾਵੇਗੀ। ਮਹਿਲਾ ਕਰਜ਼ਦਾਰਾਂ ਲਈ ਵਿਆਜ ਦਰ 0.05 ਫੀਸਦੀ ਹੋਰ ਘੱਟ ਹੋ ਜਾਵੇਗੀ।
ਅਕਤੂਬਰ 2019 ਵਿਚ ਜਦੋਂ ਤੋਂ ਘਰੇਲੂ ਕਰਜ਼ ਵਿਆਜ ਦਰ ਨੂੰ ਰੈਪੋ ਦਰ ਨਾਲ ਜੋੜਿਆ ਗਿਆ ਹੈ, ਉਦੋਂ ਤੋਂ ਵਿਆਜ ਦਰ ਵਿਚ 1.4 ਫੀਸਦੀ ਦੀ ਕਮੀ ਹੋ ਚੁੱਕੀ ਹੈ। 30 ਲੱਖ ਰੁਪਏ ਦੇ ਘਰੇਲੂ ਕਰਜ਼ 'ਤੇ ਹੁਣ ਈ.ਐੱਮ.ਆਈ. ਘੱਟ ਕੇ 19,959 ਰੁਪਏ 'ਤੇ ਪਹੁੰਚ ਗਈ ਹੈ, ਜੋ ਅਕਤੂਬਰ 2019 ਵਿਚ 22,855 ਰੁਪਏ ਸੀ। ਹਾਊਸਿੰਗ ਫਾਈਨਾਂਸ ਕੰਪਨੀਆਂ ਅਤੇ ਜਿਨ੍ਹਾਂ ਬੈਂਕਾਂ ਨੇ ਘਰੇਲੂ ਕਰਜ਼ ਦੇ ਵਿਆਜ ਦਰ ਨੂੰ ਰੈਪੋ ਦਰ ਨਾਲ ਲਿੰਕਡ ਨਹੀਂ ਕੀਤਾ ਹੈ, ਉਹ ਇਸ ਦਾ ਫਾਇਦਾ ਗਾਹਕਾਂ ਨੂੰ ਨਹੀਂ ਦੇ ਸਕਦੇ। ਹਾਲਾਂਕਿ ਐੱਚ.ਡੀ.ਐੱਫ.ਸੀ. ਨੇ ਪਹਿਲਾਂ ਹੀ ਵਿਆਜ ਦਰ ਨੂੰ ਘਟਾ ਕੇ 7.50 ਫੀਸਦੀ ਕਰ ਦਿੱਤਾ ਹੈ।

ad