ਹਾਕੀ ਖਿਡਾਰੀਆਂ ਪ੍ਰਤੀ ਸਰਕਾਰਾਂ ਦੀ ਬੇਰੁਖ਼ੀ ’ਤੇ ਉੱਠੇ ਸਵਾਲ

ਹਾਕੀ ਖਿਡਾਰੀਆਂ ਪ੍ਰਤੀ ਸਰਕਾਰਾਂ ਦੀ ਬੇਰੁਖ਼ੀ ’ਤੇ ਉੱਠੇ ਸਵਾਲ

ਪ੍ਰੀਮੀਅਰ ਸਪੋਰਟਸ ਲਿਟਰੇਚਰ ਫੈਸਟੀਵਲ ਇੰਡੀਆ ਵੱਲੋਂ ਇੱਥੇ ਕਰਵਾਏ ਪਲੇਅਰਾਈਟ-2020 ਖੇਡ ਸੈਮੀਨਾਰ ’ਚ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਹਾਕੀ ਖਿਡਾਰੀਆਂ ਪ੍ਰਤੀ ਅਪਣਾਏ ਬੇਰੁਖ਼ੀ ਵਾਲੇ ਰਵੱਈਏ ’ਤੇ ਸਵਾਲ ਉੱਠੇ। ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਜੀਤਪਾਲ ਸਿੰਘ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਤਗ਼ਮਾ ਜੇਤੂ ਹਾਕੀ ਖਿਡਾਰੀਆਂ ਨੂੰ ਮਾਣ-ਸਨਮਾਨ ਦੇਣ ’ਚ ਹਮੇਸ਼ਾ ਆਨਾਕਾਨੀ ਕੀਤੀ ਹੈ, ਜਦੋਂਕਿ 15-20 ਸਾਲ ਕ੍ਰਿਕਟ ਖੇਡਣ ਵਾਲੇ ਰਿਕਾਰਡਧਾਰੀਆਂ ਨੂੰ ਦੌਲਤਾਂ ਅਤੇ ਐਵਾਰਡਾਂ ਨਾਲ ਲੱਦ ਦਿੱਤਾ ਜਾਂਦਾ ਹੈ। ਉਨ੍ਹਾਂ ਦਾਦਾ ਧਿਆਨ ਚੰਦ ਸਿੰਘ ਅਤੇ ਬਲਬੀਰ ਸਿੰਘ ਸੀਨੀਅਰ ਨੂੰ ‘ਭਾਰਤ ਰਤਨ’ ਨਾ ਦੇਣ ਦਾ ਮੁੱਦਾ ਵੀ ਉਠਾਇਆ।
ਤੀਹਰਾ ਓਲੰਪਿਕ ਸੋਨ ਤਗ਼ਮਾ ਜੇਤੂ ਸਾਬਕਾ ਕਪਤਾਨ ਬਲਬੀਰ ਸਿੰਘ ਸੀਨੀਅਰ ਨੇ ਲੰਮੇ ਸਮੇਂ ਤੋਂ ਸਿਹਤਯਾਬ ਨਾ ਹੋਣ ਦੇ ਬਾਵਜੂਦ ਖੇਡ ਸੈਮੀਨਾਰ ’ਚ ਸ਼ਿਰਕਤ ਕੀਤੀ। ਅਜੀਤਪਾਲ ਸਿੰਘ ਅਤੇ ਓਲੰਪੀਅਨ ਅਸ਼ੋਕ ਕੁਮਾਰ ਸਿੰਘ ਨੇ ਬਲਬੀਰ ਸਿੰਘ ਸੀਨੀਅਰ ਤੋਂ ਕੁਆਲਾਲੰਪੁਰ-1975 ਆਲਮੀ ਹਾਕੀ ਕੱਪ ਖੇਡਣ ਤੋਂ ਪਹਿਲਾਂ ਲਈ ਸਿਖਲਾਈ ਦੀ ਪ੍ਰਸ਼ੰਸਾ ਕੀਤੀ। ਸੀਨੀਅਰ ਉਸ ਸਮੇਂ ਭਾਰਤੀ ਹਾਕੀ ਟੀਮ ਦੇ ਮੁੱਖ ਕੋਚ ਅਤੇ ਚੀਫ ਮੈਨੇਜਰ ਰਹੇ ਸਨ।
