ਇਜ਼ਰਾਈਲ ਨੇ ਹਮਾਸ ਹਮਲੇ ਤੋਂ ਬਾਅਦ ਸਮਰਥਨ ਲਈ ਭਾਰਤ ਦਾ ਕੀਤਾ ਧੰਨਵਾਦ

ਇਜ਼ਰਾਈਲ ਨੇ ਹਮਾਸ ਹਮਲੇ ਤੋਂ ਬਾਅਦ ਸਮਰਥਨ ਲਈ ਭਾਰਤ ਦਾ ਕੀਤਾ ਧੰਨਵਾਦ

ਨਵੀਂ ਦਿੱਲੀ, (ਇਡੋ ਕਨੇਡੀਅਨ ਟਾਇਮਜ਼)-ਇਜ਼ਰਾਈਲ ਦੇ ਰਾਜਦੂਤ ਨਾਓਰ ਗਿਲੋਨ ਨੇ ਕਿਹਾ ਹੈ ਕਿ 7 ਅਕਤੂਬਰ ਨੂੰ ਹਮਾਸ ਦੇ ਹਮਲੇ ਤੋਂ ਬਾਅਦ ਭਾਰਤ ਇਜ਼ਰਾਈਲ ਦੇ ਨਾਲ ਖੜ੍ਹਾ ਹੈ ਅਤੇ ਇਸ ਦਾ ਸਮਰਥਨ ਭਾਰਤ ਅਤੇ ਯਹੂਦੀ ਲੋਕਾਂ ਵਿਚਾਲੇ ਗੂੜ੍ਹੇ ਸਬੰਧਾਂ ਦਾ ਪ੍ਰਮਾਣ ਹੈ। ਉਨ੍ਹਾਂ ਇਹ ਟਿੱਪਣੀ ਇਜ਼ਰਾਈਲ ਦੇ 76ਵੇਂ ਰਾਸ਼ਟਰੀ ਦਿਵਸ ਨੂੰ ਮਨਾਉਣ ਲਈ ਇਜ਼ਰਾਈਲੀ ਦੂਤਘਰ ਵੱਲੋਂ ਕਰਵਾਏ ਇਕ ਸਮਾਗਮ ਦੌਰਾਨ ਕੀਤੀ। ਉਨ੍ਹਾਂ ਕਿਹਾ, ‘‘ਸੱਤ ਅਕਤੂਬਰ ਤੋਂ ਭਾਰਤ ਦੀ ਸਰਕਾਰ ਅਤੇ ਲੋਕ ਦੋਵੇਂ ਇਜ਼ਰਾਈਲ ਦੇ ਪੱਖ ਵਿੱਚ ਖੜ੍ਹੇ ਹਨ ਅਤੇ ਇਸ ਗੱਲ ਨੂੰ ਅਸੀਂ ਕਦੇ ਨਹੀਂ ਭੁੱਲਾਂਗੇ।” ਗਿਲੋਨ ਨੇ ਬੀਤੀ ਰਾਤ ਇਸ ਸਮਾਗਮ ਵਿੱਚ ਆਪਣੇ ਸੰਬੋਧਨ ਵਿੱਚ ਕਿਹਾ, “ਸਾਨੂੰ ਇੱਥੋਂ ਜਿੰਨਾ ਸਮਰਥਨ ਮਿਲਦਾ ਹੈ, ਉਹ ਕਿਸੇ ਹੈਰਾਨੀ ਤੋਂ ਘੱਟ ਨਹੀਂ ਹੈ। ਇਹ ਭਾਰਤੀ ਅਤੇ ਯਹੂਦੀ ਲੋਕਾਂ ਵਿਚਕਾਰ ਗੁੂੜ੍ਹੇ ਸਬੰਧਾਂ ਦਾ ਪ੍ਰਮਾਣ ਹੈ।’’ ਇਸ ਮੌਕੇ ਵਿਦੇਸ਼ ਸਕੱਤਰ ਵਿਨੈ ਕਵਾਤਰਾ ਵੀ ਹਾਜ਼ਰ ਸਨ। ਆਪਣੇ ਸੰਖੇਪ ਸੰਬੋਧਨ ਵਿੱਚ ਕਵਾਤਰਾ ਨੇ ਕਿਹਾ ਕਿ 7 ਅਕਤੂਬਰ ਨੂੰ ਹੋਏ ਅਤਿਵਾਦੀ ਹਮਲਿਆਂ ਨੇ ਸਾਨੂੰ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਕਵਾਤਰਾ ਨੇ ਬੁੱਧਵਾਰ ਨੂੰ ਦੂਤਘਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ, ‘‘ਭਾਰਤ ਖੁਦ ਸਰਹੱਦ ਪਾਰ ਦੇ ਅਤਿਵਾਦ ਦਾ ਸ਼ਿਕਾਰ ਹੈ ਅਤੇ ਅਤਿਵਾਦ ਪ੍ਰਤੀ ਜ਼ੀਰੋ-ਟੌਲਰੈਂਸ ਵਾਲਾ ਨਜ਼ਰੀਆ ਰੱਖਦਾ ਹੈ।’’ ਉਨ੍ਹਾਂ ਕਿਹਾ, ‘‘ਅਤਿਵਾਦੀ ਕਾਰਵਾਈਆਂ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਸਾਡੇ ਵਿਚਾਰ ਅਤੇ ਪ੍ਰਾਰਥਨਾਵਾਂ ਬੰਧਕਾਂ ਦੇ ਪਰਿਵਾਰਾਂ ਅਤੇ ਇਨ੍ਹਾਂ ਘਿਨਾਉਣੀਆਂ ਕਾਰਵਾਈਆਂ ਵਿੱਚ ਜਾਨਾਂ ਗੁਆਉਣ ਵਾਲਿਆਂ ਦੇ ਨਾਲ ਹਨ।’’ ਹਮਾਸ ਵੱਲੋਂ 7 ਅਕਤੂਬਰ ਨੂੰ ਇਜ਼ਰਾਈਲੀ ਸ਼ਹਿਰਾਂ ’ਤੇ ਕੀਤੇ ਗਏ ਜ਼ਬਰਦਸਤ ਹਮਲੇ ਦੇ ਜਵਾਬ ’ਚ ਇਜ਼ਰਾਈਲ ਨੇ ਵੀ ਗਾਜ਼ਾ ’ਚ ਵੱਡੇ ਪੱਧਰ ’ਤੇ ਫੌਜੀ ਹਮਲਾ ਸ਼ੁਰੂ ਕੀਤਾ ਸੀ। ਗਾਜ਼ਾ ਵਿੱਚ ਹਮਾਸ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਜ਼ਰਾਈਲੀ ਹਮਲੇ ਵਿੱਚ ਗਾਜ਼ਾ ਵਿੱਚ 30,000 ਤੋਂ ਵੱਧ ਲੋਕ ਮਾਰੇ ਗਏ ਹਨ। ਕਵਾਤਰਾ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਭਾਰਤ-ਇਜ਼ਰਾਈਲ ਸਾਂਝੇਦਾਰੀ ਤੇਜ਼ੀ ਨਾਲ ਵਧੀ ਹੈ ਅਤੇ ਵੱਖ-ਵੱਖ ਖੇਤਰਾਂ ਵਿੱਚ ਆਪਸੀ ਸਤਿਕਾਰ, ਸਮਝ ਅਤੇ ਸਹਿਯੋਗ ਦੁਆਰਾ ਦਰਸਾਈ ਗਈ ਹੈ। 

ad