ਅੰਮ੍ਰਿਤਪਾਲ ਸਿੰਘ ਦੀ ਖੋਜ 'ਚ ਉੱਤਰਾਖੰਡ ਦੇ ਇਸ ਇਲਾਕੇ 'ਤੇ ਬਾਜ਼ ਅੱਖ, ਪਹਿਲਾਂ ਵੀ ਪੰਜਾਬ ਦੇ ਗੈਂਗਸਟਰ ਲੈ ਚੁੱਕੇ ਹਨ ਪਨਾਹ

ਜਾਸ, ਕਾਸ਼ੀਪੁਰ : ਪੰਜਾਬ ਦੇ ਗੈਂਗਸਟਰਾਂ ਨੂੰ ਕਾਸ਼ੀਪੁਰ ਤੇ ਖਾਸ ਕਰਕੇ ਕੁੰਡੇਸ਼ਵਰੀ 'ਚ ਪਨਾਹ ਮਿਲਦੀ ਰਹੀ ਹੈ। ਇੱਥੇ ਕਈ ਅਜਿਹੇ ਵੱਡੇ ਫਾਰਮ ਹਾਊਸ ਹਨ, ਜਿੱਥੇ ਅਪਰਾਧੀਆਂ ਦੇ ਮਹੀਨਿਆਂ ਤਕ ਰਹਿਣ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਫਾਰਮ ਹਾਊਸਾਂ ਦੇ ਮਾਲਕ ਐਨਆਰਆਈ ਹਨ ਤੇ ਕੈਨੇਡਾ ਵਿੱਚ ਰਹਿੰਦੇ ਹਨ। ਅਜਿਹੇ 'ਚ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਖੁਫੀਆ ਏਜੰਸੀਆਂ ਦੇ ਨਾਲ-ਨਾਲ ਪੁਲਿਸ-ਪ੍ਰਸ਼ਾਸਨ ਵੀ ਇਸ ਖੇਤਰ 'ਚ ਅਲਰਟ ਮੋਡ 'ਚ ਹੈ।
ਗੈਂਗਸਟਰਾਂ ਨਾਲ ਹੋਇਆ ਸੀ ਮੁਕਾਬਲਾ
2021 'ਚ ਕੁਮਾਊਂ ਐਸਟੀਐਫ ਤੇ ਪੰਜਾਬ ਪੁਲਿਸ ਦਾ ਕਾਸ਼ੀਪੁਰ ਦੇ ਪਿੰਡ ਗੁਲਜ਼ਾਰਪੁਰ 'ਚ ਗੈਂਗਸਟਰਾਂ ਨਾਲ ਮੁਕਾਬਲਾ ਹੋਇਆ ਸੀ, ਜਿਸ ਵਿਚ ਤਿੰਨ ਗੈਂਗਸਟਰਾਂ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
2022 'ਚ ਮਹਿਲ ਸਿੰਘ ਕਤਲ ਕਾਂਡ ਦੇ ਮੁੱਖ ਮੁਲਜ਼ਮ ਕੈਨੇਡਾ ਵਾਸੀ ਹਰਜੀਤ ਸਿੰਘ ਕਾਲਾ ਦੇ ਘਰ ਪੰਜਾਬ ਦੇ ਦੋ ਅਪਰਾਧੀਆਂ ਨੂੰ ਪਨਾਹ ਦਿੱਤੀ ਗਈ ਸੀ।
2022 'ਚ ਹੀ ਪੰਜਾਬ ਦੇ ਤਰਨ ਦੇ ਦੋ ਅਪਰਾਧੀ ਪੀਐਨਬੀ ਬੈਂਕ ਡਕੈਤੀ 'ਚ ਕੁੰਡੇਸ਼ਵਰੀ ਵਿੱਚ ਪਨਾਹ ਲੈ ਰਹੇ ਸਨ।
ਯਾਨੀ ਪਿਛਲੇ ਕੁਝ ਸਾਲਾਂ 'ਚ ਇਸ ਖੇਤਰ ਵਿਚ ਹੋਈ ਹਰ ਵੱਡੀ ਵਾਰਦਾਤ 'ਚ ਪੰਜਾਬ ਦਾ ਸਬੰਧ ਰਿਹਾ ਹੈ।
ਅਜਿਹੇ 'ਚ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਵੀ ਇੱਥੇ ਪਨਾਹ ਲੈ ਸਕਦਾ ਹੈ।
ਖਿੱਤੇ 'ਚ ਖਾਲਿਸਤਾਨ ਦੇ ਸਮਰਥਨ ਵਿੱਚ ਪੋਸਟਾਂ ਸਾਂਝੀਆਂ ਕਰਨ ਵਾਲੇ ਦਰਜਨਾਂ ਨੌਜਵਾਨ ਵੀ ਰਡਾਰ 'ਤੇ ਹਨ।
ਕੁੰਡੇਸ਼ਵਰੀ ਅਪਰਾਧੀਆਂ ਲਈ ਕਿਵੇਂ ਬਣਿਆ ਫਾਇਦੇਮੰਦ
ਕੁੰਡੇਸ਼ਵਰੀ ਖੇਤਰ ਮਾਈਨਿੰਗ ਲਈ ਵੀ ਮਸ਼ਹੂਰ ਹੈ। ਬਾਜਪੁਰ ਤੇ ਰਾਮਨਗਰ ਇਲਾਕੇ ਤੋਂ ਇੱਥੇ ਪਹੁੰਚਣ ਲਈ ਕਈ ਰਸਤੇ ਹਨ। ਮਾਈਨਿੰਗ ਵਾਲਾ ਇਲਾਕਾ ਹੋਣ ਕਾਰਨ ਇਸ ਖੇਤਰ ਵਿੱਚ ਪੁਲਿਸ ਦੀ ਦਖ਼ਲਅੰਦਾਜ਼ੀ ਵੀ ਨਾਂਹ ਦੇ ਬਰਾਬਰ ਹੈ। ਇਸ ਇਲਾਕੇ ਦੇ ਕਈ ਪਿੰਡਾਂ ਵਿਚ ਉਨ੍ਹਾਂ ਤਕ ਪਹੁੰਚਣ ਲਈ ਸੜਕ ਤਕ ਨਹੀਂ ਹੈ।
2021 ਵਿੱਚ ਫੜੇ ਗਏ ਗੈਂਗਸਟਰ ਸੰਦੀਪ ਸਿੰਘ ਉਰਫ਼ ਭਲਾ ਸ਼ੇਖੂ, ਫਤਿਹ ਸਿੰਘ ਉਰਫ਼ ਯੁਵਰਾਜ, ਅਮਨਦੀਪ ਸਿੰਘ ਅਤੇ ਜਗਵੰਤ ਸਿੰਘ ਨੇ ਦੱਸਿਆ ਸੀ ਕਿ ਉਹ ਇੰਟਰਨੈੱਟ ਕਾਲਾਂ ਰਾਹੀਂ ਆਪਣੇ ਚਹੇਤਿਆਂ ਨਾਲ ਸੰਪਰਕ ਕਰਦੇ ਸਨ।
ਏਐਸਪੀ ਅਭੈ ਪ੍ਰਤਾਪ ਸਿੰਘ ਨੇ ਕਿਹਾ ਕਿ ਸਾਡਾ ਜ਼ਿਲ੍ਹਾ ਸੰਵੇਦਨਸ਼ੀਲ ਹੈ, ਇਸ ਲਈ ਸਾਰੇ ਖੇਤਰਾਂ ਵਿੱਚ ਅਲਰਟ ਹੈ। ਇਸ ਵਿੱਚ, ਅਸੀਂ ਕਿਸੇ ਇੱਕ ਵਿਸ਼ੇਸ਼ ਖੇਤਰ 'ਤੇ ਧਿਆਨ ਕੇਂਦਰਿਤ ਕਰਨ ਦੀ ਗੱਲ ਨਹੀਂ ਕਰ ਸਕਦੇ।