ਇਜ਼ਰਾਈਲ ਜੰਗਬੰਦੀ ਸਮਝੌਤੇ ਲਈ ਰਾਜ਼ੀ, ਹਮਾਸ ਵੀ ਹਾਮੀ ਭਰੇ: ਬਲਿੰਕਨ

ਵਾਸ਼ਿੰਗਟਨ, (ਇੰਡੋ ਕਨੇਡੀਅਨ ਟਾਇਮਜ਼ )- ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦਾ ਕਹਿਣਾ ਹੈ ਕਿ ਇਜ਼ਰਾਈਲ ਨੇ ਗਾਜ਼ਾ ’ਚ ਜੰਗਬੰਦੀ ਤੇ ਬੰਦੀਆਂ ਦੀ ਰਿਹਾਈ ਸਬੰਧੀ ਵਖਰੇਵੇਂ ਦੂਰ ਕਰਨ ਦੀ ਤਜਵੀਜ਼ ਸਵੀਕਾਰ ਕਰ ਲਈ ਹੈ। ਉਨ੍ਹਾਂ ਹਮਾਸ ਨੂੰ ਵੀ ਅਜਿਹਾ ਕਰਨ ਦਾ ਸੱਦਾ ਦਿੱਤਾ ਹੈ। 10 ਮਹੀਨੇ ਤੋਂ ਵੀ ਵੱਧ ਸਮਾਂ ਪਹਿਲਾਂ ਗਾਜ਼ਾ ’ਚ ਜੰਗ ਸ਼ੁਰੂ ਹੋਣ ਮਗਰੋਂ ਬਲਿੰਕਨ ਅੱਜ ਮੱਧ ਪੂਰਬ ’ਚ ਆਪਣੇ ਨੌਵੇਂ ਮਿਸ਼ਨ ’ਤੇ ਸਨ। ਉਨ੍ਹਾਂ ਹਾਲਾਂਕਿ ਇਹ ਨਹੀਂ ਦੱਸਿਆ ਕਿ ਕੀ ਇਹ ਤਜਵੀਜ਼ ਹਮਾਸ ਵੱਲੋਂ ਪ੍ਰਗਟਾਈਆਂ ਚਿੰਤਾਵਾਂ ਨਾਲ ਸਬੰਧਤ ਹੈ ਜਾਂ ਨਹੀਂ। ਬਲਿੰਕਨ ਨੇ ਕਿਹਾ ਕਿ ਜੇ ਹਮਾਸ ਇਹ ਤਜਵੀਜ਼ ਸਵੀਕਾਰ ਕਰ ਲੈਂਦਾ ਹੈ ਤਾਂ ਆਉਣ ਵਾਲੇ ਦਿਨਾਂ ’ਚ ਵਾਰਤਾ ਸਮਝੌਤੇ ਨੂੰ ਅਮਲ ’ਚ ਲਿਆਉਣ ਦੀ ਦਿਸ਼ਾ ’ਚ ਅੱਗੇ ਵਧ ਸਕਦੀ ਹੈ। ਉਨ੍ਹਾਂ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਕਿ ਅਜੇ ਵੀ ਕੁਝ ਗੁੰਝਲਦਾਰ ਮਸਲੇ ਹਨ ਜਿਨ੍ਹਾਂ ਲਈ ਆਗੂਆਂ ਨੂੰ ਸਖ਼ਤ ਫ਼ੈਸਲੇ ਲੈਣੇ ਪੈਣਗੇ। ਬੀਤੇ ਦਿਨ ਇਜ਼ਰਾਈਲ ’ਚ ਮੀਟਿੰਗਾਂ ਮਗਰੋਂ ਅੱਗੇ ਦੀ ਗੱਲਬਾਤ ਲਈ ਬਲਿੰਕਨ ਅੱਜ ਮਿਸਰ ਤੇ ਕਤਰ ਦੀ ਯਾਤਰਾ ਕਰ ਰਹੇ ਹਨ। ਉਨ੍ਹਾਂ ਦੀ ਯਾਤਰਾ ਅਮਰੀਕਾ ਸਮੇਤ ਹੋਰ ਸਾਲਸ ਮੁਲਕਾਂ ਵੱਲੋਂ ਨਵੇਂ ਸਿਰੇ ਤੋਂ ਸਮਝੌਤੇ ਦੀ ਉਮੀਦ ਜ਼ਾਹਿਰ ਕੀਤੇ ਜਾਣ ਤੋਂ ਬਾਅਦ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਯਾਤਰਾ ਇਸ ਖਦਸ਼ੇ ਵਿਚਾਲੇ ਵੀ ਹੋਈ ਹੈ ਕਿ ਲਿਬਨਾਨ ’ਚ ਸਿਖਰਲੇ ਅਤਿਵਾਦੀ ਕਮਾਂਡਰਾਂ ਦੀਆਂ ਹੱਤਿਆਵਾਂ ਮਗਰੋਂ ਸੰਘਰਸ਼ ਇੱਕ ਵੱਡੀ ਖੇਤਰੀ ਜੰਗ ’ਚ ਤਬਦੀਲ ਹੋ ਸਕਦਾ ਹੈ ਜਿਸ ਲਈ ਇਰਾਨ ਨੇ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ।