ਲੋਕ ਸਭਾ ਚੋਣਾਂ: ਮੁੱਖ ਮੰਤਰੀ ਵੱਲੋਂ ਪੁਲੀਸ ਅਫ਼ਸਰਾਂ ਨਾਲ ਮੀਟਿੰਗ

ਲੋਕ ਸਭਾ ਚੋਣਾਂ: ਮੁੱਖ ਮੰਤਰੀ ਵੱਲੋਂ ਪੁਲੀਸ ਅਫ਼ਸਰਾਂ ਨਾਲ ਮੀਟਿੰਗ

ਲੋਕ ਸਭਾ ਚੋਣਾਂ: ਮੁੱਖ ਮੰਤਰੀ ਵੱਲੋਂ ਪੁਲੀਸ ਅਫ਼ਸਰਾਂ ਨਾਲ ਮੀਟਿੰਗ
ਲੁਧਿਆਣਾ-ਅਗਾਮੀ ਲੋਕ ਸਭਾ ਚੋਣਾਂ ਦੌਰਾਨ ਸੂਬੇ ਵਿੱਚ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਪੁਲੀਸ ਲਾਈਨ ਵਿੱਚ ਸਾਰੇ ਜ਼ਿਲ੍ਹਾ ਪੁਲੀਸ ਮੁਖੀਆਂ, ਉੱਚ ਅਧਿਕਾਰੀਆਂ ਅਤੇ ਡੀਜੀਪੀ ਗੌਰਵ ਯਾਦਵ ਨਾਲ ਉੱਚ ਪੱਧਰੀ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਹੋਣੀ ਚਾਹੀਦੀ ਹੈ ਤਾਂ ਜੋ ਸਾਰੀਆਂ ਪਾਰਟੀਆਂ ਵਧ-ਚੜ੍ਹ ਕੇ ਚੋਣਾਂ ਵਿੱਚ ਹਿੱਸਾ ਲੈ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲੀਸ ਦੀ ਸਹਾਇਤਾ ਲਈ ਅਰਧ-ਸੈਨਿਕ ਬਲਾਂ ਦੀਆਂ ਕਈ ਕੰਪਨੀਆਂ ਸੂਬੇ ਵਿੱਚ ਛੇਤੀ ਹੀ ਪਹੁੰਚ ਜਾਣਗੀਆਂ। ਅਰਧ-ਸੈਨਿਕ ਬਲਾਂ ਦੀਆਂ ਇਹ ਕੰਪਨੀਆਂ ਸੂਬੇ ਦੀਆਂ ਰਵਾਇਤਾਂ, ਧਰਮ ਅਤੇ ਰੀਤੀ-ਰਿਵਾਜ਼ਾਂ ਤੋਂ ਅਣਜਾਣ ਹੁੰਦੀਆਂ ਹਨ ਜਿਸ ਕਰ ਕੇ ਪੰਜਾਬ ਪੁਲੀਸ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਕਿਸੇ ਤਰ੍ਹਾਂ ਵੀ ਠੇਸ ਨਾ ਪਹੁੰਚੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਚੋਣਾਂ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਹੋਣੀਆਂ ਲਾਜ਼ਮੀ ਹਨ ਤਾਂ ਜੋ ਲੋਕ ਆਜ਼ਾਦੀ ਨਾਲ ਵੋਟ ਪਾ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਪੁਲੀਸ ਅਧਿਕਾਰੀਆਂ ਨੂੰ ਇਸ ਮੰਤਵ ਲਈ ਢੁਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਭਰ ਵਿੱਚ ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾਉਣ ਦਾ ਅਮਲ ਚੋਣਾਂ ਤੋਂ ਪਹਿਲਾਂ ਮੁਕੰਮਲ ਕੀਤਾ ਜਾਵੇ।
ਇਸ ਦੌਰਾਨ ਪੰਜਾਬ ਸਰਕਾਰ ਨਸ਼ਿਆਂ ਦੇ ਮੁੱਦੇ ’ਤੇ ਸਖਤ ਦਿਖਾਈ ਦਿੱਤੀ। ਮੁੱਖ ਮੰਤਰੀ ਨੇ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਸਾਫ਼ ਤੌਰ ’ਤੇ ਆਖਿਆ ਕਿ ਨਸ਼ਿਆਂ ਖ਼ਿਲਾਫ਼ ਸਖ਼ਤੀ ਵਰਤੀ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ ਦੌਰਾਨ ਜੋ ਵੀ ਨਸ਼ਾ ਤਸਕਰ ਕਾਬੂ ਕੀਤਾ ਜਾਵੇ ਉਸ ਦੇ ਪਿਛਲੇ ਰਿਕਾਰਡ ਤੇ ਲਿੰਕ ਖੰਗਾਲੇ ਜਾਣ ਅਤੇ ਜੋ ਵੀ ਰਿਕਵਰੀ ਹੁੰਦੀ ਹੈ ਉਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ। ਫੜੇ ਜਾਣ ਵਾਲੇ ਡਰੱਗ ਤਸਕਰ ਬਾਰੇ ਪੂਰੀ ਜਾਣਕਾਰੀ ਇਕੱਠੀ ਕੀਤੀ ਜਾਵੇ ਤਾਂ ਜੋ ਇਨ੍ਹਾਂ ਲੋਕਾਂ ਦੀ ਚੇਨ ਨੂੰ ਆਸਾਨੀ ਨਾਲ ਤੋੜਿਆ ਜਾ ਸਕੇ। ਮੁੱਖ ਮੰਤਰੀ ਨੇ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਤਿੰਨ ਮੁੱਖ ਬਿੰਦੂਆਂ ’ਤੇ ਕੰਮ ਕਰਨ ਲਈ ਆਖਿਆ ਅਤੇ ਕਿਹਾ ਕਿ ਕੇਂਦਰੀ ਚੋਣ ਕਮਿਸ਼ਨ ਵੱਲੋਂ ਜੋ ਵੀ ਹੁਕਮ ਮਿਲਦੇ ਹਨ ਉਸ ਤਹਿਤ ਪੰਜਾਬ ਵਿੱਚ ਨਿਰਪੱਖ ਚੋਣਾਂ ਕਰਵਾਈਆਂ ਜਾਣ।
ਇਸ ਦੌਰਾਨ ਆਈਜੀ (ਹੈੱਡਕੁਆਰਟਰ) ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਚੋਣਾਂ ਦੌਰਾਨ ਜਿਹੜਾ ਵੀ ਨਸ਼ਾ ਤਸਕਰ ਕਾਬੂ ਕੀਤਾ ਜਾਵੇਗਾ, ਉਸ ਦੇ ਪਿਛੋਕੜ ਨੂੰ ਖੰਗਾਲਿਆ ਜਾਵੇਗਾ ਤਾਂ ਜੋ ਵੱਡੀਆਂ ਮੱਛੀਆਂ ਤੱਕ ਪੁੱਜਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਹੁਕਮ ਜਾਰੀ ਕੀਤੇ ਕਿ ਕਿਸੇ ਵੀ ਤਰ੍ਹਾਂ ਨਾਲ ਪੰਜਾਬ ਦਾ ਮਾਹੌਲ ਖਰਾਬ ਨਾ ਹੋਣ ਦਿੱਤਾ ਜਾਵੇ।

ad