ਅਮਰੀਕੀ ਸੈਨਾ ਚ ਸ਼ਾਮਲ ਭਾਰਤੀ ਮੂਲ ਦੀ ਪਹਿਲੀ ਮੁਸਲਿਮ ਬੀਬੀ ਚੈਪਲਿਨ ਕਾਲਜ ਤੋਂ ਹੋਈ ਗ੍ਰੈਜ਼ੂਏਟ

ਅਮਰੀਕੀ ਸੈਨਾ ਚ ਸ਼ਾਮਲ ਭਾਰਤੀ ਮੂਲ ਦੀ ਪਹਿਲੀ ਮੁਸਲਿਮ ਬੀਬੀ ਚੈਪਲਿਨ ਕਾਲਜ ਤੋਂ ਹੋਈ ਗ੍ਰੈਜ਼ੂਏਟ

ਵਾਸ਼ਿੰਗਟਨ : ਅਮਰੀਕੀ ਸੈਨਾ ਵਿਚ ਸ਼ਾਮਲ ਪਹਿਲੀ ਭਾਰਤੀ-ਮੁਸਲਿਮ 'ਚੈਪਲਿਨ' ਸਲੇਹਾ ਜਬੀਨ ਨੇ ਇਕ ਰੂਹਾਨੀ ਸਲਾਹਕਾਰ ਦੇ ਤੌਰ 'ਤੇ ਆਪਣੇ ਫਰਜ਼ ਨੂੰ ਬਹੁਤ ਗੰਭੀਰਤਾ ਨਾਲ ਨਿਭਾਉਣ ਦਾ ਫ਼ੈਸਲਾ ਲਿਆ ਹੈ। ਇੱਥੇ ਦੱਸ ਦਈਏ ਕਿ 'ਚੈਪਲਿਨ' ਧਾਰਮਿਕ ਮਾਮਲਿਆਂ ਵਿਚ ਸਲਾਹ ਦੇਣ ਵਾਲਾ ਪੇਸ਼ੇਵਰ ਹੁੰਦਾ ਹੈ। ਬੁੱਧਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ ਮੁਤਾਬਕ, 5 ਫਰਵਰੀ ਨੂੰ ਇਤਿਹਾਸਿਕ ਗ੍ਰੈਜ਼ੂਏਸ਼ਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ। 
ਭਾਰਤ ਵਿਚ ਪੈਦਾ ਹੋਈ ਜਬੀਨ ਨੇ ਕਿਹਾ ਕਿ ਉਹ ਇਹ ਮੌਕਾ ਪਾਉਣ ਲਈ ਬਹੁਤ ਧੰਨਵਾਦੀ ਹੈ ਅਤੇ ਇਸ ਜ਼ਿੰਮੇਵਾਰੀ ਤੋਂ ਵੀ ਪੂਰੀ ਤਰ੍ਹਾਂ ਜਾਣੂ ਹੈ ਕਿ ਉਹਨਾਂ ਨੂੰ ਇਕ ਉਦਾਹਰਨ ਪੇਸ਼ ਕਰਨੀ ਹੋਵੇਗੀ ਅਤੇ ਦਿਖਾਉਣਾ ਹੋਵੇਗਾ ਕਿ ਜਿਹੜਾ ਵੀ ਸੇਵਾ ਕਰਨਾ ਚਾਹੁੰਦਾ ਹੈ ਉਸ ਲਈ ਸੈਨਾ ਵਿਚ ਇਕ ਜਗ੍ਹਾ ਹੈ।
ਉਹਨਾਂ ਨੇ ਕਿਹਾ,''ਮੈਨੂੰ ਆਪਣੇ ਕਿਸੇ ਧਾਰਮਿਕ ਵਿਸ਼ਵਾਸ ਜਾਂ ਵਚਨਬੱਧਤਾ ਦੇ ਨਾਲ ਸਮਝੌਤਾ ਨਹੀਂ ਕਰਨਾ ਪਿਆ। ਮੇਰੇ ਆਲੇ-ਦੁਆਲੇ ਅਜਿਹੇ ਲੋਕ ਹਨ, ਜੋ ਮੇਰਾ ਸਨਮਾਨ ਕਰਦੇ ਹਨ ਅਤੇ ਇਕ ਬੀਬੀ, ਇਕ ਰੂਹਾਨੀ ਆਗੂ ਅਤੇ ਇਕ ਪ੍ਰਵਾਸੀ ਦੇ ਤੌਰ 'ਤੇ ਮੇਰੇ ਨਾਲ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹਨ।'' 
ਜਬੀਨ ਨੇ ਕਿਹਾ,''ਮੈਨੂੰ ਹੁਨਰ ਹਾਸਲ ਕਰਨ ਲਈ ਕਈ ਮੌਕੇ ਪ੍ਰਦਾਨ ਕੀਤੇ ਗਏ ਜੋ ਇਕ ਸਫਲ ਅਧਿਕਾਰੀ ਅਤੇ ਬਹੁਪੱਖੀ ਵਾਤਾਵਰਣ ਵਿਚ 'ਚੈਪਲਿਨ' ਬਣਨ ਵਿਚ ਮਦਦ ਕਰਨਗੇ।'' ਜਬੀਨ ਨੂੰ ਪਿਛਲੇ ਸਾਲ ਦਸੰਬਰ ਵਿਚ ਸ਼ਿਕਾਗੋ ਵਿਚ 'ਕੈਥੋਲਿਕ ਥਿਓਲੌਜੀਕਲ ਯੂਨੀਅਨ' ਵਿਚ ਬਤੌਰ 'ਸੈਕੇਂਡ ਲੈਫਟੀਨੈਂਟ' ਨਿਯੁਕਤ ਕੀਤਾ ਗਿਆ ਸੀ। ਉਹ ਰੱਖਿਆ ਵਿਭਾਗ ਵਿਚ ਨਿਯੁਕਤ ਕੀਤੀ ਗਈ ਪਹਿਲੀ ਮੁਸਲਿਮ ਬੀਬੀ 'ਚੈਪਲਿਨ' ਹੈ। ਉਹ ਇਕ ਵਿਦਿਆਰਥੀ ਦੇ ਤੌਰ 'ਤੇ 14 ਸਾਲ ਪਹਿਲਾਂ ਅਮਰੀਕਾ ਗਈ ਸੀ।

sant sagar