ਪੌਣਾ ਘੰਟਾ ਲੁਧਿਆਣਾ ਦੀਆਂ ਸੜਕਾਂ ’ਤੇ ਰਿਹਾ ਅੰਮ੍ਰਿਤਪਾਲ

ਪੌਣਾ ਘੰਟਾ ਲੁਧਿਆਣਾ ਦੀਆਂ ਸੜਕਾਂ ’ਤੇ ਰਿਹਾ ਅੰਮ੍ਰਿਤਪਾਲ

ਲੁਧਿਆਣਾ, 
ਅੰਮ੍ਰਿਤਪਾਲ ਸਿੰਘ 18 ਮਾਰਚ ਦੀ ਰਾਤ ਨੂੰ ਕਰੀਬ 50 ਮਿੰਟ ਤੱਕ ਲੁਧਿਆਣਾ ਦੀਆਂ ਸੜਕਾਂ ’ਤੇ ਘੁੰਮਦਾ ਰਿਹਾ ਪਰ ਇਸ ਬਾਰੇ ਪੁਲੀਸ ਨੂੰ ਕੋਈ ਖ਼ਬਰ ਨਾ ਲੱਗੀ। ਹਾਰਡੀਜ਼ ਵਰਲਡ ਤੋਂ ਉਸ ਨੂੰ ਆਟੋ ’ਚ ਬਿਠਾ ਕੇ ਜਲੰਧਰ ਬਾਈਪਾਸ ਤੇ ਉਸ ਤੋਂ ਅੱਗੇ ਸ਼ੇਰਪੁਰ ਚੌਂਕ ਛੱਡਣ ਵਾਲੇ ਦੋਹਾਂ ਆਟੋ ਚਾਲਕਾਂ ਤੋਂ ਪੁੱਛ-ਪੜਤਾਲ ਵੀ ਕੀਤੀ ਗਈ ਹੈ। ਦੋਵਾਂ ਨੇ ਦੱਸਿਆ ਕਿ ਉਨ੍ਹਾਂ ਦੇ ਆਟੋ ’ਚ ਦੋ ਵਿਅਕਤੀ ਬੈਠੇ ਜ਼ਰੂਰ ਸਨ, ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਅੰਮ੍ਰਿਤਪਾਲ ਤੇ ਉਸ ਦਾ ਸਾਥੀ ਹੈ। ਉਨ੍ਹਾਂ ਤਾਂ ਸਿਰਫ਼ ਸਵਾਰੀਆਂ ਵਜੋਂ ਦੋਹਾਂ ਨੂੰ ਬਿਠਾਇਆ ਸੀ। ਪੁਲੀਸ ਵੱਲੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ ਗਈ ਤਾਂ ਪਤਾ ਲੱਗਿਆ ਕਿ ਅੰਮ੍ਰਿਤਪਾਲ 9 ਵਜ ਕੇ 20 ਮਿੰਟ ਤੋਂ ਲੈ ਕੇ 10 ਵੱਜ ਕੇ 10 ਮਿੰਟ ਤੱਕ ਲੁਧਿਆਣਾ ਦੀਆਂ ਸੜਕਾਂ ’ਤੇ ਰਿਹਾ। ਉਸ ਨੇ ਪਹਿਲਾ ਆਟੋ ਲਿਆ ਤੇ ਉਸ ਨੂੰ 20 ਮਿੰਟ ਲੱਗੇ। ਇਸ ਮਗਰੋਂ ਦੂਸਰਾ ਆਟੋ ਲੈ ਕੇ ਉਹ ਸ਼ੇਰਪੁਰ ਚੌਕ ਤੱਕ ਪੁੱਜਾ, ਜਿਸ ’ਚ ਉਸ ਨੂੰ 30 ਮਿੰਟ ਦਾ ਸਮਾਂ ਲੱਗਿਆ। ਪੁਲੀਸ ਨੇ ਪੁੱਛ-ਪੜਤਾਲ ਮਗਰੋਂ ਆਟੋ ਚਾਲਕਾਂ ਨੂੰ ਵਾਪਸ ਭੇਜ ਦਿੱਤਾ ਹੈ। ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਆਟੋ ਚਾਲਕਾਂ ਨੇ ਸਵਾਰੀ ਵਜੋਂ ਦੋਹਾਂ ਨੂੰ ਮੰਜ਼ਿਲ ’ਤੇ ਛੱਡਿਆ ਸੀ। ਉਨ੍ਹਾਂ ਨੂੰ ਅੰਮ੍ਰਿਤਪਾਲ ਦੇ ਚਿਹਰੇ ਬਾਰੇ ਨਹੀਂ ਪਤਾ ਸੀ। ਉਹ ਭੇਸ ਬਦਲ ਕੇ ਇੱਥੋਂ ਨਿਕਲਿਆ ਹੈ।

ad