ਅਮਰੀਕਾ ਚ ਪ੍ਰਚੂਨ ਵਿਕਰੀ ਅਪ੍ਰੈਲ ਚ ਰਿਕਾਰਡ 16 ਫੀਸਦੀ ਡਿੱਗੀ

ਬਾਲਟੀਮੋਰ -ਅਮਰੀਕਾ 'ਚ ਅਪ੍ਰੈਲ 'ਚ ਪ੍ਰਚੂਨ ਵਿਕ੍ਰੇਤਾਵਾਂ ਦੇ ਕਾਰੋਬਾਰ 'ਚ ਮਾਰਚ ਦੀ ਤੁਲਣਾ 'ਚ 16.4 ਫੀਸਦੀ ਦੀ ਗਿਰਾਵਟ ਆਈ। ਕੋਰੋਨਾ ਵਾਇਰਸ ਮਹਾਮਾਰੀ ਨਾਲ ਖਰੀਦਦਾਰ ਬਾਜ਼ਾਰ ਤੋਂ ਦੂਰੀ ਬਣਾਏ ਹੋਏ ਹਨ ਅਤੇ ਪ੍ਰਚੂਨ ਸਟੋਰ ਚਲਾਉਣ ਵਾਲੀਆਂ ਕੰਪਨੀਆਂ ਲਈ ਕਾਰੋਬਾਰ ਸੰਭਾਲਣਾ ਮੁਸ਼ਕਲ ਹੋ ਰਿਹਾ ਹੈ। ਅਮਰੀਕੀ ਵਣਜ ਵਿਭਾਗ ਨੇ ਪ੍ਰਚੂਨ ਖਰੀਦ ਦੇ ਬਾਰੇ ਸ਼ੁੱਕਰਵਾਰ ਨੂੰ ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ।
ਇਸ 'ਚ ਕਿਹਾ ਗਿਆ ਹੈ ਕਿ ਪਿਛਲੇ 12 ਮਹੀਨਿਆਂ 'ਚ ਵਿਕਰੀ 21.6 ਫੀਸਦੀ ਡਿੱਗ ਚੁੱਕੀ ਹੈ। ਇਸ ਪੱਧਰ ਦੀ ਗਿਰਾਵਟ ਕਾਰੋਬਾਰ ਦਾ ਲੱਕ ਤੋੜ ਸਕਦੀ ਹੈ। ਇਸ ਸਮੇਂ ਪ੍ਰਚੂਨ ਕਾਰੋਬਾਰ ਦੀ ਹਾਲਤ 1992 ਤੋਂ ਵੀ ਜ਼ਿਆਦਾ ਖਰਾਬ ਦੱਸੀ ਜਾ ਰਹੀ ਹੈ। ਇਸ ਮਾਰਚ 'ਚ ਗਿਰਾਵਟ 8.3 ਫੀਸਦੀ ਸੀ, ਜੋ ਇਕ ਨਵਾਂ ਰਿਕਾਰਡ ਸੀ। ਅਪ੍ਰੈਲ 'ਚ ਗਿਰਾਵਟ ਦੁੱਗਣੀ ਹੋ ਗਈ।
ਮਹਾਮਾਰੀ ਸਮੁੰਦਰੀ ਚੱਕਰਵਾਤ ਵਰਗੀ
ਕੰਸਲਟੈਂਸੀ ਕੰਪਨੀ ਮਾਰੀਆ ਫਿਓਰਿਨੀ ਰੈਮਿਰੇਜ ਦੇ ਮੁੱਖ ਅਰਥਸ਼ਾਸਤਰੀ ਜੋਸ਼ੁਆ ਸ਼ਾਪੀਰੋ ਨੇ ਕਿਹਾ ਕਿ ਇਹ ਸਮੁੰਦਰੀ ਚੱਕਰਵਾਤ ਵਰਗਾ ਹੈ ਜੋ ਪੂਰੀ ਅਰਥਵਿਵਸਥਾ ਨੂੰ ਢਹਿ -ਢੇਰੀ ਕਰ ਕੇ ਸਭ ਕੁਝ ਆਪਣੇ ਨਾਲ ਉੱਡਾ ਲੈ ਜਾਣਾ ਚਾਹੁੰਦਾ ਹੈ। ਸ਼ਾਪੀਰੋ ਦਾ ਉਦਾਹਰਣ ਹੈ ਕਿ ਸੂਬਿਆਂ ਅਤੇ ਸਥਾਨਕ ਬਾਡੀਜ਼ ਵੱਲੋਂ ਬਾਜ਼ਾਰ ਖੋਲ੍ਹਣ ਦੀ ਛੋਟ ਦੇਣ ਤੋਂ ਬਾਅਦ ਵਿਕਰੀ ਕੁੱਝ ਸੁਧਰ ਸਕਦੀ ਹੈ। ਕੱਪੜੇ, ਇਲੈਕਟ੍ਰਾਨਿਕ ਸਾਮਾਨ ਅਤੇ ਫਰਨੀਚਰ ਦੀ ਵਿਕਰੀ ਅਪ੍ਰੈਲ 'ਚ ਮਾਰਚ ਤੋਂ ਜ਼ਿਆਦਾ ਤੇਜ਼ੀ ਨਾਲ ਡਿੱਗੀ ਹੈ। ਆਨਲਾਈਨ ਖਰੀਦ ਵੱਧ ਰਹੀ ਹੈ। ਅਪ੍ਰੈਲ 'ਚ ਆਨਲਾਈਨ ਖਰੀਦ ਕਾਰੋਬਾਰ ਪਿਛਲੇ ਮਹੀਨੇ ਤੋਂ 84 ਫੀਸਦੀ ਜ਼ਿਆਦਾ ਰਿਹਾ। ਸਾਲਾਨਾ ਆਧਾਰ 'ਤੇ ਆਨਲਾਈਨ ਖਰੀਦ 21.6 ਫੀਸਦੀ ਵਧੀ ਹੈ । ਆਨਲਾਈਨ ਨੂੰ ਛੱਡ ਕੇ ਅਪ੍ਰੈਲ 'ਚ ਪ੍ਰਚੂਨ ਕਾਰੋਬਾਰ ਦੇ ਇਕ ਵੀ ਸੈਕਟਰ 'ਚ ਸੁਧਾਰ ਨਹੀਂ ਦਿਸਿਆ।