ਉੱਘੇ ਫਿਲਮ ਅਦਾਕਾਰ ਰਣਜੀਤ ਚੌਧਰੀ ਦਾ ਦੇਹਾਂਤ

ਫਿਲਮ ‘ਖੱਟਾ-ਮਿੱਠਾ’, ‘ਬਾਤੋਂ-ਬਾਤੋਂ ਮੇਂ’ ਅਤੇ ‘ਬਾਲੀਵੁੱਡ/ਹਾਲੀਵੁੱਡ’ ਵਿੱਚ ਆਪਣੀ ਯਾਦਗਾਰ ਭੂਮਿਕਾ ਲਈ ਜਾਣੇ ਜਾਂਦੇ ਅਦਾਕਾਰ ਰਣਜੀਤ ਚੌਧਰੀ ਦਾ 65 ਸਾਲ ਦੀ ਉਮਰ ਵਿੱਚ ਅੱਜ ਦੇਹਾਂਤ ਹੋ ਗਿਆ। ਮਸ਼ਹੂਰ ਥੀਏਟਰ ਅਦਾਕਾਰ ਪਰਲ ਪਦਮਸੀ ਅਤੇ ਐਲਿਕ ਪਦਮਸੀ ਦਾ ਮਤਰੇਏ ਪੁੱਤਰ ਰਣਜੀਤ ਚੌਧਰੀ ਦਾ ਅੱਜ ਇੱਥੇ ਦੇਹਾਂਤ ਹੋ ਗਿਆ।
ਥੀਏਟਰ ਦੀ ਦੁਨੀਆ ਦੀ ਸ਼ਹੂਰ ਸ਼ਖ਼ਸੀਅਤ ਡੌਲੀ ਠਾਕੁਰ ਨੇ ਕਿਹਾ ਕਿ ਰਣਜੀਤ ਆਪਣੇ ਦੰਦਾਂ ਦਾ ਇਲਾਜ ਕਰਵਾਉਣ ਲਈ ਭਾਰਤ ਆਏ ਹੋਏ ਸਨ ਅਤੇ ਲੌਕਡਾਊਨ ਕਰ ਕੇ ਇੱਥੇ ਹੀ ਫਸ ਗਏ ਸਨ। ਉਸ ਨੇ ਕਿਹਾ, ‘‘ਰਣਜੀਤ ਬਹੁਤ ਹੀ ਪਿਆਰਾ ਵਿਅਕਤੀ ਸੀ। ਮੈਂ ਉਸ ਦੇ ਪਰਿਵਾਰ ਨੂੰ ਮਿਲੀ ਸੀ। ਨਿਊ ਯਾਰਕ ਵਿੱਚ ਰਹਿੰਦੇ ਉਸ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਅਤੇ ਇਕ 16 ਸਾਲ ਦਾ ਪੁੱਤਰ ਹੈ। ਉਹ ਭਾਰਤ ਆਪਣੇ ਦੰਦਾਂ ਦਾ ਇਲਾਜ ਕਰਵਾਉਣ ਲਈ ਆਇਆ ਸੀ। ਉਹ ਦਸੰਬਰ-ਜਨਵਰੀ ਤੋਂ ਇੱਥੇ ਹੀ ਸੀ ਅਤੇ ਉਸ ਨੇ 8 ਅਪਰੈਲ ਨੂੰ ਵਾਪਸ ਨਿਊ ਯਾਰਕ ਜਾਣਾ ਸੀ ਪਰ ਲੌਕਡਾਊਨ ਹੋਣ ਕਾਰਨ ਉਹ ਫਸ ਗਿਆ।’’
ਡੌਲੀ ਨੇ ਕਿਹਾ, ‘‘ਉਸ ਦੀ ਅੰਤੜੀ ਵਿੱਚ ਇਕ ਜ਼ਖ਼ਮ ਸੀ ਜੋ 14 ਅਪਰੈਲ ਨੂੰ ਫੁੱਟ ਗਿਆ। ਇਕ ਡਾਕਟਰ ਨੂੰ ਇਲਾਜ ਲਈ ਸੱਦਿਆ ਗਿਆ ਤਾਂ ਉਸ ਨੇ ਕਿਹਾ ਕਿ ਰਣਜੀਤ ਨੂੰ ਤੁਰੰਤ ਹਸਪਤਾਲ ਲੈ ਕੇ ਜਾਣਾ ਪਵੇਗਾ। ਇਸ ’ਤੇ ਰਣਜੀਤ ਨੂੰ ਬਰੀਚ ਕੈਂਡੀ ਹਸਪਤਾਲ ਲਿਜਾਇਆ ਗਿਆ। ਉੱਥੇ ਡਾਕਟਰਾਂ ਵੱਲੋਂ ਰਣਜੀਤ ਦਾ ਅਪ੍ਰੇਸ਼ਨ ਕੀਤਾ ਗਿਆ ਇਸ ਦੇ ਬਾਵਜੂਦ ਕੱਲ੍ਹ ਸਵੇਰੇ 4 ਵਜੇ ਹਸਪਤਾਲ ’ਚ ਉਸ ਦੀ ਮੌਤ ਹੋ ਗਈ।’’ ਚੌਧਰੀ ਦੀ ਮਤਰੇਈ ਭੈਣ ਰਾਇਲ ਪਦਮਸੀ ਨੇ ਸਭ ਤੋਂ ਪਹਿਲਾਂ ਰਣਜੀਤ ਦੀ ਮੌਤ ਦੀ ਖ਼ਬਰ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ।
ਉਸ ਨੇ ਇੰਸਟਾਗ੍ਰਾਮ ’ਤੇ ਲਿਖਿਆ, ‘‘ਰਣਜੀਤ ਨੂੰ ਜਾਣਨ ਵਾਲੇ ਸਾਰੇ ਵਿਅਕਤੀਆਂ ਦੀ ਜਾਣਕਾਰੀ ਵਾਸਤੇ, ਰਣਜੀਤ ਦਾ ਅੰਤਿਮ ਸੰਸਕਾਰ ਭਲਕੇ ਵੀਰਵਾਰ ਨੂੰ ਸਵੇਰੇ 9.30 ਵਜੇ ਕੀਤਾ ਜਾਵੇਗਾ ਅਤੇ ਉਸ ਦੀ ਜ਼ਿੰਦਗੀ ਬਾਰੇ ਕੁਝ ਕਹਾਣੀਆਂ ਤੇ ਕਿੱਸੇ ਸਾਂਝੇ ਕਰਨ ਲਈ ਇਕ ਇਕੱਤਰਤਾ 5 ਮਈ ਨੂੰ ਕੀਤੀ ਜਾਵੇਗੀ।’’