ਅਮਰੀਕਾ ’ਚ ਪੱਖਪਾਤ ਦੇ ਸ਼ਿਕਾਰ ਸਿੱਖ ਬੱਚੇ ਨੇ ਸਕੂਲ ਛੱਡਿਆ, ਮੁਕੱਦਮਾ ਠੋਕਿਆ

ਅਮਰੀਕਾ ਦੇ ਨਿਊ ਜਰਸੀ ਸੂਬੇ ਵਿਚ ਸਕੂਲ ਦੇ ਸਿੱਖ ਵਿਦਿਆਰਥੀ ਨੇ ਸਿੱਖਿਆ ਬੋਰਡ ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਹੈ ਕਿ ਉਸ ਨੂੰ ਉਸ ਦੇ ਧਰਮ ਕਾਰਨ ਪੱਖਪਾਤ ਦਾ ਸ਼ਿਕਾਰ ਹੋਣਾ ਪਿਆ ਤੇ ਪ੍ਰੇਸ਼ਾਨ ਕਰਨ ਤੋਂ ਇਲਾਵਾ ਧਮਕਾਇਆ ਗਿਆ ਸੀ। ਇਸ ਕਾਰਨ ਉਸ ਨੂੰ ਸਕੂਲ ਛੱਡਣਾ ਪਿਆ। ਨਾਬਾਲਗ ਹੋਣ ਕਾਰਨ ਉਸ ਦਾ ਨਾਮ ਸਾਹਮਣੇ ਨਹੀਂ ਆਇਆ ਹੈ। ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਹੈ ਕਿ ਵਿਦਿਆਰਥੀ 2018 ਤੋਂ ਪੱਖਪਾਤ ਤੇ ਧੱਕੇਸ਼ਾਹੀ ਦਾ ਸ਼ਿਕਾਰ ਹੋ ਰਿਹਾ ਸੀ। ਬੱਚੇ ਦੀ ਮਾਂ ਨੇ ਕਿਹਾ, ‘ਮੇਰੇ ਬੇਟੇ ਨੇ ਜੋ ਦੁੱਖ ਝੱਲਿਆ ਹੈ ਉਹ ਹੋਰ ਕਿਸੇ ਦਾ ਪੁੱਤਾ ਨਾ ਝੱਲੇ। ਨਾ ਤਾਂ ਸਾਥੀ ਵਿਦਿਆਰਥੀ ਕਿਸੇ ਦੇ ਬੱਚੇ ਨੂੰ ਧਮਕਾਉਣ ਅਤੇ ਨਾ ਤੰਗ-ਪ੍ਰੇਸ਼ਾਨ ਕਰਨ। ਵੱਡਿਆਂ ਨੂੰ ਵੀ ਕਿਸੇ ਨਾਲ ਵੀ ਪੱਖਪਾਤ ਨਹੀਂ ਕਰਨਾ ਚਾਹੀਦਾ। ਉਨ੍ਹਾਂ ਤੋਂ ਤਾਂ ਸਗੋਂ ਬੱਚੇ ਸੁਰੱਖਿਆ ਦੀ ਆਸ ਰੱਖਦੇ ਹਨ।’