ਆਸਟਰੇਲੀਆ-ਨਿਊਜ਼ੀਲੈਂਡ ਇੱਕ-ਰੋਜ਼ਾ ਲੜੀ ਰੱਦ

ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਚੈਪਲ-ਹੈਡਲੀ ਇੱਕ ਰੋਜ਼ਾ ਲੜੀ ਦੇ ਬਾਕੀ ਬਚੇ ਦੋ ਮੈਚ ਅੱਜ ਰੱਦ ਕਰ ਦਿੱਤੇ ਗਏ ਕਿਉਂਕਿ ਮਹਿਮਾਨ ਟੀਮ ਨੂੰ ਕਰੋਨਾਵਾਇਰਸ ਕਾਰਨ ਯਾਤਰਾ ਸਬੰਧੀ ਨਵੀਆਂ ਪਾਬੰਦੀਆਂ ਤੋਂ ਬਚਣ ਲਈ ਛੇਤੀ ਘਰ ਪਰਤਣਾ ਹੋਵੇਗਾ। ਕ੍ਰਿਕਟ ਆਸਟਰੇਲੀਆ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ, “ਨਿਊਜ਼ੀਲੈਂਡ ਸਰਕਾਰ ਦੀਆਂ ਤਾਜ਼ਾ ਯਾਤਰਾ ਪਾਬੰਦੀਆਂ ਨੂੰ ਧਿਆਨ ਵਿੱਚ ਰੱਖਦਿਆਂ ਕ੍ਰਿਕਟ ਆਸਟਰੇਲੀਆ ਨੂੰ ਸਲਾਹ ਦਿੱਤੀ ਗਈ ਹੈ ਕਿ ਨਿਊਜ਼ੀਲੈਂਡ ਟੀਮ ਤੁਰੰਤ ਘਰ ਪਰਤ ਜਾਵੇਗੀ।” ਇਸ ਮੁਤਾਬਕ, “ਕ੍ਰਿਕਟ ਆਸਟਰੇਲੀਆ ਅਤੇ ਨਿਊਜ਼ੀਲੈਂਡ ਕ੍ਰਿਕਟ ਭਵਿੱਖ ਵਿੱਚ ਲੜੀ ਖੇਡਣ ਦਾ ਮੌਕਾ ਹਾਸਲ ਕਰਨ ਲਈ ਦੋਵੇਂ ਬੋਰਡ ਮਿਲ ਕੇ ਕੰਮ ਕਰਨਗੇ।’’
ਨਿਊਜ਼ੀਲੈਂਡ ਸਰਕਾਰ ਨੇ ਆਪਣੀ ਸਰਹੱਦ ’ਤੇ ਪਾਬੰਦੀਆਂ ਸਖ਼ਤ ਕਰ ਦਿੱਤੀਆਂ ਹਨ। ਸਰਕਾਰ ਨੇ ਕਿਹਾ ਹੈ ਕਿ ਜਿਹੜੇ ਲੋਕ ਆਸਟਰੇਲੀਆ ਤੋਂ ਦੇਸ਼ ਵਿੱਚ ਦਾਖ਼ਲ ਹੋ ਰਹੇ ਹਨ, ਉਨ੍ਹਾਂ ਨੂੰ ਲਾਜ਼ਮੀ ਤੌਰ ’ਤੇ ਖ਼ੁਦ ਨੂੰ 14 ਦਿਨਾਂ ਤੱਕ ਵੱਖਰੇ ਤੌਰ ’ਤੇ ਰਹਿਣਾ ਹੋਵੇਗਾ। ਇਹ ਪਾਬੰਦੀ ਐਤਵਾਰ ਅੱਧੀ ਰਾਤ ਤੋਂ ਲਾਗੂ ਹੋਵੇਗੀ। ਇਸ ਲਈ ਜੇਕਰ ਨਿਊਜ਼ੀਲੈਂਡ ਟੀਮ ਪੂਰੀ ਲੜੀ ਖੇਡਣ ਲਈ ਰੁਕਦੀ ਹੈ ਤਾਂ ਉਸ ਦੇ ਖਿਡਾਰੀਆਂ ਨੂੰ 14 ਦਿਨ ਤੱਕ ਅਲੱਗ-ਥਲੱਗ ਰਹਿਣਾ ਹੋਵੇਗਾ। ਲੜੀ ਦਾ ਪਹਿਲਾ ਇੱਕ-ਰੋਜ਼ਾ ਮੈਚ ਖ਼ਾਲੀ ਸਟੇਡੀਅਮ ਵਿੱਚ ਖੇਡਿਆ ਗਿਆ ਸੀ। ਚੈੱਪਲ-ਹੈੱਡਲੀ ਲੜੀ ਤੋਂ ਪਹਿਲਾਂ ਦੋ ਹੋਰ ਇੱਕ ਰੋਜ਼ਾ ਲੜੀਆਂ ਕੱਲ੍ਹ ਰੱਦ ਕਰ ਦਿੱਤੀਆਂ ਗਈਆਂ ਸਨ। ਕਰੋਨਾਵਾਇਰਸ ਕਾਰਨ ਇੰਗਲੈਂਡ ਤੇ ਸ੍ਰੀਲੰਕਾ ਅਤੇ ਦੱਖਣੀ ਅਫਰੀਕਾ ਤੇ ਭਾਰਤ ਵਿਚਾਲੇ ਇੱਕ ਰੋਜ਼ਾ ਲੜੀਆਂ ਰੱਦ ਹੋ ਗਈਆਂ।