ਨੇਪਾਲ ਦੇ ਪ੍ਰਧਾਨ ਮੰਤਰੀ ਪ੍ਰਚੰਡ ਨੇ ਭਰੋਸੇ ਦੀ ਵੋਟ ਹਾਸਲ ਕੀਤੀ

ਨੇਪਾਲ ਦੇ ਪ੍ਰਧਾਨ ਮੰਤਰੀ ਪ੍ਰਚੰਡ ਨੇ ਭਰੋਸੇ ਦੀ ਵੋਟ ਹਾਸਲ ਕੀਤੀ

 ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਨੇ ਅੱਜ ਸੰਸਦ ’ਚ ਭਰੋਸੇ ਦੀ ਵੋਟ ਹਾਸਲ ਕਰ ਲਈ ਹੈ ਜੋ ਉਨ੍ਹਾਂ ਦਾ ਅਹੁਦਾ ਸੰਭਾਲਣ ਦੇ 18 ਮਹੀਨੇ ਅੰਦਰ ਚੌਥਾ ਸ਼ਕਤੀ ਪ੍ਰਦਰਸ਼ਨ ਸੀ। ਇਸ ਨਾਲ ਉਨ੍ਹਾਂ ਨੂੰ ਲਗਾਤਾਰ ਸੱਤਾ ਸੰਘਰਸ਼ ਵਿਚਾਲੇ ਸਿਆਸੀ ਸਥਿਰਤਾ ਬਣਾਏ ਰੱਖਣ ਦੀ ਕੋਸ਼ਿਸ਼ ਕਰਦਿਆਂ ਨੇਪਾਲ ’ਚ ਗੱਠਜੋੜ ਸਰਕਾਰ ਦੀ ਅਗਵਾਈ ਕਰਨ ਦੀ ਇਜਾਜ਼ਤ ਮਿਲ ਗਈ ਹੈ।
                                                                                                                  ਨੇਪਾਲ ਦੀ ਪ੍ਰਤੀਨਿਧ ਸਭਾ (ਐੱਚਓਆਰ) ’ਚ ਤੀਜੀ ਸਭ ਤੋਂ ਵੱਡੀ ਪਾਰਟੀ ‘ਕਮਿਊਨਿਸਟ ਪਾਰਟੀ ਆਫ ਨੇਪਾਲ (ਮਾਓਵਾਦੀ ਸੈਂਟਰ)’ ਦੇ ਨੇਤਾ ਪ੍ਰਚੰਡ (69) ਨੂੰ 275 ਮੈਂਬਰੀ ਪ੍ਰਤੀਨਿਧ ਸਭਾ ’ਚ 157 ਵੋਟਾਂ ਪਈਆਂ। ਵੋਟਿੰਗ ’ਚ ਕੁੱਲ 158 ਸੰਸਦ ਮੈਂਬਰਾਂ ਨੇ ਹਿੱਸਾ ਲਿਆ। ਸਰਕਾਰ ਨੂੰ ਭਰੋਸੇ ਦੀ ਵੋਟ ਹਾਸਲ ਕਰਨ ਲਈ ਘੱਟੋ-ਘੱਟ 138 ਵੋਟਾਂ ਦੀ ਲੋੜ ਸੀ। ਮੁੱਖ ਵਿਰੋਧੀ ਧਿਰ ਨੇਪਾਲੀ ਕਾਂਗਰਸ ਨੇ ਵੋਟਿੰਗ ਪ੍ਰਕਿਰਿਆ ਦਾ ਬਾਈਕਾਟ ਕੀਤਾ ਅਤੇ ਉਪ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਰਬੀ ਲਾਮੀਛਾਨੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਲਾਛੀਮਾਨੇ ’ਤੇ ਸਹਿਕਾਰੀ ਫੰਡਾਂ ਦੀ ਦੁਰਵਰਤੋਂ ਦਾ ਦੋਸ਼ ਹੈ। ਵਿਰੋਧੀ ਧਿਰ ਦੀ ਇਸ ਨਾਅਰੇਬਾਜ਼ੀ ਕਾਰਨ ਵੋਟਿੰਗ ਪ੍ਰਕਿਰਿਆ ’ਚ ਦੇਰੀ ਹੋਈ। ਸਦਨ ਦੇ ਸਪੀਕਰ ਰਾਜ ਘਿਮੀਰੇ ਨੇ ਐਲਾਨ ਕੀਤਾ ਕਿ ਸੰਸਦ ’ਚ ਬਹੁਮਤ ਮਿਲਣ ਦੇ ਨਾਲ ਹੀ ਪ੍ਰਚੰਡ ਨੇ ਭਰੋਸੇ ਦੀ ਵੋਟ ਹਾਸਲ ਕਰ ਲਈ ਹੈ। ਪ੍ਰਚੰਡ ਦੇ ਦਸੰਬਰ 2022 ’ਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਚੌਥੀ ਵਾਰ ਭਰੋਸੇ ਦੀ ਵੋਟ ਲਈ ਵੋਟਿੰਗ ਹੋਈ ਹੈ। ਇਹ ਪ੍ਰਦਰਸ਼ਨ ਗੱਠਜੋੜ ਸਹਿਯੋਗੀਆਂ ’ਚ ਸ਼ਾਮਲ ‘ਜਨਤਾ ਸਮਾਜਵਾਦੀ ਪਾਰਟੀ’ (ਜੇਐੱਸਪੀ) ਵੱਲੋਂ ਪਿਛਲੇ ਹਫ਼ਤੇ ਗੱਠਜੋੜ ਸਰਕਾਰ ਤੋਂ ਆਪਣੀ ਹਮਾਇਤ ਵਾਪਸ ਲਏ ਜਾਣ ਤੋਂ ਕੁਝ ਦਿਨ ਬਾਅਦ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪ੍ਰਚੰਡ ਨੇ 13 ਮਾਰਚ ਨੂੰ ਲਗਾਤਾਰ ਤੀਜੀ ਵਾਰ ਭਰੋਸੇ ਦੀ ਵੋਟ ਹਾਸਲ ਕੀਤੀ ਸੀ। 

sant sagar