ਖਹਿਰਾ ਤੇ ਡਾ. ਗਾਂਧੀ ਸਣੇ 20 ਉਮੀਦਵਾਰਾਂ ਵੱਲੋਂ ਕਾਗਜ਼ ਦਾਖਲ
ਖਹਿਰਾ ਤੇ ਡਾ. ਗਾਂਧੀ ਸਣੇ 20 ਉਮੀਦਵਾਰਾਂ ਵੱਲੋਂ ਕਾਗਜ਼ ਦਾਖਲ
ਚੰਡੀਗੜ੍ਹ-ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਨਾਮਜ਼ਦਗੀਆਂ ਭਰਨ ਦੇ ਦੂਜੇ ਦਿਨ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਅਤੇ ਡਾ. ਗਾਂਧੀ ਸਣੇ 20 ਉਮੀਦਵਾਰਾਂ ਵੱਲੋਂ 22 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਸੁਖਪਾਲ ਸਿੰਘ ਖਹਿਰਾ ਨੇ ਲੋਕ ਸਭਾ ਹਲਕਾ ਸੰਗਰੂਰ ਅਤੇ ਡਾ. ਧਰਮਵੀਰ ਗਾਂਧੀ ਨੇ ਲੋਕ ਸਭਾ ਹਲਕਾ ਪਟਿਆਲਾ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਮੌਜੂਦ ਰਹੇ।
ਜਾਣਕਾਰੀ ਅਨੁਸਾਰ ਅੱਜ ਸੰਗਰੂਰ ਤੋਂ ਪੰਜ, ਅੰਮ੍ਰਿਤਸਰ, ਪਟਿਆਲਾ ਤੇ ਲੁਧਿਆਣਾ ਤੋਂ ਤਿੰਨ-ਤਿੰਨ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਫਰੀਦਕੋਟ ਤੋਂ ਦੋ, ਗੁਰਦਾਸਪੁਰ, ਜਲੰਧਰ, ਆਨੰਦਪੁਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਤੋਂ ਇਕ-ਇਕ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ। ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਫਿਰੋਜ਼ਪੁਰ, ਖਡੂਰ ਸਾਹਿਬ, ਬਠਿੰਡਾ ਅਤੇ ਹੁਸ਼ਿਆਰਪੁਰ ਲੋਕ ਸਭਾ ਸੀਟ ਲਈ ਕਿਸੇ ਵੀ ਉਮੀਦਵਾਰ ਵੱਲੋਂ ਅੱਜ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ ਗਿਆ ਹੈ। ਭਾਜਪਾ ਦੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਹੰਸ ਰਾਜ ਹੰਸ 9 ਮਈ ਦਿਨ ਵੀਰਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ, ਜਲੰਧਰ ਤੋਂ ਸੁਸ਼ੀਲ ਰਿੰਕੂ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ, ਬਠਿੰਡਾ ਤੋਂ ਪਰਮਪਾਲ ਕੌਰ ਸਿੱਧੂ, ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ ਅਤੇ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ 10 ਮਈ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨਗੇ।