ਆਈ. ਐੱਸ. ਲਈ ਕੰਮ ਕਰਨ ਵਾਲੀ ਅਮਰੀਕੀ ਔਰਤ ਨੂੰ ਅਦਾਲਤ ਨੇ ਸੁਣਾਈ 20 ਸਾਲ ਦੀ ਸਜ਼ਾ

ਆਈ. ਐੱਸ. ਲਈ ਕੰਮ ਕਰਨ ਵਾਲੀ ਅਮਰੀਕੀ ਔਰਤ ਨੂੰ ਅਦਾਲਤ ਨੇ ਸੁਣਾਈ 20 ਸਾਲ ਦੀ ਸਜ਼ਾ

ਇੰਟਰਨੈਸ਼ਨਲ ਡੈਸਕ- ਇਸਲਾਮਿਕ ਸਟੇਟ (ਆਈ. ਐੱਸ) ਦੀ ਮਹਿਲਾ ਬਟਾਲੀਅਨ ਦੀ ਅਗਵਾਈ ਕਰਨ ਵਾਲੀ ਅਮਰੀਕੀ ਔਰਤ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਣਕਾਰੀ ਬੀ. ਬੀ. ਸੀ. ਨੇ ਬੁੱਧਵਾਰ ਨੂੰ ਦਿੱਤੀ। ਬੀ. ਬੀ. ਸੀ. ਦੀ ਰਿਪੋਰਟ ਮੁਤਾਬਕ ਕੰਸਾਸ ਵਾਸੀ (42) ਐਲੀਸਨ ਫਲੁਕ-ਅਕਰੇਨ ਨੇ ਮੰਨਿਆ ਹੈ ਕਿ ਉਸ ਨੇ ਅੱਠ ਸਾਲ ਤੱਕ ਇਰਾਕ, ਸੀਰੀਆ ਅਤੇ ਲੀਬੀਆ 'ਚ ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦਿੱਤਾ। ਉਸ ਨੇ ਇਹ ਵੀ ਮੰਨਿਆ ਕਿ ਉਸ ਨੇ 100 ਤੋਂ ਵੱਧ ਔਰਤਾਂ ਅਤੇ ਕੁੜੀਆਂ ਨੂੰ ਅੱਤਵਾਦੀ ਸਿਖਲਾਈ ਦਿੱਤੀ ਹੈ, ਜਿਨ੍ਹਾਂ ਵਿੱਚ ਕੁਝ 10 ਸਾਲ ਦੀਆਂ ਵੀ ਸਨ। ਉਹ ਜੂਨ 'ਚ ਆਪਣੇ ਅੱਤਵਾਦੀ ਕਾਰਵਾਈਆਂ ਕਾਰਨ ਦੋਸ਼ੀ ਸਾਬਤ ਹੋਈ ਸੀ। 
ਸਜ਼ਾ ਸੁਣਾਉਣ ਤੋਂ ਪਹਿਲਾਂ ਇਸਤਗਾਸਾ ਪੱਖ ਨੇ ਕਿਹਾ ਸੀ ਕਿ ਕਾਨੂੰਨ ਵੱਲੋਂ ਵੱਧ ਤੋਂ ਵੱਧ ਸਜ਼ਾ ਦੇਣ ਵਾਲੀ ਸਜ਼ਾ ਵੀ ਉਸ ਲਈ ਕਾਫ਼ੀ ਨਹੀਂ ਹੋਵੇਗੀ। ਇਸ ਤੋਂ ਇਲਾਵਾ ਦੋਸ਼ੀ ਔਰਤ ਦੀ ਬਚਾਅ ਟੀਮ ਨੇ ਉਸ ਨੂੰ ਘੱਟ ਸਜ਼ਾ ਦੇਣ ਦੀ ਮੰਗ ਕਰਕਿਆਂ ਦਲੀਲ ਦਿੱਤੀ ਕਿ ਉਹ ਯੁੱਧ ਪ੍ਰਭਾਵਿਤ ਸੀਰੀਆ ਵਿੱਚ ਪ੍ਰਾਪਤ ਕੀਤੇ ਤਜ਼ਰਬਿਆਂ ਤੋਂ ਸਦਮੇ ਵਿੱਚ ਸੀ। ਬੀ. ਬੀ. ਸੀ. ਨੇ ਅਦਾਲਤੀ ਦਸਤਾਵੇਜ਼ਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਾਬਕਾ ਅਧਿਆਪਕ ਓਵਰਬਰੁੱਕ, ਕੰਸਾਸ ਦੇ ਛੋਟੇ ਭਾਈਚਾਰੇ ਨਾਲ ਸਬੰਧਤ ਸੀ, ਜੋ ਬਾਅਦ ਵਿੱਚ ਇੱਕ ਕੱਟੜਪੰਥੀ ਅੱਤਵਾਦੀ ਬਣ ਗਿਆ ਅਤੇ ਆਈਐਸ ਦੀ ਸ਼੍ਰੇਣੀ ਵਿੱਚ ਆ ਗਿਆ।
ਹਾਲਾਂਕਿ ਬਹੁਤ ਸਾਰੀਆਂ ਔਰਤਾਂ ਆਈ. ਐੱਸ. ਨਾਲ ਜੁੜੀਆਂ ਹੋਈਆਂ ਸਨ ਅਤੇ ਸਮੂਹ ਦੇ ਲਈ ਲੜਾਈ ਤੇ ਕਈ ਕੰਮ ਵੀ ਕੀਤੇ ਹਨ ਪਰ ਫਲੂਕ-ਅਕ੍ਰੇਨ ਇੱਕ ਅਪਵਾਦ ਹੈ , ਜੋ ਪੁਰਸ਼-ਪ੍ਰਧਾਨ ਸਮੂਹ 'ਚ ਲੀਡਰਸ਼ਿਪ ਪੱਧਰ ਤੱਕ ਪਹੁੰਚੀ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਉਸ ਦਾ ਮੁੱਢਲਾ ਕੰਮ ਔਰਤਾਂ ਨੂੰ ਅੱਤਵਾਦੀ ਸਿਖਲਾਈ ਦੇਣਾ ਸੀ, ਜਿਸ ਵਿੱਚ ਏ.ਕੇ.-47, ਗ੍ਰੇਨੇਡ ਅਤੇ ਆਤਮਘਾਤੀ ਬੈਲਟ ਦੀ ਵਰਤੋਂ ਵੀ ਸ਼ਾਮਲ ਸੀ। ਉਸ 'ਤੇ ਅਮਰੀਕਾ ਵਿਚ ਸੰਭਾਵਿਤ ਅੱਤਵਾਦੀ ਹਮਲੇ ਲਈ ਲੋਕਾਂ ਦੀ ਭਰਤੀ ਕਰਨ ਦਾ ਵੀ ਦੋਸ਼ ਹੈ।

ad