ਮੇਜਰ ਧਿਆਨ ਚੰਦ ਸਿੰਘ ਦੇ ਪੁੱਤਰ ਅਸ਼ੋਕ ਕੁਮਾਰ ਨੇ ਕਿਹਾ ਕਿ ਅਤਿ ਮਾੜੇ ਹਾਲਾਤਾਂ ’ਚ ਓਲੰਪਿਕ ਤੇ ਵਿਸ਼ਵ-ਵਿਆਪੀ ਖੇਡਾਂ ’ਚ ਸੋਨੇ, ਚਾਂਦੀ ਤੇ ਕਾਂਸੀ ਦੇ ਤਗ਼ਮਾ ਜੇਤੂ ਹਾਕੀ ਖਿਡਾਰੀਆਂ ਦੀ ਕਦੇ ਸਾਰ ਨਹੀਂ ਲਈ ਗਈ। ਉਨ੍ਹਾਂ ਕਿਹਾ ਕਿ ਉਸ ਨੂੰ ਇਟਲੀ ਹਾਕੀ ਲੀਗ ਖੇਡਣ ਲਈ ਵਧੀਆਂ ਆਫ਼ਰ ਆਇਆ ਸੀ, ਪਰ ਉਸ ਨੇ ਓਲੰਪੀਅਨ ਕੇਡੀ ਸਿੰਘ ਬਾਬੂ ਦੇ ਕਹਿਣ ’ਤੇ ਇਸ ਨੂੰ ਠੁਕਰਾ ਦਿੱਤਾ। ਐਸਟਰੋ ਟਰਫ ਮੈਦਾਨ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਹਾਕੀ ਫੈਡਰੇਸ਼ਨ ਤੇ ਖੇਡ ਮੰਤਰਾਲਾ ਕਦੇ ਵੀ ਸਮੇਂ ਦੇ ਹਾਣ ਦਾ ਨਹੀਂ ਹੋਇਆ। ਹਾਕੀ ਦੇ ਕਰਤਿਆਂ ਨੇ ਅਸਟਰੋ ਟਰਫ ਦਾ ਹਾਸੋਹੀਣਾ ਤੋੜ ਇਹ ਕੱਢਿਆ ਕਿ ਮੈਦਾਨ ’ਚ ਘਾਹ ਕੱਟ ਕੇ ਗੋਹੇ ਦਾ ਲੇਪ ਕਰ ਦਿੱਤਾ ਗਿਆ, ਜਦੋਂਕਿ ਬਾਅਦ ’ਚ ਪਤਾ ਚੱਲਿਆ ਕਿ ਅਸਟਰੋ ਟਰਫ਼ ਵੱਖਰੀ ਤਰ੍ਹਾਂ ਦੇ ਹੁੰਦੇ ਹਨ।
ਰਾਸ਼ਟਰਮੰਡਲ ਖੇਡਾਂ ’ਚ ਸੋਨ ਤਗ਼ਮਾ ਜੇਤੂ ਮਹਿਲਾ ਪਹਿਲਵਾਨ ਬਬੀਤਾ ਫੋਗਾਟ ਨੇ ਖਿਡਾਰੀਆਂ ’ਚ ਵਧ ਰਹੇ ਤਣਾਅ ਸਬੰਧੀ ਕਿਹਾ ਕਿ ਖੇਡ ਨੂੰ ਮਨੋਰੰਜਨ ਦਾ ਸਾਧਨ ਸਮਝ ਕੇ ਅੱਗੇ ਵਧਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਭਾਰ ਵਰਗ ਸਬੰਧੀ ਖੇਡਾਂ ਦੇ ਖਿਡਾਰੀਆਂ ਨੂੰ ਮਿੱਠਾ, ਲੂਣ ਤੇ ਘਿਉ ਤੋਂ ਪਰਹੇਜ ਕਰਨਾ ਚਾਹੀਦਾ ਹੈ।
ਸੈਮੀਨਾਰ ’ਚ ਸਾਬਕਾ ਬਾਸਕਟਬਾਲ ਕਪਤਾਨ ਸੁਮਨ ਸ਼ਰਮਾ ਅਤੇ ਮਹਿਲਾ ਬਾਸਕਟਬਾਲ ਟੀਮ ਦੀ ਮੌਜੂਦਾ ਕਪਤਾਨ ਜੀਨਾ ਪੀਐੱਸ ਨੇ, ਅਰਜੁਨਾ ਐਵਾਰਡ ਜੇਤੂ ਸਾਬਕਾ ਬਾਸਕਟਬਾਲ ਖਿਡਾਰਨ ਸੁਮਨ ਸ਼ਰਮਾ ਅਤੇ ਕੋਲਕਾਤਾ ਨਾਈਟ ਰਾਈਡਰਜ਼ ਟੀਮ ਦੇ ਸਾਬਕਾ ਸੀਈਓ ਜੋਇ ਭੱਟਾਚਾਰੀਆ ਨੇ ਵੱਖ-ਵੱਖ ਸੈਸ਼ਨਾਂ ’ਚ ਆਪਣੇ ਤਜਰਬੇ ਸਾਂਝੇ ਕੀਤੇ।

ad